ਦੀਪਤੀ ਅੰਗਰੀਸ਼

ਫ਼ਿਲਮਾਂ ਵਿੱਚ ਜਦੋਂ ਤਕ ਖ਼ਲਨਾਇਕ ਦੀ ਗੱਲ ਨਾ ਹੋਵੇ ਤਾਂ ਕਹਾਣੀ ਕੁਝ ਅਧੂਰੀ ਜਿਹੀ ਲੱਗਦੀ ਹੈ। ਬੌਲੀਵੁਡ ਵਿੱਚ ਹੀਰੋਜ਼-ਹੀਰੋਇਨਜ਼ ਦੀਆਂ ਭੂਮਿਕਾਵਾਂ ਬੇਸ਼ੱਕ ਅਹਿਮ ਰਹਿੰਦੀਆਂ ਹਨ, ਪਰ ਖ਼ਲਨਾਇਕ ਦੇ ਕਿਰਦਾਰ ਨੂੰ ਵੀ ਘੱਟ ਨਹੀਂ ਮੰਨਿਆ ਜਾ ਸਕਦਾ। ਇੱਕ ਦੌਰ ਵਿੱਚ ਰਾਜ ਬੱਬਰ ਵਰਗੇ ਸੁਨੱਖੇ ਅਦਾਕਾਰ ਨੇ ਖ਼ਲਨਾਇਕ ਬਣਨ ਦਾ ਰਾਹ ਚੁਣਿਆ ਸੀ, ਅਤੇ ਉਹ ਖ਼ਲਨਾਇਕ ਦੇ ਰੂਪ ਵਿੱਚ ਛਾ ਗਿਆ ਸੀ। ਰਾਜ ਤੋਂ ਇਲਾਵਾ ਸ਼ਤਰੂਘਨ ਸਿਨਹਾ ਨੇ ਵੀ ਨਾਕਾਰਾਤਮਕ ਕਿਰਦਾਰ ਵਿੱਚ ਕਮਾਲ ਦੀ ਅਦਾਕਾਰੀ ਕੀਤੀ। ਅਮਿਤਾਭ ਬੱਚਨ, ਰਿਸ਼ੀ ਕਪੂਰ ਸਮੇਤ ਮਨੀਸ਼ ਬਹਿਲ ਵਰਗੇ ਕਈ ਵੱਡੇ ਕਲਾਕਾਰਾਂ ਨੇ ਕਦੇ ਨਾ ਕਦੇ ਖ਼ਲਨਾਇਕਾਂ ਦੀਆਂ ਭੂਮਿਕਾਵਾਂ ਪਰਦੇ ‘ਤੇ ਅਦਾ ਕੀਤੀਆਂ ਹਨ, ਅਤੇ ਉਹ ਦਰਸ਼ਕਾਂ ਨੂੰ ਪਸੰਦ ਵੀ ਆਈਆਂ। ਸ਼ਾਇਦ ਇਹੀ ਵਜ੍ਹਾ ਹੈ ਕਿ ਅੱਜ ਦੇ ਕਈ ਨਵੇਂ ਅਦਾਕਾਰ ਵੀ ਇਸ ਰਾਹ ‘ਤੇ ਤੁਰੇ ਹੋਏ ਹਨ। ਰਣਵੀਰ ਸਿੰਘ, ਨਵਾਜ਼ੂਦੀਨ ਸਦੀਕੀ ਤੋਂ ਲੈ ਕੇ ਅਕਸ਼ੇ ਕੁਮਾਰ ਤਕ ਬੌਲੀਵੁਡ ਵਿੱਚ ਖ਼ਲਨਾਇਕ ਦੇ ਕਿਰਦਾਰ ਕਰਦੇ ਦਿਖਾਈ ਦਿੰਦੇ ਹਨ।
ਕਦੇ ਬੌਲੀਵੁਡ ਵਿੱਚ ਅਮਜਦ ਖ਼ਾਨ, ਅਮਰੀਸ਼ ਪੁਰੀ, ਅਜੀਤ, ਰਣਜੀਤ, ਗੁਲਸ਼ਨ ਗਰੋਵਰ, ਸ਼ਕਤੀ ਕਪੂਰ ਤੋਂ ਲੈ ਕੇ ਪ੍ਰੇਮ ਚੋਪੜਾ ਅਤੇ ਡੈਨੀ ਵਰਗੇ ਖ਼ਲਨਾਇਕਾਂ ਦੀ ਤੂਤੀ ਬੋਲਦੀ ਸੀ। ਇਹ ਅਦਾਕਾਰ ਨਾਕਾਰਾਤਮਕ ਕਿਰਦਾਰ ਲਈ ਹੀ ਜਾਣੇ ਜਾਂਦੇ ਸਨ। ਇਨ੍ਹਾਂ ਦੀ ਮੌਜੂਦਗੀ ਤੋਂ ਬਿਨਾਂ ਫ਼ਿਲਮ ਅਧੂਰੀ ਲੱਗਦੀ ਸੀ। ਮੌਜੂਦਾ ਦੌਰ ਵਿੱਚ ਬੌਲੀਵੁਡ ਵਿੱਚ ਰੁਝਾਨ ਬਦਲ ਰਿਹਾ ਹੈ। ਹੁਣ ਵੱਡੇ ਪਰਦੇ ਦੇ ਨਾਇਕ ਵੀ ਖ਼ਲਨਾਇਕ ਦੀਆਂ ਭੂਮਿਕਾਵਾਂ ਕਰ ਕੇ ਆਪਣੀ ਪ੍ਰਤਿਭਾ ਸਾਬਿਤ ਕਰਨ ਵਿੱਚ ਲੱਗੇ ਹੋਏ ਹਨ। ਰਣਵੀਰ ਸਿੰਘ ਨੂੰ ਪਦਮਾਵਤ ਦੇ ਖਿਲਜੀ ਦੇ ਰੂਪ ਵਿੱਚ ਭਲਾ ਕੌਣ ਭੁੱਲ ਸਕਦਾ ਹੈ। ਅਕਸ਼ੇ ਕੁਮਾਰ ਕਈ ਫ਼ਿਲਮਾਂ ਵਿੱਚ ਨਾਕਾਰਾਤਮਕ ਕਿਰਦਾਰ ਨਿਭਾ ਚੁੱਕਿਆ ਹੈ। 2.0 ਵਿੱਚ ਖ਼ਲਨਾਇਕ ਦੀ ਭੂਮਿਕਾ ਨਾ ਸਿਰਫ਼ ਇੱਕ ਸੰਦੇਸ਼ ਦਰਸ਼ਕਾਂ ਤਕ ਪਹੁੰਚਾਉਂਦੀ ਹੈ ਬਲਕਿ ਸਾਬਿਤ ਕਰਦੀ ਹੈ ਕਿ ਉਹ ਕਿਸੇ ਵੀ ਕਿਰਦਾਰ ਵਿੱਚ ਫ਼ਿੱਟ ਬੈਠਦਾ ਹੈ। ਉਹ ਪਹਿਲੀ ਵਾਰ ਫ਼ਿਲਮ ਖਿਲਾੜੀ 420 ਵਿੱਚ ਇੱਕ ਖ਼ਲਨਾਇਕ ਦੇ ਰੂਪ ਵਿੱਚ ਨਜ਼ਰ ਆਇਆ ਸੀ। ਵਨਸ ਅਪੌਨ ਆ ਟਾਈਮ ਇਨ ਮੁੰਬਈ ਦੋਬਾਰਾ, ਬਲੂ ਤੋਂ ਇਲਾਵਾ ਅਜਨਬੀ ਵਿੱਚ ਵੀ ਅਕਸ਼ੈ ਦਾ ਨਾਕਾਰਾਤਮਕ ਕਿਰਦਾਰ ਤਾਰੀਫ਼ ਦੇ ਕਾਬਿਲ ਸੀ।
ਬੌਲੀਵੁਡ ਵਿੱਚ ਸਥਾਪਿਤ ਹੀਰੋ ਵੀ ਖ਼ਲਨਾਇਕ ਦਾ ਕਿਰਦਾਰ ਨਿਭਾ ਰਹੇ ਹਨ। ਰਣਵੀਰ ਸਿੰਘ ਤੋਂ ਇਲਾਵਾ ਚੰਕੀ ਪਾਂਡੇ ਫ਼ਿਲਮ ਸਾਹੋ, ਬੇਗ਼ਮ ਜਾਨ, ਹਾਸਰਸ ਅਦਾਕਾਰ ਸੌਰਭ ਸ਼ੁਕਲਾ ਫ਼ਿਲਮ ਰੇਡ, ਰਾਣਾ ਡੱਗੂਬਾਤੀ ਫ਼ਿਲਮ ਬਾਹੂਬਲੀ 2, ਪ੍ਰਿਥਵੀਰਾਜ ਸੁਕੁਮਾਰਨ ਫ਼ਿਲਮ ਨਾਮ ਸ਼ਬਾਨਾ, ਸਿਧਾਰਥ ਮਲਹੋਤਰਾ ਫ਼ਿਲਮ ਇਤਫ਼ਾਕ, ਸਾਜਿਦ ਡੇਲਫ਼ਰੂਜ਼ ਫ਼ਿਲਮ ਟਾਈਗਰ ਜ਼ਿੰਦਾ ਹੈ, ਰੋਹਿਤ ਰੌਇ ਅਤੇ ਰੋਨਿਤ ਰੌਇ ਫ਼ਿਲਮ ਕਾਬਿਲ ਵਿੱਚ ਖ਼ਲਨਾਇਕਾਂ ਦੇ ਰੂਪ ਵਿੱਚ ਨਜ਼ਰ ਆ ਚੁੱਕੇ ਹਨ।
ਖ਼ਲਨਾਇਕਾਂ ਦੀ ਹਰਮਨਪਿਆਰਤਾ ਸੁਪਰਸਟਾਰਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ। ਕਈ ਖ਼ਲਨਾਇਕਾਂ ਦੇ ਕਿਰਦਾਰਾਂ ਨੂੰ ਇੰਨਾ ਪਸੰਦ ਕੀਤਾ ਗਿਆ ਹੈ ਕਿ ਦਰਸ਼ਕਾਂ ਦੇ ਦਿਲਾਂ ਵਿੱਚ ਉਨ੍ਹਾਂ ਦੀ ਵਧੀਆ ਪਛਾਣ ਬਣ ਗਈ। ਇਨ੍ਹਾਂ ਦੀ ਸੂਚੀ ਕਾਫ਼ੀ ਲੰਬੀ ਹੈ। ਖ਼ਲਨਾਇਕ ਕੋਲ ਬੁਰਾ ਹੋਣ ਦੇ ਬਾਵਜੂਦ ਦਾਇਰਾ ਵੱਡਾ ਹੁੰਦਾ ਹੈ। ਹੀਰੋ ਤੋਂ ਉਸ ਦੀ ਹਾਰ ਅੰਤ ਵਿੱਚ ਹੀ ਹੁੰਦੀ ਹੈ, ਅਤੇ ਉਦੋਂ ਤਕ ਉਹ ਹੀਰੋ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ। ਧੂਮ 3 ਵਿੱਚ ਆਮਿਰ ਨੇ ਡਬਲ ਰੋਲ ਨਿਭਾਇਆ ਸੀ ਅਤੇ ਦੋਹੇਂ ਹੀ ਕਿਰਦਾਰ ਚੋਰ ਦੇ ਸਨ, ਪਰ ਉਸ ਨੇ ਫ਼ਿਲਮ ਦੇ ਹੀਰੋ ਅਭਿਸ਼ੇਕ ਬੱਚਨ ਅਤੇ ਉਦੇ ਚੋਪੜਾ ਤੋਂ ਜ਼ਿਆਦਾ ਤਾਰੀਫ਼ ਹਾਸਿਲ ਕੀਤੀ ਸੀ। ਜੇਕਰ ਧੂਮ ਸੀਰੀਜ਼ ਦੀ ਹੀ ਗੱਲ ਕੀਤੀ ਜਾਵੇ ਤਾਂ ਹੀਰੋ ਤੋਂ ਜ਼ਿਆਦਾ ਉਤਸੁਕਤਾ ਇਹ ਜਾਣਨ ਵਿੱਚ ਰਹਿੰਦੀ ਹੈ ਕਿ ਫ਼ਿਲਮ ਦਾ ਖ਼ਲਨਾਇਕ ਕੌਣ ਹੋਵੇਗਾ? ਹੌਲੀਵੁਡ ਵਿੱਚ ਇਹ ਉਤਸੁਕਤਾ ਜੇਮਜ਼ ਬੌਂਡ ਸੀਰੀਜ਼ ਵਿੱਚ ਰਹਿੰਦੀ ਹੈ ਕਿ ਬੌਂਡ ਸਾਹਮਣੇ ਖ਼ਲਨਾਇਕ ਕੌਣ ਹੋਵੇਗਾ?
ਦੂਜਾ ਉਦਾਹਰਣ ਲੈਂਦੇ ਹਾਂ ਸੈਫ਼ ਅਲੀ ਖ਼ਾਨ ਦਾ। ਉਸ ਦੇ ਕਰੀਅਰ ਨੂੰ ਦੂਜੀ ਜ਼ਿੰਦਗੀ ਖ਼ਲਨਾਇਕ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਮਿਲੀ। ਓਂਕਾਰਾ ਵਿੱਚ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਜੇਕਰ ਸੈਫ਼ ਨੂੰ ਲੰਗੜਾ ਤਿਆਗੀ ਦਾ ਕਿਰਦਾਰ ਨਾ ਦਿੱਤਾ ਹੁੰਦਾ ਤਾਂ ਸੈਫ਼ ਅੱਜ ਇੰਨਾ ਸਫ਼ਲ ਨਾ ਹੁੰਦਾ।
ਬੌਲੀਵੁਡ ਦਾ ਨੌਜਵਾਨ ਖ਼ਲਨਾਇਕ ਹੈ ਤਾਹਿਰ ਰਾਜ ਭਸੀਨ। ਉਸ ਨੇ ਵੀ ਫ਼ਰੈਡੀ ਦਾਰੂਵਾਲਾ ਦੀ ਤਰ੍ਹਾਂ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਖ਼ਲਨਾਇਕ ਤੋਂ ਕੀਤੀ ਅਤੇ ਸੁਪਰਹਿੱਟ ਵੀ ਹੋਇਆ। ਇਹ ਫ਼ਿਲਮ ਸੀ ਮਰਦਾਨੀ (2014)। ਇਸ ਫ਼ਿਲਮ ਵਿੱਚ ਖ਼ਲਨਾਇਕ ਦੀ ਭੂਮਿਕਾ ਇੰਨੀ ਮਜ਼ਬੂਤ ਸੀ ਕਿ ਤਾਹਿਰ ਨੂੰ ਕਈ ਐਵਾਰਡ ਵੀ ਮਿਲੇ। ਫ਼ਿਲਮ ਫ਼ੋਰਸ 2 ਵਿੱਚ ਵੀ ਤਾਹਿਰ ਨੇ ਖ਼ਲਨਾਇਕ ਦੀ ਭੂਮਿਕਾ ਨਿਭਾਈ ਹੈ।
ਉਂਝ ਤਾਂ ਰਿਤੇਸ਼ ਦੇਸ਼ਮੁਖ ਨੂੰ ਸਾਰੇ ਦਰਸ਼ਕ ਕੌਮੇਡੀ ਕਿੰਗ ਦੇ ਨਾਂ ਨਾਲ ਜਾਣਦੇ ਹਨ, ਪਰ ਏਕ ਵਿਲੇਨ ਵਿੱਚ ਉਸ ਦੀ ਨਾਕਾਰਾਤਮਕ ਭੂਮਿਕਾ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ? ਦੱਖਣ ਭਾਰਤ ਦੀ ਫ਼ਿਲਮ ਸਨਅਤ ਦਾ ਵੱਡਾ ਸਟਾਰ ਹੈ ਪ੍ਰਕਾਸ਼ ਰਾਜਾ। ਹਰ ਭਾਵ ਨੂੰ ਫ਼ਿਲਮੀ ਪਰਦੇ ‘ਤੇ ਬਿਹਤਰ ਤਰੀਕੇ ਨਾਲ ਉਤਾਰਨ ਵਾਲਾ ਇਹ ਅਦਾਕਾਰ ਹਰਫ਼ਨਮੌਲਾ ਹੈ। ਬੌਲੀਵੁਡ ਵਿੱਚ ਪ੍ਰਕਾਸ਼ ਰਾਜ ਉਮਦਾ ਅਦਾਕਾਰੀ ਲਈ ਸ਼ਲਾਘਾ ਹਾਸਿਲ ਕਰਦਾ ਹੈ। ਉਸ ਨੂੰ ਫ਼ਿਲਮ ਵੌਂਟੇਡ ਦੇ ਗਿੰਨੀ ਭਾਈ ਅਤੇ ਫ਼ਿਲਮ ਸਿੰਘਮ ਵਿੱਚ ਜੈਸ਼ੰਕਰ ਸ਼ਿਕਰੇ ਨਾਲ ਵਿਆਪਕ ਪਛਾਣ ਮਿਲੀ।
ਗੁਲਸ਼ਨ ਗਰੋਵਰ ਕਿਸੇ ਖ਼ਾਸ ਪਛਾਣ ਦਾ ਮੋਹਥਾਜ ਨਹੀਂ ਹੈ। ਪਿਛਲੇ ਚਾਰ ਦਹਾਕਿਆਂ ਤੋਂ ਉਹ ਬੌਲੀਵੁਡ ਵਿੱਚ ਖ਼ਲਨਾਇਕ ਦੀ ਭੂਮਿਕਾ ਨਿਭਾ ਰਿਹਾ ਹੈ। ਫ਼ਿਲਮ ਸੱਤਿਆ (1998) ਵਿੱਚ ਭੀਖੂਮਾਤਰੇ ਦੇ ਰੂਪ ਵਿੱਚ ਮਨੋਜ ਵਾਜਪਈ ਨੂੰ ਵਿਆਪਕ ਪਛਾਣ ਮਿਲੀ ਸੀ ਅਤੇ ਇਸ ਲਈ ਕਈ ਐਵਾਰਡ ਵੀ ਮਿਲੇ ਸਨ।
ਰੋਨਿਤ ਰੌਇ ਨੇ ਫ਼ਿਲਮੀ ਸਫ਼ਰ ਕਾਫ਼ੀ ਦੇਰੀ ਨਾਲ ਸ਼ੁਰੂ ਕੀਤਾ। ਉਸ ਨੇ TV ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕੀਤਾ ਸੀ। ਫ਼ਿਲਮੀ ਪਰਦੇ ‘ਤੇ ਉਸ ਨੇ ਮੁੱਖ ਅਤੇ ਸਹਾਇਕ ਅਦਾਕਾਰ ਵਜੋਂ ਕੁਝ ਫ਼ਿਲਮਾਂ ਕੀਤੀਆਂ, ਪਰ ਨਾ ਫ਼ਿਲਮਾਂ ਹਿੱਟ ਹੋਈਆਂ ਅਤੇ ਨਾ ਹੀ ਉਸ ਦੀ ਨਾਕਾਰਾਤਮਕ ਅਦਾਕਾਰੀ ਹੀ ਹਿੱਟ ਹੋਈ। ਸੋਨੂੰ ਸੂਦ ਦੱਖਣ ਭਾਰਤੀ ਫ਼ਿਲਮ ਸਨਅਤ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਅਦਾਕਾਰ ਹੈ। ਉਹ ਫ਼ਿਲਮਾਂ ਵਿੱਚ ਸਹਾਇਕ ਅਤੇ ਨਾਕਾਰਾਤਮਕ ਕਿਰਦਾਰ ਨਿਭਾਉਂਦਾ ਹੈ। ਬੌਲੀਵੁਡ ਵਿੱਚ ਉਸ ਨੂੰ ਸਭ ਤੋਂ ਸੁਨੱਖਾ ਖ਼ਲਨਾਇਕ ਕਹਿਣਾ ਗ਼ਲਤ ਨਹੀਂ ਹੋਵੇਗਾ। ਫ਼ਿਲਮਾਂ ਸਿੰਬਾ, ਆਰ. ਰਾਜਕੁਮਾਰ ਅਤੇ ਦਬੰਗ ਵਿੱਚ ਉਸ ਨੇ ਖ਼ਲਨਾਇਕਾਂ ਦੇ ਯਾਦਗਾਰੀ ਕਿਰਦਾਰ ਨਿਭਾਏ ਸਨ।
ਇੱਕ ਖ਼ਲਨਾਇਕ ਲਈ ਵਧੀਆ ਅਦਾਕਾਰੀ ਹੀ ਕਾਫ਼ੀ ਨਹੀਂ ਸਗੋਂ ਖ਼ਤਰਨਾਕ ਦਿੱਖ ਅਤੇ ਵੱਡੇ ਡੌਲਿਆਂ ਵਾਲਾ ਸ਼ਰੀਰ ਵੀ ਅਹਿਮ ਹੁੰਦਾ ਹੈ। ਇਸ ਮਾਪਦੰਡ ਵਿੱਚ ਰਾਹੁਲ ਦੇਵ ਬਿਲਕੁਲ ਫ਼ਿੱਟ ਹੈ। ਬੌਲੀਵੁਡ ਦੇ ਇਸ ਜਾਣੇ ਪਛਾਣੇ ਖ਼ਲਨਾਇਕ ਨੇ ਤਮਿਲ, ਤੇਲਗੂ, ਉੜੀਆ, ਪੰਜਾਬੀ, ਕੰਨੜ ਅਤੇ ਮਲਿਆਲਮ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਆਸ਼ੂਤੋਸ਼ ਰਾਣਾ ਨੇ ਪਿਛਲੇ ਦੋ ਦਹਾਕਿਆਂ ਤੋਂ ਬੌਲੀਵੁਡ ਵਿੱਚ ਯਾਦਗਾਰੀ ਖ਼ਲਨਾਇਕ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਦੁਸ਼ਮਨ (1999) ਅਤੇ ਸੰਘਰਸ਼ (2000) ਲਈ ਉਨ੍ਹਾਂ ਨੂੰ ਬਿਹਤਰੀਨ ਖ਼ਲਨਾਇਕ ਦਾ ਫ਼ਿਲਮਫ਼ੇਅਰ ਐਵਾਰਡ ਵੀ ਮਿਲ ਚੁੱਕਿਆ ਹੈ। ਫ਼ਰੈਡੀ ਦਾਰੂਵਾਲਾ ਨੌਜਵਾਨ ਖ਼ਲਨਾਇਕ ਹੈ। ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਹੀ ਇੱਕ ਖ਼ਲਨਾਇਕ ਵਜੋਂ ਕੀਤੀ ਅਤੇ ਹਿੱਟ ਵੀ ਹੋਇਆ। ਨਿਕਿਤਿਨ ਧੀਰ ਨੂੰ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ਜੋਧਾ ਅਕਬਰ ਵਿੱਚ ਦੇਖਿਆ ਗਿਆ ਸੀ। ਇਸ ਵਿੱਚ ਉਸ ਨੇ ਰਿਤਿਕ ਰੌਸ਼ਨ ਨਾਲ ਸਹਾਇਕ ਅਦਾਕਾਰ ਦਾ ਕਿਰਦਾਰ ਨਿਭਾਇਆ ਸੀ। ਉਸ ਤੋਂ ਬਾਅਦ ਫ਼ਿਲਮ ਚੇਨਈ ਐਕਸਪ੍ਰੈੱਸ ਨੇ ਉਸ ਨੂੰ ਹਰਮਨਪਿਆਰਾ ਬਣਾਇਆ। ਉਸ ਨੇ ਦਬੰਗ 2 ਅਤੇ ਰੇਡੀ ਵਿੱਚ ਖ਼ਲਨਾਇਕ ਦੀ ਭੂਮਿਕਾ ਨਿਭਾ ਕੇ ਕਾਫ਼ੀ ਚਰਚਾ ਹਾਸਿਲ ਕੀਤੀ ਸੀ।