ਰਾਏਪੁਰ— ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਪੁਲਸ ਨੇ ਲਗਭਗ 6 ਸਾਲਾਂ ਤੋਂ ਫਰਾਰ ਇਸਲਾਮਿਕ ਸਟੂਡੈਂਟ ਆਫ ਇੰਡੀਆ (ਸਿਮੀ) ਅੱਤਵਾਦੀ ਅਜਹਰੂਦੀਨ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕਰ ਲਿਆ ਹੈ। ਸੀਨੀਅਰ ਪੁਲਸ ਸੁਪਰਡੈਂਟ ਆਰਿਫ ਸ਼ੇਖ ਨੇ ਇੱਥੇ ਪ੍ਰੈੱਸ ਕਾਨਫਰੰਸ ‘ਚ ਅੱਤਵਾਦੀ ਅਜਹਰੂਦੀਨ ਉਰਫ਼ ਅਜਹਰ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਰਦੇ ਹੋਏ ਦੱਸਿਆ ਕਿ 2013 ‘ਚ ਰਾਜਧਾਨੀ ਰਾਏਪੁਰ ‘ਚ ਸਿਮੀ ਦੇ 17 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਅਜਹਰੂਦੀਨ ਗ੍ਰਿਫਤਾਰੀ ਤੋਂ ਬਾਅਦ ਇੱਥੋਂ ਦੌੜ ਕੇ ਸਾਊਦੀ ਅਰਬ ਚੱਲਾ ਗਿਆ ਸੀ ਅਤੇ ਉੱਥੇ ਸੁਪਰ ਮਾਰਕੀਟ ‘ਚ ਕੰਮ ਕਰ ਰਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਅਜਹਰ ਦੇ ਜਹਾਜ਼ ਤੋਂ ਹੈਦਰਾਬਾਦ ਆਉਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਰਾਜਧਾਨੀ ਤੋਂ ਏ.ਟੀ.ਐੱਸ. ਅਤੇ ਪੁਲਸ ਦੀ ਟੀਮ ਰਵਾਨਾ ਹੋਈ ਅਤੇ ਉਸ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਹੈਦਰਾਬਾਦ ਦੀ ਕੋਰਟ ‘ਚ ਪੇਸ਼ ਕਰਨ ਤੋਂ ਬਾਅਦ ਟਰਾਂਜਿਟ ਰਿਮਾਂਡ ‘ਤੇ ਰਾਏਪੁਰ ਲਿਆਂਦਾ ਗਿਆ ਹੈ। ਦੋਸ਼ੀ ਦੇ ਕਬਜ਼ੇ ‘ਚੋਂ ਪਾਸਪੋਰਟ, 2 ਡਰਾਈਵਿੰਗ ਲਾਇਸੈਂਸ, ਵੋਟਰ ਪਛਾਣ ਪੱਤਰ ਆਦਿ ਬਰਾਮਦ ਕੀਤਾ ਗਿਆ ਹੈ। ਸ਼ੇਖ ਨੇ ਦੱਸਿਆ ਕਿ ਅਜਹਰੂਦੀਨ ਨੇ ਪਟਨਾ ਅਤੇ ਬੋਧਗਯਾ ਬੰਬ ਧਮਾਕੇ ਦੇ ਦੋਸ਼ੀਆਂ ਦੇ ਰਾਏਪੁਰ ‘ਚ ਲੁੱਕਣ ਦੌਰਾਨ ਉਨ੍ਹਾਂ ਨੂੰ ਲਿਆਉਣ ਜਾਣ ਅਤੇ ਹੋਰ ਸਰੋਤ ਉਪਲੱਬਧ ਕਰਵਾਉਣ ਦਾ ਕੰਮ ਕੀਤਾ ਸੀ। ਨਾਲ ਹੀ ਦੋਸ਼ੀਆਂ ਨੂੰ ਰਾਏਪੁਰ ਤੋਂ ਦੌੜਨ ‘ਚ ਵੀ ਮਦਦ ਕੀਤੀ ਸੀ।