ਹਿੰਦੀ ਸਿਨੇਮਾ ਦੇ ਸੁਪਰਸਟਾਰ ਧਰਮਿੰਦਰ ਦਿਓਲ ਜਿਸ ਨੇ ਲੰਬੇ ਸਮੇਂ ਤਕ ਬੌਲੀਵੁਡ ‘ਤੇ ਰਾਜ ਕੀਤਾ ਸੀ ਹੁਣ ਫ਼ਿਲਮੀ ਦੁਨੀਆ ਤੋਂ ਦੂਰ ਆਪਣੇ ਫ਼ਾਰਮ ਹਾਊਸ ‘ਤੇ ਕੁਦਰਤ ਵਿੱਚ ਰਹਿ ਕੇ ਆਪਣਾ ਜ਼ਿਆਦਾਤਰ ਸਮਾਂ ਬਤੀਤ ਕਰਦੈ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਧਰਮਿੰਦਰ ਨੂੰ ਡੇਂਗੂ ਹੋ ਗਿਆ ਹੈ ਜਿਸ ਕਾਰਨ ਉਹ ਪੂਰੇ ਤਿੰਨ ਦਿਨ ਹਸਪਤਾਲ ‘ਚ ਵੀ ਦਾਖ਼ਲ ਰਿਹਾ। ਹੁਣ ਧਰਮਿੰਦਰ ਨੇ ਆਪਣੀ ਸਿਹਤ ਦੇ ਠੀਕ ਹੋਣ ਦੀ ਖ਼ਬਰ ਆਪਣੇ ਸੋਸ਼ਲ ਮੀਡੀਆ ‘ਤੇ ਫ਼ੈਨਜ਼ ਨਾਲ ਸਾਂਝੀ ਕੀਤੀ ਹੈ। ਧਰਮਿੰਦਰ ਦਿਓਲ ਨੇ ਇੱਕ ਤਸਵੀਰ ਇਨਸਟਾਗ੍ਰੈਮ ‘ਤੇ ਸਾਂਝੀ ਕਰਦੇ ਹੋਏ ਲਿਖਿਆ ”ਦੋਸਤੋ ਲਖਨਊ ਗਿਆ ਸੀ ਕਿ ਅਚਾਨਕ ਡੇਂਗੂ ਨਾਮ ਦੀ ਬੇਸ਼ਰਮ ਬੀਮਾਰੀ ਨੇ ਆ ਘੇਰਿਆ। ਹੁਣ ਥੋੜ੍ਹਾ ਆਰਾਮ ਹੈ। ਊਂਠ ‘ਤੇ ਬੈਠੇ ਨੂੰ ਵੀ ਕੁੱਤਾ ਵੱਡ ਜਾਂਦੈ।” ਦੱਸ ਦਈਏ ਪਿਛਲੇ ਦਿਨੀਂ ਧਰਮਿੰਦਰ ਆਪਣੇ ਪੋਤੇ ਕਰਨ ਦਿਓਲ ਦੀ ਡੈਬਿਊ ਫ਼ਿਲਮ ਪਲ ਪਲ ਦਿਲ ਕੇ ਪਾਸ ਦੇ ਪ੍ਰਮੋਸ਼ਨ ‘ਚ ਕਈ TV ਸ਼ੋਅਜ਼ ‘ਤੇ ਵੀ ਨਜ਼ਰ ਆਇਆ ਸੀ। ਕਰਨ ਦਿਓਲ ਦੇ ਫ਼ਿਲਮਾਂ ‘ਚ ਆਉਣ ਨਾਲ ਦਿਓਲ ਪਰਿਵਾਰ ਦੀ ਤੀਜੀ ਪੀੜ੍ਹੀ ਨੇ ਬੌਲੀਵੁਡ ‘ਚ ਕਦਮ ਰੱਖ ਲਿਆ ਹੈ ਹਾਲਾਂਕਿ ਫ਼ਿਲਮ ਬੌਕਸ ਆਫ਼ਿਸ ‘ਤੇ ਕੁਝ ਖ਼ਾਸ ਪ੍ਰਦਰਸ਼ਨ ਨਾ ਕਰ ਸਕੀ।