ਇਸ ਪੂਰੀ ਕਾਇਨਾਤ ਵਿੱਚ ਧਰਤੀ ਗ੍ਰਹਿ ਸਭਨਾਂ ਵਲੋਂ ਸਰਾਹਿਆ ਜਾਂਦੈ। ਆਪਣੇ ਬੇਹੱਦ ਚਮਕਦਾਰ ਨੀਲੇ ਨੂਰ ਕਾਰਨ ਨਹੀਂ। ਨਾ ਹੀ ਆਪਣੇ ਅਜੀਬੋ ਗ਼ਰੀਬ ਇੱਕ ਚੰਦਰਮਾਈ ਸਰੂਪ ਕਾਰਨ (ਪੂਰੇ ਬ੍ਰਹਿਮੰਡ ਵਿੱਚ ਧਰਤੀ ਹੀ ਇਕਲੌਤਾ ਅਜਿਹਾ ਗ੍ਰਹਿ ਹੈ ਜਿਸ ਕੋਲ ਇੱਕ ਚੰਦਰਮਾ ਹੈ)। ਇਸ ਕਰ ਕੇ ਕਿਉਂਕਿ ਵਿਰੋਧਾਭਾਸਾਂ ਅਤੇ ਤਰਾਸਦੀਆਂ ਦਾ ਆਕਾਸ਼ ਗੰਗਾ ਵਿੱਚ ਘਰ ਹੈ ਇਹ। ਸਾਰੇ ਉੱਤਰ ਰਹਿਤ ਪ੍ਰਸ਼ਨਾਂ ਦਾ ਰੂਹਾਨੀ ਜਨਮਸਥਾਨ। ਇੱਥੋਂ ਦੇ ਵਸਨੀਕ ਮਾਲਕ (ਮਾਲਕਣਾਂ) ਹਨ ਹਾਦਸਿਆਂ, ਤਰਕਹੀਣਤਾ ਅਤੇ ਅਸੰਭਵ ਦੀ ਹੱਦ ਤਕ ਹਾਸੋਹੀਣੇ ਹਾਲਾਤ ਦੇ। ਇਸ ਧਰਤੀ ਦੇ ਕੋਲੋਂ ਦੀ ਲੰਘਦੇ ਹੋਏ ਏਲੀਅਨਜ਼ ਵੀ ਅਕਸਰ ਜਾਣਬੁੱਝ ਕੇ ਆਪਣਾ ਰਸਤਾ ਬਦਲ ਕੇ ਇਧਰੋਂ ਦੀ ਹੋ ਕੇ ਜਾਂਦੇ ਹਨ, ਕੇਵਲ ਇੱਥੇ ਵਾਪਰ ਰਹੀ ਬੇਹੂਦਗੀ ਦਾ ਨਜ਼ਾਰਾ ਮਾਣਨ ਲਈ। ਉਨ੍ਹਾਂ ਨੂੰ ਦੇਖਣ ਲਈ ਬਹੁਤਾ ਕੁਝ ਨਾ ਦੇਈਓ!

ਇਹ ਸੰਸਾਰ ਦੂਸਰੇ ਲੋਕਾਂ ਨਾਲ ਭੱਰਿਆ ਪਿਐ। ਇਹ, ਆਪਣੇ ਆਪ ਵਿੱਚ, ਇੰਨੀ ਮਾੜੀ ਗੱਲ ਨਹੀਂ। ਮਸਲਾ ਇਹ ਹੈ ਕਿ ਉਨ੍ਹਾਂ ਦੀ ਮਜਾਲ ਇੰਨੀ ਵੱਧ ਚੁੱਕੀ ਹੈ ਕਿ ਉਹ ਆਪਣੇ ਆਪ ਨੂੰ ਤੁਹਾਡੇ ਜਿੰਨਾ ਹੀ ਅਹਿਮ ਸਮਝਣ ਦੀ ਗ਼ੁਸਤਾਖ਼ੀ ਕਰਨ ਲੱਗੇ ਹਨ। ਉਹ ਆਪਣੇ ਵਿਚਾਰ ਪੇਸ਼ ਕਰਨ ‘ਤੇ ਵੀ ਬਜ਼ਿਦ ਹਨ ਹਾਲਾਂਕਿ ਸਪੱਸ਼ਟ ਰੂਪ ਵਿੱਚ ਉਨ੍ਹਾਂ ਦੀ ਸੋਚ ਕੁਰਾਹੇ ਪਈ ਹੋਈ ਹੈ ਕਿਉਂਕਿ ਉਹ ਤੁਹਾਡੀ ਵਿਚਾਰਧਾਰਾ ਨਾਲ ਉੱਕਾ ਹੀ ਮੇਲ ਨਹੀਂ ਖਾਂਦੀ! ਫ਼ਿਰ, ਉਹ ਤੁਹਾਨੂੰ ਉਹ ਇੱਜ਼ਤ ਦੇਣ ਵਿੱਚ ਵੀ ਅਸਫ਼ਲ ਰਹਿ ਜਾਂਦੇ ਹਨ ਜਿਸ ਦੇ ਤੁਸੀਂ ਹੱਕਦਾਰ ਹੋ। ਖ਼ੁਸ਼ੀ ਦੀ ਗੱਲ ਇਹ ਹੈ ਕਿ ਇਸ ਸਭ ਦਰਮਿਆਨ ਇੱਕ ਜਾਂ ਦੋ ਵਿਅਕਤੀ ਅਜਿਹੇ ਹਨ ਜਿਹੜੇ ਸੱਚਮੁੱਚ ਤੁਹਾਡੇ ਲਈ ਜਾਣਨ ਲਾਇਕ ਹਨ। ਜਿਸ ਤਰ੍ਹਾਂ ਦੀ ਉਕਸਾਹਟ ਦਾ ਮੁਕਾਬਲਾ ਤੁਹਾਨੂੰ ਹੋਰਨਾਂ ਤੋਂ ਕਰਨਾ ਪੈਂਦੈ, ਉਨ੍ਹਾਂ ਵਿਅਕਤੀਆਂ ਦੀ ਹਮਾਇਤ ਅਤੇ ਹਮਦਰਦੀ ਉਸ ਦੀ ਭਰਪਾਈ ਤੋਂ ਕਿਤੇ ਵੱਧ ਕਰ ਦਿੰਦੀ ਹੈ।

ਕੋਈ ਅਜਿਹੀ ਸ਼ੈਅ ਹੈ ਜਿਸ ਨੂੰ ਹਾਸਿਲ ਕਰਨ ਲਈ ਤੁਸੀਂ ਬੇਹੱਦ ਉਤਾਵਲੇ ਹੋ, ਇਸ ਖ਼ਦਸ਼ੇ (ਜਾਂ ਜਾਣਕਾਰੀ) ਦੇ ਬਾਵਜੂਦ ਕਿ ਕੋਈ ਵੀ ਸਿੱਧਾ ਪ੍ਰਸਤਾਵ ਠੁਕਰਾਏ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ। ਆਪਣੀ ਪ੍ਰਾਥਨਾ ਦੀ ਪ੍ਰਵਾਨਗੀ ਸੌਖੀ ਬਣਾਉਣ ਲਈ ਤੁਸੀਂ ਕੁਝ ਨਵੇਂ ਕਾਰਨ ਸਿਰਜਣ ਦੀ ਕੋਸ਼ਿਸ਼ ਵੀ ਕਰ ਰਹੇ ਹੋ। ਕੀ ਇਹ ਚਲਾਕੀ ਨਾਲ ਕਿਸੇ ਨੂੰ ਆਪਣੇ ਸਵਾਰਥ ਲਈ ਵਰਤਣ ਦੇ ਬਰਾਬਰ ਹੈ? ਸ਼ਾਇਦ। ਕੀ ਇਹ ਇੱਕ ਅਜਿਹੀ ਰਣਨੀਤੀ ਹੈ ਜਿਸ ਨਾਲ ਸਫ਼ਲਤਾ ਹਾਸਿਲ ਹੋਣ ਦੀ ਸੰਭਾਵਨਾ ਕਾਫ਼ੀ ਪ੍ਰਬਲ ਹੋ ਜਾਂਦੀ ਹੈ? ਬਿਲਕੁਲ! ਕਹਿੰਦੇ ਨੇ ਨਾ, ”ਆਸਮਾਨ ਉਨ੍ਹਾਂ ਦੀ ਹੀ ਮਦਦ ਕਰਦੈ ਜਿਹੜੇ ਆਪਣੀ ਮਦਦ ਖ਼ੁਦ ਕਰਨਾ ਜਾਣਦੇ ਨੇ।” ਤੁਸੀਂ ਆਸਮਾਨ ਦੀ ਮਦਦ ਕਰ ਰਹੇ ਹੋ ਤਾਂ ਕਿ ਉਹ ਤੁਹਾਡੀ ਮਦਦ ਕਰ ਸਕੇ। ਅਤੇ ਜਿੰਨਾ ਚਿਰ ਤੁਹਾਡੇ ਮਨ ‘ਚ ਆਪਣੇ ਅਮਲਾਂ ਦੇ ਇਖ਼ਲਾਕੀ ਪਹਿਲੂਆਂ ਨੂੰ ਲੈ ਕੇ ਤਸੱਲੀ ਹੈ, ਤੁਹਾਡੇ ਲਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ।

”ਉਹ ਬਹੁਤ ਹੀ ਵਧੀਆ ਦਿਨ ਸਨ, ਉਹ ਬਹੁਤ ਹੀ ਭੈੜੇ ਦਿਨ ਸਨ…” ਇਨ੍ਹਾਂ ਮਸ਼ਹੂਰ ਸਤਰਾਂ ਨਾਲ ਚਾਰਲਸ ਡਿਕਨਜ਼ ਨੇ ਆਪਣੇ ਨਾਵਲ ਆ ਟੇਲ ਔਫ਼ ਟੂ ਸਿਟੀਜ਼ (ਦੋ ਸ਼ਹਿਰਾਂ ਦੀ ਦਾਸਤਾਨ) ਦੀ ਸ਼ੁਰੂਆਤ ਕੀਤੀ ਸੀ। ਤੁਸੀਂ ਉਸ ਦੀਆਂ ਇਨ੍ਹਾਂ ਸਤਰਾਂ ਪਿੱਛੇ ਛੁਪੀ ਭਾਵਨਾ ਨੂੰ ਖ਼ੂਬ ਸਿਆਣਦੇ ਹੋ। ਇਸ ਵਕਤ ਤੁਹਾਡੀ ਜ਼ਿੰਦਗੀ ਵਿੱਚ ਵੀ ਤਾਂ ਦੋ ਸ਼ਹਿਰ ਵੱਸਦੇ ਨੇ। ਇੱਕ ਤਾਂ ਹੈ ਬੌਧਿਕ ਸਲਤਨਤ ਦਾ ਸ਼ਹਿਰ, ਅਤੇ ਦੂਸਰਾ ਹੈ ਪੂਰੀ ਤਰ੍ਹਾਂ ਨਾਲ ਭਾਵਨਾਤਮਕ। ਜਦੋਂ ਤਕ ਇਹ ਕਹਾਣੀ ਖ਼ਤਮ ਹੋਵੇਗੀ, ਇਨ੍ਹਾਂ ਦੋਹਾਂ ਦਰਮਿਆਨ ਦਾ ਫ਼ਰਕ ਘੱਟ ਤੋਂ ਘੱਟ ਸਪੱਸ਼ਟ ਹੁੰਦਾ ਜਾਵੇਗਾ। ਤੁਹਾਡੀਆਂ ਸੰਭਾਵਨਾਵਾਂ ਕਾਫ਼ੀ ਉੱਜਲ ਹਨ ਪਰ ਰਾਹ ‘ਚ ਮੁਸ਼ਕਿਲਾਂ ਵੀ ਨੇ। ਤੁਹਾਡੇ ਕੋਲ ਇੱਕ ਸੁਨਹਿਰੀ ਮੌਕਾ ਹੈ, ਪਰ ਉਸ ਨੂੰ ਬੋਚਣ ਲਈ ਤੁਹਾਨੂੰ ਇੱਕ ਖ਼ਤਰਨਾਕ ਅੜਿੱਕਾ ਪਾਰ ਕਰਨਾ ਪੈਣੈ। ਜਿਓਂ ਹੀ ਤੁਸੀਂ ਕਿਸੇ ਪੁਰਾਣੇ ਮਸਲੇ ਦਾ ਹੱਲ ਕੱਢ ਲਵੋਗੇ, ਤੁਹਾਡਾ ਦ੍ਰਿਸ਼ਟੀਕੋਣ ਬਦਲ ਜਾਵੇਗਾ।

ਤੁਸੀਂ ਇਸ ਨੂੰ ਕਿਉਂ ਪੜ੍ਹ ਰਹੇ ਹੋ? ਇਸ ਲਈ ਕਿਉਂਕਿ ਇਹ ਤੁਹਾਨੂੰ ਪੜ੍ਹਨਾ ਹੀ ਪੈਣਾ ਹੈ ਜਾਂ ਫ਼ਿਰ ਇਸ ਕਰ ਕੇ ਕਿਉਂਕਿ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ? ਚਲੋ ਚੰਗੈ। ਘੱਟੋਘੱਟ ਅਸੀਂ ਇੰਨਾ ਤਾਂ ਸਪੱਸ਼ਟ ਕਰ ਹੀ ਲਿਆ। ਹੁਣ ਜੇਕਰ ਅਸੀਂ ਇਸੇ ਸਪੱਸ਼ਟਤਾ ਨੂੰ ਕੁਝ ਹੋਰ ਸਵਾਲਾਂ ‘ਤੇ ਵੀ ਲਾਗੂ ਕਰ ਸਕੀਏ ਤਾਂ ਅਸੀਂ ਸ਼ਾਇਦ ਸੱਚਮੁੱਚ ਕਿਤੇ ਪਹੁੰਚ ਜਾਈਏ। ਕਈ ਪਹਿਲੂਆਂ ਤੋਂ, ਤੁਸੀਂ ਆਪਣੇ ਫ਼ਰਜ਼ ਦੀ ਪੁਕਾਰ ਤੋਂ ਕਿਤੇ ਜ਼ਿਆਦਾ ਕੰਮ ਕਰ ਰਹੇ ਹੋ। ਅਤੇ ਦੂਸਰਿਆਂ ਪੱਖਾਂ ਤੋਂ, ਤੁਹਾਨੂੰ ਆਪਣੇ ਫ਼ਰਜ਼ ਦੀ ਪੁਕਾਰ ਇੰਨੀ ਉੱਚੀ ਸੁਣਾਈ ਦੇ ਰਹੀ ਹੈ ਕਿ ਇਹ ਤੁਹਾਡੇ ਕੰਨ ਪਾੜ ਕੇ ਤੁਹਾਨੂੰ ਬਹਿਰਾ ਬਣਾ ਰਹੀ ਹੈ। ਹਕੀਕਤ, ਦਰਅਸਲ, ਇਹ ਹੈ ਕਿ ਤੁਹਾਡਾ ਫ਼ਰਜ਼ ਤਾਂ ਬੁੜਬੁੜਾਉਣ ਤੋਂ ਵੱਧ ਹੋਰ ਕੁਝ ਕਰ ਹੀ ਨਹੀਂ ਰਿਹਾ। ਜੋ ਤੁਹਾਨੂੰ ਸੁਣਾਈ ਦੇ ਰਿਹੈ ਉਹ ਹੈ ਤੁਹਾਡੀ ਕਿਸੇ ਜ਼ਿੰਮੇਵਾਰੀ ਦੀ ਗੂੰਜ। ਇਸ ਵਕਤ ਕੇਵਲ ਇਸ ਲਈ ਕੋਈ ਚੀਜ਼ ਨਾ ਕਰੋ ਕਿਉਂਕਿ ਤੁਸੀਂ ਰਿਣੀ ਮਹਿਸੂਸ ਕਰ ਰਹੇ ਹੋ। ਜੋ ਵੀ ਕਰਨਾ ਹੈ ਪ੍ਰੇਰਿਤ ਹੋ ਕੇ ਕਰੋ ਨਾ ਕਿ ਮਜਬੂਰ ਹੋ ਕੇ।