ਨਵੀਂ ਦਿੱਲੀ— ਇਸ ਸਾਲ ਮਾਨਸੂਨ ਦੀ ਬਾਰਿਸ਼ ਅਤੇ ਹੜ੍ਹ ਨਾਲ ਜੁੜੀਆਂ ਘਟਨਾਵਾਂ ‘ਚ 2100 ਲੋਕਾਂ ਦੀ ਮੌਤ ਹੋ ਗਈ। ਮਾਨਸੂਨ ਕਾਰਨ ਦੇਸ਼ ‘ਚ ਇਸ ਸਾਲ ਆਮ ਨਾਲੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਮਾਨਸੂਨ ਨੇ ਸਭ ਤੋਂ ਜ਼ਿਆਦਾ ਦੇਰ ਤਕ ਠਹਿਰਣ ਦਾ ਨਵਾਂ ਰਿਕਾਰਡ ਬਣਾਇਆ ਹੈ। ਆਮ ਨਾਲੋਂ ਜ਼ਿਆਦਾ ਬਾਰਿਸ਼ ਦਰਜ ਕਰਾਉਣ ਤੋਂ ਬਾਅਦ ਬੁੱਧਵਾਰ ਨੂੰ ਮਾਨਸੂਨ ਦੀ ਵਿਦਾਈ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਮਾਨਸੂਨ ਦੀ 1961 ਯਾਨੀ ਕਿ 58 ਸਾਲ ਪਹਿਲਾਂ 1 ਅਕਤੂਬਰ ਨੂੰ ਵਿਦਾਈ ਸ਼ੁਰੂ ਹੋਈ ਸੀ।
ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਜਸਥਾਨ, ਪੰਜਾਬ ਅਤੇ ਹਰਿਆਣਾ ‘ਚ ਹਵਾ ਦਾ ਰੁਖ਼ ਬਦਲਿਆ ਹੈ, ਜੋ ਕਿ ਮਾਨਸੂਨ ਦੀ ਵਾਪਸੀ ਦਾ ਸੰਕੇਤ ਦੇ ਰਿਹਾ ਹੈ। ਇਸ ਸਾਲ ਦੇਸ਼ ‘ਚ ਸਤੰਬਰ ਮਹੀਨੇ ਦੌਰਾਨ ਹੋਈ ਬਾਰਸ਼ ਨੇ ਪਿਛਲੇ ਕਰੀਬ 100 ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਜਾਣ ਕਾਰਣ ਇਹ ਮਹੀਨਾ ਸਭ ਤੋਂ ਜ਼ਿਆਦਾ ਨਮੀ ਅਤੇ ਬਾਰਿਸ਼ ਵਾਲਾ ਬਣਿਆ ਰਿਹਾ।
ਇਸ ਸਾਲ ਦੇਸ਼ ‘ਚ 52 ਫੀਸਦੀ ਜ਼ਿਆਦਾ ਹੋਈ ਬਾਰਿਸ਼—
ਇਸ ਸਾਲ ਜੇਕਰ ਸਮੁੱਚੇ ਦੇਸ਼ ਅੰਦਰ ਸਤੰਬਰ ਮਹੀਨੇ ਦੌਰਾਨ ਹੋਈ ਬਾਰਸ਼ ਦਾ ਰਿਕਾਰਡ ਦੇਖਿਆ ਜਾਵੇ ਤਾਂ ਇਸ ਸਾਲ ਦੇਸ਼ ‘ਚ ਸਤੰਬਰ ਮਹੀਨੇ 170. 2 ਐੱਮ. ਐੱਮ. ਬਾਰਸ਼ ਦੀ ਲੋੜ ਸੀ, ਪਰ ਇਸ ਮਹੀਨੇ ਸਮੁੱਚੇ ਦੇਸ਼ ‘ਚ 259.3 ਐੱਮ. ਐੱਮ. ਬਾਰਸ਼ ਦਰਜ ਕੀਤੀ ਗਈ ਜੋ ਆਮ ਨਾਲੋਂ 52 ਫੀਸਦੀ ਜ਼ਿਆਦਾ ਹੈ।
ਉੱਤਰੀ ਭਾਰਤ ‘ਚ ਸਤੰਬਰ ਦੌਰਾਨ ਬਾਰਸ਼ ਦੀ ਸਥਿਤੀ—
ਜੇਕਰ ਉੱਤਰੀ ਭਾਰਤ ‘ਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸੂਬਿਆਂ ‘ਚ ਹੋਈ ਬਾਰਿਸ਼ ਦੇ ਅੰਕੜੇ ਦੇਖੇ ਜਾਣ ਤਾਂ ਇਨ੍ਹਾਂ ਤਿੰਨਾਂ ਸੂਬਿਆਂ ‘ਚ ਸਤੰਬਰ ਮਹੀਨੇ ਆਮ ਨਾਲੋਂ ਕਾਫੀ ਘੱਟ ਬਾਰਿਸ਼ ਹੋਈ ਹੈ। ਇਸ ਤਹਿਤ ਪੰਜਾਬ ਅੰਦਰ ਆਮ ਤੌਰ ‘ਤੇ ਸਤੰਬਰ ਮਹੀਨੇ ਹੋਣ ਵਾਲੀ ਔਸਤਨ 88 ਫੀਸਦੀ ਬਾਰਿਸ਼ ਦੇ ਮੁਕਾਬਲੇ 76.2 ਫੀਸਦੀ ਬਾਰਿਸ਼ ਹੋਈ ਹੈ, ਜੋ ਆਮ ਨਾਲੋਂ 10 ਫੀਸਦੀ ਘੱਟ ਹੈ। ਇਸੇ ਤਰ੍ਹਾਂ ਹਰਿਆਣਾ ‘ਚ ਸਤੰਬਰ ਮਹੀਨੇ 78.6 ਐੱਮ. ਐੱਮ. ਦੇ ਉਲਟ ਸਿਰਫ 21.7 ਫੀਸਦੀ ਬਾਰਸ਼ ਹੀ ਦਰਜ ਕੀਤੀ ਗਈ ਜੋ ਆਮ ਨਾਲੋਂ 73 ਫੀਸਦੀ ਘੱਟ ਹੈ। ਚੰਡੀਗੜ੍ਹ ਵਿਚ ਆਮ ਤੌਰ ‘ਤੇ 145 ਐੱਮ. ਐੱਮ. ਬਾਰਿਸ਼ ਦਾ ਅੰਦਾਜ਼ਾ ਸੀ ਪਰ ਇਸ ਕੇਂਦਰੀ ਸ਼ਾਸਿਤ ਸੂਬੇ ਅੰਦਰ 140 ਐੱਮ. ਐੱਮ. ਦੇ ਕਰੀਬ ਬਾਰਸ਼ ਹੀ ਦਰਜ ਕੀਤੀ ਗਈ।