ਵਾਸ਼ਿੰਗਟਨ – ਵਰਲਡ ਇਕਨਾਮਿਕ ਫੋਰਮ (ਗਲੋਬਲ ਆਰਥਿਕ ਮੰਚ, ਡਬਲਯੂ. ਈ. ਐੱਫ.) ਦੀ ਇਕ ਸਾਲਾਨਾ ਰਿਪੋਰਟ ‘ਚ ਭਾਰਤ ਕਾਫੀ ਹੇਠਾਂ ਚਲਾ ਗਿਆ ਹੈ। ਅਰਥ ਵਿਵਸਥਾ ‘ਚ ਪ੍ਰਤੀਯੋਗਤਾ ਲਈ ਲਈ ਜਾਣ ਵਾਲੀ ਬਿਹਤਰੀ ਨੂੰ ਮਾਪਣ ਵਾਲੀ ਇਸ ਰਿਪੋਰਟ ‘ਚ ਅਜਿਹਾ ਆਖਿਆ ਗਿਆ ਹੈ। ਗਲੋਬਲ ਪ੍ਰਤੀਯੋਗਤਾ ਇੰਡੈਕਸ ‘ਚ ਪਿਛਲੇ ਸਾਲ ਭਾਰਤ 58ਵੇਂ ਨੰਬਰ ‘ਤੇ ਸੀ ਪਰ ਹੁਣ ਉਹ 68ਵੇਂ ਨੰਬਰ ‘ਤੇ ਪਹੁੰਚ ਗਿਆ ਹੈ।
ਇਸ ਇੰਡੈਕਸ ‘ਚ ਸਭ ਤੋਂ ਉਪਰ ਸਿੰਗਾਪੁਰ ਹੈ। ਉਸ ਤੋਂ ਬਾਅਦ ਅਮਰੀਕਾ ਅਤੇ ਜਾਪਾਨ ਜਿਹੇ ਦੇਸ਼ ਹਨ। ਜ਼ਿਆਦਾ ਅਫਰੀਕੀ ਦੇਸ਼ ਇਸ ਇੰਡੈਕਸ ‘ਚ ਸਭ ਤੋਂ ਹੇਠਾਂ ਹਨ। ਭਾਰਤ ਦੀ ਰੈਂਕਿੰਗ ਹੇਠਾਂ ਡਿੱਗਣ ਕਾਰਨ ਦੂਜੇ ਦੇਸ਼ਾਂ ਦਾ ਬਿਹਤਰ ਪ੍ਰਦਰਸ਼ਨ ਦੱਸਿਆ ਜਾ ਰਿਹਾ ਹੈ। ਇਸ ਇੰਡੈਕਸ ‘ਚ ਚੀਨ ਭਾਰਤ ਤੋਂ 40 ਪਾਇਦਾਨ ਉਪਰ 28ਵੇਂ ਨੰਬਰ ਹੈ, ਉਸ ਦੀ ਰੈਂਕਿੰਗ ‘ਚ ਕੋਈ ਬਦਲਾਅ ਨਹੀਂ ਆਇਆ ਹੈ।
ਵਿਅਤਨਾਮ, ਕਜ਼ਾਕਿਸਤਾਨ ਅਤੇ ਅਜ਼ਰਬੈਜ਼ਾਨ ਜਿਹੇ ਦੇਸ਼ ਵੀ ਇਸ ਲਿਸਟ ‘ਚ ਭਾਰਤ ਤੋਂ ਉਪਰ ਹਨ। ਬ੍ਰਿਕਸ ਦੇਸ਼ ‘ਚ ਚੀਨ ਸਭ ਤੋਂ ਉਪਰ ਹੈ ਜਦਕਿ ਬ੍ਰਾਜ਼ੀਲ ਭਾਰਤ ਤੋਂ ਵੀ ਹੇਠਾਂ 71ਵੇਂ ਨੰਬਰ ‘ਤੇ ਹੈ। ਵਰਲਡ ਇਕਨਾਮਿਕ ਫੋਰਮ ਦਾ ਆਖਣਾ ਹੈ ਕਿ ਭਾਰਤ ਦੀ ਅਰਥ ਵਿਵਸਥਾ ਬਹੁਤ ਵੱਡੀ ਹੈ ਅਤੇ ਕਾਫੀ ਸਥਿਰ ਹੈ ਪਰ ਆਰਥਿਕ ਸੁਧਾਰਾਂ ਦੀ ਰਫਤਾਰ ਕਾਫੀ ਹੋਲੀ ਹੈ। ਚੰਗੇ ਆਰਥਿਕ ਮਾਹੌਲ ਦੇ ਮਾਮਲੇ ‘ਚ ਕੋਲੰਬੀਆ, ਦੱਖਣੀ ਅਫਰੀਕਾ ਅਤੇ ਤੁਰਕੀ ਨੇ ਪਿਛਲੇ ਸਾਲ ਭਾਰਤ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਭਾਰਤ ਤੋਂ ਅੱਗੇ ਨਿਕਲ ਗਏ ਹਨ।
ਇਸ ਰਿਪੋਰਟ ‘ਚ ਇਹ ਵੀ ਆਖਿਆ ਗਿਆ ਹੈ ਕਿ ਦੁਨੀਆ ਭਰ ‘ਚ ਮੰਦੀ ਦੇ ਲੱਸ਼ਣ ਦੇਖੇ ਜਾ ਰਹੇ ਹਨ, ਜਿਨ੍ਹਾਂ ਨਾਲ ਨਜਿੱਠਣਾ ਅਰਥ ਵਿਵਸਥਾਵਾਂ ਲਈ ਵੱਡੀ ਚੁਣੌਤੀ ਹੋਵੇਗੀ। ਇਸ ਰੈਂਕਿੰਗ ‘ਚ ਪਾਕਿਸਤਾਨ 110ਵੇਂ ਨੰਬਰ ਹੈ ਜਦਕਿ ਨੇਪਾਲ (108) ਅਤੇ ਬੰਗਲਾਦੇਸ਼ (105) ਵੀ ਉਸ ਤੋਂ ਉਪਰ ਹੈ। ਇਸ ਰਿਪੋਰਟ ‘ਚ ਭਾਰਤ ਦੀ ਸਿਹਤ ਵਿਵਸਥਾ, ਮਜ਼ਦੂਰਾਂ ਦੀ ਦਿਸ਼ਾ ਅਤੇ ਬੈਂਕਿੰਗ ਸੇਵਾਵਾਂ ਦੀ ਹਾਲਤ ਨੂੰ ਇਸ ਗਿਰਾਵਟ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ। ਇਹ ਗਿਰਾਵਟ ਭਾਰਤ ਲਈ ਬਿਨਾਂ ਸ਼ੱਕ ਚਿੰਤਾ ਦਾ ਵਿਸ਼ਾ ਹੈ। ਖਾਸ ਤੌਰ ‘ਤੇ ਅਜਿਹੇ ਸਮੇਂ ‘ਚ ਜਦ ਭਾਰਤ ਨੂੰ ਜ਼ਿਆਦਾ ਨਿਵੇਸ਼ ਅਤੇ ਕਾਰੋਬਾਰੀ ਗਤੀਵਿਧੀਆਂ ਦੀ ਜ਼ਰੂਰਤ ਹੈ ਤਾਂ ਜੋ ਸੁਸਤੀ ਤੋਂ ਨਜਿੱਠਿਆ ਜਾ ਸਕੇ।