ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸੋਮਵਾਰ ਨੂੰ ਕਸ਼ਮੀਰ ਤੋਂ ਲੈ ਕੇ ਕੇਰਲ ਅਤੇ ਬੰਗਾਲ ਤੋਂ ਲੈ ਕੇ ਪੰਜਾਬ ਤਕ ਅੱਤਵਾਦੀ ਸਾਜਿਸ਼ਾਂ ਨੂੰ ਲੈ ਕੇ ਚੌਕਸ ਕੀਤਾ ਹੈ। ਏਜੰਸੀ ਮੁਤਾਬਕ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹਿਦੀਨ (ਜੇ. ਐੱਮ. ਬੀ.) ਬੰਗਲਾਦੇਸ਼ੀ ਪ੍ਰਵਾਸੀਆਂ ਦੀ ਆੜ ‘ਚ ਭਾਰਤ ‘ਚ ਪੈਰ ਪਸਾਰ ਰਿਹਾ ਹੈ। ਏਜੰਸੀ ਮੁਤਾਬਕ ਪਾਕਿਸਤਾਨ ਅੱਤਵਾਦੀਆਂ ਜ਼ਰੀਏ ਪੰਜਾਬ ‘ਚ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ।
ਏਜੰਸੀ ਦੇ ਆਈ. ਜੀ. ਆਲੋਕ ਮਿੱਤਲ ਨੇ ਦੱਸਿਆ ਕਿ ਜੇ. ਐੱਮ. ਬੀ. ਨੇ ਝਾਰਖੰਡ, ਬਿਹਾਰ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਵਿਚ ਬੰਗਲਾਦੇਸ਼ੀ ਪ੍ਰਵਾਸੀਆਂ ਦੀ ਆੜ ‘ਚ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨਾਲ ਜੁੜੇ ਕੁੱਲ 127 ਸ਼ੱਕੀ ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ ‘ਚੋਂ 125 ਸ਼ੱਕੀਆਂ ਦੀ ਸੂਚੀ ਕੇਂਦਰ ਅਤੇ ਸੂਬਿਆਂ ਨਾਲ ਸ਼ੇਅਰ ਕੀਤੀ ਗਈ ਹੈ।
ਆਲੋਕ ਮਿੱਤਲ ਨੇ ਦੱਸਿਆ ਕਿ ਤਾਮਿਲਨਾਡੂ ਅਤੇ ਕੇਰਲ ਦੇ 3 ਕੇਸਾਂ ‘ਚ ਗ੍ਰਿਫਤਾਰ ਦੋਸ਼ੀਆਂ ਨੇ ਦੱਸਿਆ ਕਿ ਉਹ ਜ਼ਹਰਾਨ ਹਾਸ਼ਮੀ ਦੇ ਵੀਡੀਓ ਅਤੇ ਆਡੀਓ ਭਾਸ਼ਣ ਸੁਣ ਕੇ ਅੱਤਵਾਦੀ ਬਣੇ ਸਨ। ਇੱਥੇ ਦੱਸ ਦੇਈਏ ਕਿ ਜ਼ਹਰਾਨ ਹਾਸ਼ਮੀ ਸ਼੍ਰੀਲੰਕਾ ‘ਚ ਈਸਟਰ ਦੇ ਮੌਕੇ ਚਰਚ ‘ਤੇ ਹੋਏ ਭਿਆਨਕ ਹਮਲੇ ਦਾ ਮਾਸਟਰ ਮਾਈਂਡ ਹੈ। ਮਿੱਤਲ ਮੁਤਾਬਕ ਗ੍ਰਿਫਤਾਰ ਕੀਤੇ ਗਏ 127 ਸ਼ੱਕੀਆਂ ਨੇ ਪੁੱਛ-ਗਿੱਛ ‘ਚ ਸਵੀਕਾਰ ਕੀਤਾ ਕਿ ਉਹ ਜ਼ਾਕਿਰ ਨਾਈਕ ਦੇ ਭੜਕਾਊ ਭਾਸ਼ਣ ਸੁਣ ਕੇ ਅੱਤਵਾਦ ਦੀ ਰਾਹ ‘ਤੇ ਅੱਗੇ ਵਧੇ ਸਨ।