ਫਿਰੋਜ਼ਪੁਰ, – ਭਾਰਤ-ਪਾਕਿ ਹੁਸੈਨੀਵਾਲਾ ਬਾਰਡਰ ਨੇੜਲੇ ਏਰੀਏ ’ਚ ਰਾਤ ਸਮੇਂ ਪਾਕਿ ਡਰੋਨਾਂ ਦਾ ਦਿਸਣਾ ਲਗਾਤਾਰ ਜਾਰੀ ਹੈ। ਪਾਕਿ ਵਲੋਂ ਐੱਚ. ਕੇ. ਟਾਵਰ ਨੇੜੇ ਇਕ ਕਿਲੋਮੀਟਰ ਦੇ ਏਰੀਆ ਵਿਚ ਡਰੋਨ ਭੇਜਣ ਤੋਂ ਬਾਅਦ ਰਾਤ ਕਰੀਬ 8.40 ਵਜੇ ਫਿਰ ਤੋਂ ਇਕ ਡਰੋਨ ਭਾਰਤ ਵੱਲ ਭੇਜਿਆ ਗਿਆ।
ਜਾਣਕਾਰੀ ਅਨੁਸਾਰ ਬਾਰਡਰ ’ਤੇ ਤਾਇਨਾਤ ਬੀ. ਐੱਸ. ਐੱਫ. ਜਵਾਨਾਂ ਨੇ ਭਾਰਤ ਵੱਲ ਦਾਖਲ ਹੁੰਦਾ ਪਾਕਿਸਤਾਨੀ ਡਰੋਨ ਦੇਖਿਆ ਤਾਂ ਉਨ੍ਹਾਂ ਨੇ ਡਰੋਨ ਡੇਗਣ ਲਈ ਫਾਇਰਿੰਗ ਕੀਤੀ ਪਰ ਇਹ ਡਰੋਨ ਸਰਹੱਦੀ ਪਿੰਡ ਭੱਖੜਾ ਵੱਲ ਚਲਾ ਗਿਆ। ਹੁਸੈਨੀਵਾਲਾ ਬਾਰਡਰ ਦੇ ਨਾਲ ਲੱਗਦੇ ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਅਤੇ ਟੇਂਡੀਵਾਲਾ ਦੇ ਲੋਕਾਂ ਨੇ ਵੀ ਆਸਮਾਨ ਵਿਚ ਰਾਤ ਸਮੇਂ ਡਰੋਨ ਉੱਡਦਾ ਦੇਖਿਆ। ਦੱਸਿਆ ਜਾਂਦਾ ਹੈ ਕਿ ਬੀਤੀ ਰਾਤ 10.10 ਵਜੇ ਆਪਣੇ ਘਰਾਂ ਦੀਆਂ ਛੱਤਾਂ ’ਤੇ ਸੌਂ ਰਹੇ ਪਿੰਡ ਟੇਂਡੀਵਾਲਾ ਦੇ ਲੋਕਾਂ ਨੇ ਆਸਮਾਨ ਵਿਚ ਉੱਡਦਾ ਡਰੋਨ ਦੇਖਿਆ, ਜਿਸਦੀਆਂ ਲੋਕਾਂ ਨੇ ਬਕਾਇਦਾ ਵੀਡੀਓਜ਼ ਵੀ ਬਣਾਈਆਂ, ਜਿਸ ਵਿਚ ਇਕ ਲਾਈਟ ਚਲਦੀ ਹੋਈ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਹੀ ਪਿੰਡ ਹਜਾਰਾ ਸਿੰਘ ਵਾਲਾ ਦੇ ਲੋਕਾਂ ਨੇ ਰਾਤ ਕਰੀਬ 7.20 ਵਜੇ ਆਸਮਾਨ ਵਿਚ ਉੱਡਦਾ ਡਰੋਨ ਦੇਖਿਆ। ਲਗਾਤਾਰ ਹੁਸੈਨੀਵਾਲਾ ਬਾਰਡਰ ਦੀ ਜ਼ੀਰੋ ਲਾਈਨ ਦੇ ਨੇੜੇ-ਤੇੜੇ ਪਾਕਿ ਵਲੋਂ ਭੇਜੇ ਜਾ ਰਹੇ ਡਰੋਨ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਪਾਕਿਸਤਾਨ ਵਲੋਂ ਭਾਰਤੀ ਖੇਤਰ ਵਿਚ ਭੇਜੇ ਜਾ ਰਹੇ ਡਰੋਨਾਂ ਨੂੰ ਲੈ ਕੇ ਲੋਕਾਂ ਵਿਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ। ਦੂਸਰੇ ਪਾਸੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨਾਲ ਇਸ ਸਬੰਧੀ ਸਰਕਾਰੀ ਤੌਰ ’ਤੇ ਜਾਣਨ ਲਈ ਸੰਪਰਕ ਨਹੀਂ ਹੋ ਰਿਹਾ।