ਜਲੰਧਰ/ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਵਲੋਂ ਉਨ੍ਹਾਂ ਦੀ ਸਰਕਾਰ ਵਿਰੁੱਧ ਜਾਰੀ ਮੁਹਿੰਮ ਦਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਯਾਦ ਦਿਵਾਈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਸਨ ਹੀ ਸੀ ਜਦੋਂ ਅਕਾਲ ਤਖਤ ਦੇ ਜਥੇਦਾਰ ਦੀ ਸ਼ਰਮਨਾਕ ਤੇ ਜਾਣਬੁੱਝ ਕੇ ਬੇਇੱਜ਼ਤੀ ਕੀਤੀ ਜਾਂਦੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ, ਜਿਨ੍ਹਾਂ ‘ਚ ਹਰਸਿਮਰਤ ਵੀ ਸ਼ਾਮਲ ਸੀ, ਲਈ 10 ਸਾਲਾਂ ਦਾ ਸਮਾਂ ਸੱਤਾ ‘ਚ ਚੂਰ ਰਹਿਣ ਦਾ ਰਿਹਾ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜਾਬ ਦੀ ਜਨਤਾ ਨੂੰ ਨਹੀਂ ਬਖਸ਼ਿਆ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਉਹ ਸੁਆਰਥੀ ਸਿਆਸੀ ਫਾਇਦੇ ਲਈ ਝੂਠੀ ਬਿਆਨਬਾਜ਼ੀ ਦਾ ਸਹਾਰਾ ਨਾ ਲੈਣ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਅਕਾਲੀਆਂ ਨੇ ਅਕਾਲ ਤਖਤ ਦੇ ਜਥੇਦਾਰਾਂ ਦੀ ਬੇਇੱਜ਼ਤੀ ਕੀਤੀ ਅਤੇ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਨਾਸ਼ਾਹੀ ਫਰਮਾਨ ਸੁਣਾਏ ਜਦਕਿ ਕਾਂਗਰਸ ਸਰਕਾਰ ਨੇ ਧਾਰਮਿਕ ਸੰਸਥਾਵਾਂ ਦਾ ਹਮੇਸ਼ਾ ਸਨਮਾਨ ਕੀਤਾ। ਮੁੱਖ ਮੰਤਰੀ ਨੇ ਇਹ ਜਵਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ ‘ਤੇ ਮਨਾਉਣ ਦੇ ਮੁੱਦੇ ‘ਤੇ ਹਰਸਿਮਰਤ ਵਲੋਂ ਸਰਕਾਰ ਦੇ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਬਾਅਦ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨਾ ਤਾਂ ਹਰਸਿਮਰਤ ਅਤੇ ਨਾ ਹੀ ਅਕਾਲੀਆਂ ਨੂੰ ਆਪਣੀ ਗਲਤੀ ਦਾ ਕੋਈ ਪਛਤਾਵਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ ‘ਤੇ ਮਨਾਉਣ ਲਈ ਨਿੱਜੀ ਤੌਰ ‘ਤੇ ਐੱਸ. ਜੀ. ਪੀ. ਸੀ. ਤੇ ਹੋਰ ਸਾਰਿਆਂ ਨੂੰ ਅਪੀਲ ਕਰ ਰਹੇ ਸਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਆਸੀ ਸੁਆਰਥਾਂ ਦੀ ਖਾਤਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਮੁੱਖ ਮੰਤਰੀ ਨੇ ਅਕਾਲੀਆਂ ‘ਤੇ ਸਿਆਸੀ ਲਾਭ ਲਈ ਧਰਮ ਦਾ ਸ਼ੋਸ਼ਣ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਘੱਟੋ-ਘੱਟ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਸਮਾਰੋਹਾਂ ‘ਤੇ ਸ਼ਿਸ਼ਟਾਚਾਰ ਤੇ ਸਮਝਦਾਰੀ ਦਿਖਾਉਣੀ ਚਾਹੀਦੀ ਹੈ ਪਰ ਨਿੱਜੀ ਫਾਇਦੇ ਨੂੰ ਉਤਸ਼ਾਹਤ ਕਰਨ ਲਈ ਅਕਾਲੀਆਂ ਨੂੰ ਕੋਈ ਸ਼ਰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਪ੍ਰਧਾਨ ਮੰਤਰੀ ਤੇ ਹੋਰ ਕੇਂਦਰੀ ਨੇਤਾਵਾਂ ਨੂੰ ਐੱਸ. ਜੀ. ਪੀ. ਸੀ. ਦੇ ਸਮਾਰੋਹਾਂ ‘ਚ ਵੱਖਰੇ ਤੌਰ ‘ਤੇ ਸ਼ਾਮਲ ਦੇਣ ਦਾ ਸੱਦਾ ਦੇਣ ਗਏ ਹਨ, ਉਸ ਨਾਲ ਉਹ ਬੇਨਕਾਬ ਹੋ ਗਏ ਹਨ। ਕੀ ਇਹ ਅਕਾਲੀਆਂ ਵਲੋਂ ਧਾਰਮਿਕ ਸਮਾਰੋਹਾਂ ਨੂੰ ਨਿੱਜੀ ਫਾਇਦਿਆਂ ਲਈ ਹਾਈਜੈਕ ਕਰਨ ਦੀਆਂ ਕੋਸ਼ਿਸ਼ਾਂ ਨਹੀਂ ਹਨ?
ਕੈਪਟਨ ਨੇ ਕਿਹਾ ਕਿ ਹਰਸਿਮਰਤ ਨੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਅਣਮਿੱਥੇ ਪ੍ਰੋਗਰਾਮਾਂ ਤੇ ਦੌਰਿਆਂ ਦਾ ਐਲਾਨ ਕਰ ਕੇ ਇਨ੍ਹਾਂ ਉੱਚ ਦਫਤਰਾਂ ਦੇ ਮਾਣ-ਸਨਮਾਨ ਨੂੰ ਵੀ ਸੱਟ ਮਾਰੀ ਹੈ। ਜੇਕਰ ਉਨ੍ਹਾਂ ਦਾ ਇਸ ਮਾਮਲੇ ‘ਚ ਥੋੜ੍ਹਾ ਜਿਹਾ ਅਹਿਮ ਯੋਗਦਾਨ ਹੁੰਦਾ ਤਾਂ ਉਹ ਅਜਿਹੇ ਪ੍ਰੋਗਰਾਮਾਂ ਤੋਂ ਫਾਇਦਾ ਲੈਣ ਦੀ ਬਜਾਏ ਇਹ ਸਭ ਕੁਝ ਦੋਵੇਂ ਉੱਚੇ ਦਫਤਰਾਂ ‘ਤੇ ਛੱਡ ਦਿੰਦੀ। ਅਕਾਲੀ ਸਿਰਫ ਜਾਣਬੁੱਝ ਕੇ ਫਾਇਦਾ ਚਾਹੁੰਦੇ ਹਨ ਜਦਕਿ ਉਨ੍ਹਾਂ ਦਾ ਅਜਿਹੇ ਪ੍ਰੋਗਰਾਮਾਂ ਤੋਂ ਫਾਇਦਾ ਲੈਣ ਦੀ ਬਜਾਏ ਇਹ ਸਭ ਕੁਝ ਦੋਵੇਂ ਉੱਚ ਦਫਤਰਾਂ ‘ਤੇ ਛੱਡ ਦਿੰਦੀ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਸਿਰਫ ਜਾਣਬੁੱਝ ਕੇ ਫਾਇਦੇ ਲੈਣਾ ਚਾਹੁੰਦੇ ਹਨ ਜਦਕਿ ਉਨ੍ਹਾਂ ਦਾ ਅਜਿਹੇ ਪ੍ਰੋਗਰਾਮਾਂ ‘ਚ ਕੋਈ ਯੋਗਦਾਨ ਨਹੀਂ ਹੈ।