ਟੋਕੀਓ— ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਸ਼ਕਤੀਸ਼ਾਲੀ ਤੂਫਾਨ ਨੇ ਕਹਿਰ ਮਚਾਇਆ ਹੋਇਆ ਹੈ। ਇਸ ਬੁਰੇ ਸਮੇਂ ‘ਚ ਭਾਰਤ ਵਲੋਂ ਜਾਪਾਨ ਦੀ ਮਦਦ ਕੀਤੀ ਜਾ ਰਹੀ ਹੈ। ਭਾਰਤੀ ਸਮੁੰਦਰੀ ਫੌਜ ਨੇ ਐਤਵਾਰ ਨੂੰ ਆਪਣੇ ਦੋ ਜੰਗੀ ਬੇੜੇ ਮਦਦ ਲਈ ਭੇਜੇ ਹਨ। ਪੀ. ਐੱਮ. ਮੋਦੀ ਨੇ ਜਾਪਾਨ ‘ਚ ਆਏ ਤੂਫਾਨ ਮਗਰੋਂ ਆਪਣੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਇਸ ਮੁਸ਼ਕਲ ਦੀ ਘੜੀ ‘ਚ ਜਾਪਾਨ ਨਾਲ ਖੜ੍ਹੇ ਹਨ।
ਤਾਜ਼ਾ ਜਾਣਕਾਰੀ ਮੁਤਾਬਕ ਰਾਜਧਾਨੀ ਟੋਕੀਓ ਸਣੇ ਦੇਸ਼ ਦੇ ਕੁੱਝ ਹਿੱਸਿਆਂ ‘ਚ ਤੂਫਾਨ ਦਾ ਕਹਿਰ ਰੁਕ ਗਿਆ ਹੈ ਪਰ ਇਸ ਕਾਰਨ ਦੇਸ਼ ਦੇ ਮੱਧ ਅਤੇ ਉੱਤਰੀ ਹਿੱਸਿਆਂ ‘ਚ ਕਾਫੀ ਨੁਕਸਾਨ ਹੋਇਆ ਤੇ ਦਰਜਨਾਂ ਲੋਕ ਜਾਂ ਤਾਂ ਮਾਰੇ ਗਏ ਜਾਂ ਲਾਪਤਾ ਹਨ। ਰਿਪੋਰਟਾਂ ਮੁਤਾਬਕ ਤੂਫਾਨ ਨੇ 35 ਲੋਕਾਂ ਦੀ ਜਾਨ ਲੈ ਲਈ ਤੇ ਹੋਰ ਕਈ ਲੋਕ ਲਾਪਤਾ ਹਨ। ਫਾਇਰ ਫਾਈਟਰਜ਼ ਤੇ ਰਾਹਤ ਕਰਮਚਾਰੀਆਂ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚਿੱਕੜ ਵਾਲਾ ਪਾਣੀ ਸੜਕਾਂ, ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ‘ਚ ਭਰ ਗਿਆ ਹੈ ਹਾਲਾਂਕਿ ਜਲ ਪੱਧਰ ਘੱਟ ਹੋ ਰਿਹਾ ਹੈ ਪਰ ਕਈ ਥਾਵਾਂ ‘ਤੇ ਅਜੇ ਵੀ ਪਾਣੀ ਭਰਿਆ ਹੋਇਆ ਹੈ। ਕਈ ਘਰਾਂ ਦਾ ਮਲਬਾ ਤੇ ਲੱਕੜਾਂ ਆਦਿ ਆਲੇ-ਦੁਆਲੇ ਡਿੱਗੇ ਹੋਏ ਹਨ। ਆਮ ਤੌਰ ‘ਤੇ ਸੁੱਕੇ ਰਹਿਣ ਵਾਲੇ ਇਲਾਕੇ ਵੀ ਨਦੀਆਂ ਵਾਂਗ ਦਿਖਾਈ ਦੇ ਰਹੇ ਹਨ। 20 ਤੋਂ ਵਧੇਰੇ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ ਤੇ ਕੁੱਝ ਨਦੀਆਂ ਦਾ ਪਾਣੀ ਬੰਨ੍ਹ ਤੋੜ ਕੇ ਵਹਿ ਰਿਹਾ ਹੈ।
ਹੈਲੀਕਾਪਟਰਾਂ, ਕਿਸ਼ਤੀਆਂ ਅਤੇ ਹਜ਼ਾਰਾਂ ਫੌਜੀਆਂ ਦੀ ਮਦਦ ਨਾਲ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ‘ਤੇ ਚੜ੍ਹਨ ਦੌਰਾਨ ਇਕ ਔਰਤ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ।