ਮੋਗਾ/ਲੁਧਿਆਣਾ : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਮੋਗਾ ਬਾਈਪਾਸ ਨੇੜੇ ਬੀਤੀ ਰਾਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ‘ਚ ਮਜੀਠੀਆ ਦੇ ਇਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ 4 ਗੰਭੀਰ ਜ਼ਖਮੀਂ ਹੋ ਗਏ। ਜਾਣਕਾਰੀ ਮੁਤਾਬਕ ਮਜੀਠੀਆ ਦੇ ਕਾਫਲੇ ਦੀ ਪਾਇਲਟ ਇਨੋਵਾ ਗੱਡੀ ਇਕ ਟਰੱਕ ਨਾਲ ਟਕਰਾ ਗਈ।
ਇਸ ਗੱਡੀ ‘ਚ ਮਜੀਠੀਆ ਦੇ 5 ਸੁਰੱਖਿਆ ਮੁਲਾਜ਼ਮ ਸਵਾਰ ਸਨ, ਜਿਨ੍ਹਾਂ ‘ਚੋਂ ਗੁੱਡੂ ਕੁਮਾਰ ਨਾਂ ਦੇ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ ਬਾਕੀ 4 ਜਵਾਨ ਗੰਭੀਰ ਰੂਪ ‘ਚ ਜ਼ਖਮੀਂ ਹੋ ਗਏ। ਇਸ ਹਾਦਸੇ ਦੌਰਾਨ ਮਜੀਠੀਆ ਬਾਲ-ਬਾਲ ਬਚ ਗਏ।
ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਤੜਕੇ ਸਵੇਰੇ ਜ਼ਖਮੀਂ ਜਵਾਨਾਂ ਨੂੰ ਲੈ ਕੇ ਡੀ. ਐੱਮ. ਸੀ. ਹਸਪਤਾਲ, ਲੁਧਿਆਣਾ ਪੁੱਜੇ ਸਨ। ਇਹ ਜਵਾਨ ਸੀ. ਆਈ. ਐੱਸ. ਐੱਫ. ਦੇ ਦੱਸੇ ਜਾ ਰਹੇ ਹਨ।
ਫਿਲਹਾਲ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ, ਜਦੋਂ ਕਿ ਹਾਦਸੇ ਵਾਲੀ ਗੱਡੀ ਅਤੇ ਟਰੱਕ ਦੋਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।