ਕੋਲੰਬੋ – ਵਰਲਡ ਦੀ ਅੱਠਵੇਂ ਨੰਬਰ ਦੀ ਟੀਮ ਸ਼੍ਰੀ ਲੰਕਾ ਨੇ ਤਿੰਨ ਮੈਚਾਂ ਦੀ T-20 ਸੀਰੀਜ਼ ਦੇ ਦੂਜੇ ਮੈਚ ‘ਚ ਵਰਲਡ ਦੀ ਨੰਬਰ ਵਨ ਟੀਮ ਪਾਕਿਸਤਾਨ ਨੂੰ 35 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਹਾਸਿਲ ਕਰ ਲਈ। ਸ਼੍ਰੀ ਲੰਕਾ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਨੁਕਾ ਰਾਜਪਕਸ਼ੇ (77 ਦੌੜਾਂ) ਦੀ ਤੇਜ਼ ਤਰਾਰ ਪਾਰੀ ਦੀ ਬਦੌਲਤ 6 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਪਾਕਿਸਤਾਨ ਦੀ ਟੀਮ 19 ਓਵਰਾਂ ‘ਚ 147 ਦੌੜਾਂ ‘ਤੇ ਹੀ ਸਿਮਿਟ ਗਈ।
ਸ਼੍ਰੀਲੰਕਾਈ ਬੱਲੇਬਾਜ਼ ਭਾਨੁਕਾ ਨੂੰ ਸਿਰਫ਼ 48 ਗੇਂਦਾਂ ‘ਤੇ ਚਾਰ ਚੌਕੇ ਅਤੇ ਛੇ ਛੱਕਿਆਂ ਨਾਲ ਸਜੀ 77 ਦੌੜਾਂ ਦੀ ਧਮਾਕੇਦਾਰ ਪਾਰੀ ਲਈ ਪਲੇਅਰ ਔਫ਼ ਦ ਮੈਚ ਦਾ ਇਨਾਮ ਦਿੱਤਾ ਗਿਆ। ਸ਼੍ਰੀ ਲੰਕਾ ਲਈ ਸ਼ੇਹਾਨ ਜੈਸੂਰੀਆ ਨੇ 34 ਅਤੇ ਕਪਤਾਨ ਦਾਸੁਨ ਸ਼ਨਾਕਾ ਨੇ ਅਜੇਤੂ 27 ਦੌੜਾਂ ਬਣਾਈਆਂ। ਪਾਕਿਸਤਾਨ ਦੀ ਪਾਰੀ ‘ਚ ਇਮਾਦ ਵਸੀਮ ਨੇ ਸਬ ਤੋਂ ਵੱਧ 47 ਦੌੜਾਂ ਬਣਾਈਆਂ ਜਦ ਕਿ ਆਸਿਫ਼ ਅਲੀ ਨੇ 29 ਅਤੇ ਕਪਤਾਨ ਸਰਫ਼ਰਾਜ਼ ਅਹਿਮਦ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਸ਼੍ਰੀ ਲੰਕਾ ਲਈ ਨੁਵਾਨ ਪ੍ਰਦੀਪ ਨੇ ਚਾਰ ਅਤੇ ਵਾਨਿੰਦੁ ਹਸਾਰੰਗਾ ਨੇ ਤਿੰਨ ਵਿਕਟਾਂ ਹਾਸਿਲ ਕੀਤੀਆਂ।