ਲੁਧਿਆਣਾ : ਸ਼ਹਿਰ ਦੇ ਅੰਦਰੂਨੀ ਇਲਾਕੇ ਚੌੜਾ ਬਾਜ਼ਾਰ, ਘਾਹ ਮੰਡੀ ਸ਼ਿਵਾਲਾ ਰੋਡ, ਰੂਪਾ ਮਿਸਤਰੀ ਗਲੀ, ਖੁੱਡ ਮੁਹੱਲਾ, ਨਿੰਮ ਵਾਲਾ ਚੌਂਕ ਆਦਿ ਇਲਾਕਿਆਂ ‘ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਵੀ ਸ਼ਹਿਰ ਦੇ ਰਹਿਣ ਵਾਲੇ ਹਨ। ਇਸ ਦੇ ਬਾਵਜੂਦ ਇਲਾਕੇ ‘ਚ ਸਫਾਈ ਦੇ ਹਾਲਾਤ ਤਰਸਯੋਗ ਹਨ। ਇਸ ਵਿੱਤੀ ਸਾਲ ‘ਚ ਸ਼ਹਿਰ ਦੇ ਕਿਸੇ ਵੀ ਇਲਾਕੇ ‘ਚ ਡੇਂਗੂ ਅਤੇ ਮੱਛਰਾਂ ਤੋਂ ਬਚਾਅ ਲਈ ਫੋਗਿੰਗ ਪ੍ਰਬੰਧ ਨਹੀਂ ਕੀਤਾ ਗਿਆ।
ਕੌਂਸਲਰਾਂ ਨੇ ਚੋਣ ਜਿੱਤਣ ਤੋਂ ਬਾਅਦ ਇਲਾਕੇ ਦੀ ਸਾਰ ਲੈਣੀ ਮੁਨਾਸਿਬ ਨਹੀਂ ਸਮਝੀ। ਅੰਦਰੂਨੀ ਸ਼ਹਿਰ ਰੱਬ ਆਸਰੇ ਛੱਡ ਕੇ ਨਿਗਮ ਕਮਿਸ਼ਨਰ ਛੁੱਟੀ ‘ਤੇ ਹਨ ਅਤੇ ਮੇਅਰ ਸਾਹਿਬ ਸ਼ਾਇਦ ਦਾਖਾ ਦੀ ਚੋਣ ‘ਚ ਵਿਅਸਤ ਹਨ। ਲੱਗਦਾ ਹੈ ਕਿ ਲੋਕਾਂ ਦੇ ਨੁਮਾਇੰਦ ਸ਼ਹਿਰ ‘ਚ ਮਹਾਮਾਰੀ ਫੈਲਣ ਦੀ ਉਡੀਕ ਕਰ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡੇਂਗੂ ਦੇ ਮਰੀਜ਼ ਦਿਨ-ਬ-ਦਿਨ ਸ਼ਹਿਰ ਦੇ ਨਰਸਿੰਗ ਹੋਮ ਅਤੇ ਹਸਪਤਾਲਾਂ ‘ਚ ਇਲਾਜ ਲਈ ਭੱਜ ਰਹੇ ਹਨ। ਵਪਾਰੀ ਵਿਜੇ ਕੁਮਾਰ, ਸ਼ਿਵ ਸੈਨਾ ਪੰਜਾਬ ਦੇ ਪ੍ਰਚਾਰਕ ਧਰਮਿੰਦਰ ਸ਼ਰਮਾ, ਕਾਂਗਰਸ ਨੇਤਾ ਤੇਲੂ ਰਾਮ, ਕਮਲ ਬਿਦਲ, ਰਾਜੂ ਬਾਂਸਲ, ਅਸ਼ੋਕ ਬਾਂਸਲ ਨੇ ਬੇਨਤੀ ਕੀਤੀ ਕਿ ਸ਼ਹਿਰ ‘ਚ ਫੌਗਿੰਗ ਦੀ ਵਿਵਸਥਾ ਜੰਗੀ ਪੱਧਰ ‘ਤੇ ਕੀਤੀ ਜਾਵੇ ਤਾਂ ਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ ‘ਚ ਇਸ ਗੰਭੀਰ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।