ਨਵੀਂ ਦਿੱਲੀ— ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਭਾਰਤੀ ਸੁਰੱਖਿਆ ਫੋਰਸਾਂ ਨੂੰ ਪਾਕਿਸਤਾਨੀ ਡਰੋਨ ਨੂੰ ਡੇਗਣ ਦੀ ਮਨਜ਼ੂਰੀ ਮਿਲ ਗਈ ਹੈ। ਜੇਕਰ ਹੁਣ ਸਰਹੱਦ ‘ਤੇ ਪਾਕਿਸਤਾਨ ਦਾ ਡਰੋਨ 1000 ਫੁੱਟ ਦੀ ਉਚਾਈ ‘ਤੇ ਉਡਦਾ ਦਿਖਦਾ ਹੈ ਤਾਂ ਭਾਰਤੀ ਸੁਰੱਖਿਆ ਫੋਰਸ ਉਸ ਨੂੰ ਡੇਗ ਸਕਣਗੇ। ਹਾਲ ‘ਚ ਹੀ ਪਾਕਿਸਤਾਨੀ ਫੌਜ ਦੀ ਮਦਦ ਨਾਲ ਅੱਤਵਾਦੀ ਸੰਗਠਨਾਂ ਵਲੋਂ ਡਰੋਨ ਜ਼ਰੀਏ ਪੰਜਾਬ ‘ਚ ਹਥਿਆਰਾਂ ਅਤੇ ਡਰੱਗਜ਼ ਦੀ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਭਾਰਤੀ ਸੁਰੱਖਿਆ ਫੋਰਸਾਂ ਨੂੰ ਭਾਰਤੀ ਸਰਹੱਦ ‘ਤੇ ਪਾਕਿਸਤਾਨੀ ਡਰੋਨ ਨੂੰ ਡੇਗਣ ਦੀ ਮਨਜ਼ੂਰੀ ਮਿਲੀ ਹੈ।
ਜੰਮੂ-ਕਸ਼ਮੀਰ ਅਤੇ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ‘ਤੇ ਭਾਰਤੀ ਫੌਜ ਅਤੇ ਬੀ. ਐੱਸ. ਐੱਫ. ਦੇ ਜਵਾਨ ਤਾਇਨਾਤ ਹਨ। ਬੀ.ਐੱਸ.ਐੱਫ. ਦੇ ਜਵਾਨ ਕਈ ਵਾਰ ਸਰਹੱਦ ‘ਤੇ ਪਾਕਿਸਤਾਨੀ ਡਰੋਨ ਨੂੰ ਉਡਦੇ ਹੋਏ ਦੇਖ ਚੁੱਕੇ ਹਨ। ਕਈ ਵਾਰ ਪਾਕਿਸਤਾਨੀ ਡਰੋਨ ਭਾਰਤੀ ਹਵਾਈ ਇਲਾਕੇ ‘ਚ ਘੁਸਪੈਠ ਵੀ ਕਰ ਜਾਂਦੇ ਹਨ ਅਤੇ ਕਈ ਵਾਰ ਚੌਕਸੀ ਦੇਖ ਕੇ ਵਾਪਸ ਵੀ ਚਲੇ ਜਾਂਦੇ ਹਨ। ਦੱਸਣਯੋਗ ਹੈ ਕਿ ਹਾਲ ਦੇ ਦਿਨਾਂ ‘ਚ ਜੰਮੂ-ਕਸ਼ਮੀਰ ਨਾਲ ਲੱਗਦੀ ਸਰਹੱਦ ਪਾਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਅਸਫ਼ਲ ਰਹਿਣ ਤੋਂ ਬਾਅਦ ਪਾਕਿਸਤਾਨ ਪੰਜਾਬ ਦੇ ਰਸਤੇ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ।