ਪਾਨੀਪਤ— ਹਰਿਆਣਾ ਦੇ ਪਾਨੀਪਤ ‘ਚ ਸ਼ਨੀਵਾਰ ਨੂੰ ਇਕ ਪ੍ਰਾਈਵੇਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਦਿਲ ਦਾ ਦੌਰਾ ਪਿਆ, ਜਿਸ ਕਾਰਨ ਬੱਸ ਤਲਾਬ ਵਿਚ ਡਿੱਗ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 14 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਬਰਸਤ ਰੋਡ ਕ੍ਰਿਪਾਲ ਆਸ਼ਰਮ ਨੇੜੇ ਹੋਇਆ। ਸ਼ਨੀਵਾਰ ਦੀ ਸਵੇਰ ਨੂੰ ਬੱਸ ਸਾਢੇ 9 ਵਜੇ ਬਰਸਤ ਪਿੰਡ ਤੋਂ ਪਾਨੀਪਤ ਆ ਰਹੀ ਸੀ।
ਬੱਸ ਡਰਾਈਵਰ ਮੁਕੇਸ਼ ਸਟੇਰਿੰਗ ਤੋਂ ਸੰਤੁਲਨ ਗੁਆ ਬੈਠਾ ਅਤੇ ਬੱਸ ਸੜਕ ਕੰਢੇ ਤਲਾਬ ਵਿਚ ਡਿੱਗ ਗਈ। ਬੱਸ ਦੇ ਤਲਾਬ ‘ਚ ਡਿੱਗਣ ਕਾਰਨ ਅਫੜਾ-ਦਫੜੀ ਪੈ ਗਈ ਅਤੇ ਸੜਕ ਤੋਂ ਲੰਘ ਰਹੇ ਲੋਕਾਂ ਨੇ ਬੱਸ ਵਿਚ ਸਵਾਰ ਯਾਤਰੀਆਂ ਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ। ਮੌਕੇ ‘ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ ਹੈ, ਜਿਸ ਦੀ ਵਜ੍ਹਾ ਕਰ ਕੇ ਉਹ ਸਟੇਰਿੰਗ ਤੋਂ ਸੰਤੁਲਨ ਗੁਆ ਬੈਠਾ। ਹਾਦਸੇ ਵਿਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਹਾਦਸੇ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ 62 ਸਾਲਾ ਧਨਰਾਜ ਦੇ ਰੂਪ ਵਿਚ ਹੋਈ ਹੈ।