ਬੌਲੀਵੁਡ ਦੀ ਦੇਸੀ ਗਰਲ ਅਤੇ ਹੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਸਫ਼ਲਤਾ ਦਾ ਕ੍ਰੈਡਿਟ ਖ਼ੁਦ ਨੂੰ ਹੀ ਦਿੰਦੀ ਹੈ। ਪ੍ਰਿੰਯਕਾ ਇਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਦਾ ਸਕਾਈ ਇਜ਼ ਪਿੰਕ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਸੀ ਜੋ ਕਿ ਹਾਲੇ ਪਿੱਛਲੇ ਹਫ਼ਤੇ ਹੀ ਰਿਲੀਜ਼ ਹੋਈ ਹੈ। ਪ੍ਰਿੰਯਕਾ ਨੇ ਬੌਲੀਵੁਡ ਦੇ ਨਾਲ ਹੀ ਹੌਲੀਵੁੱਡ ‘ਚ ਵੀ ਆਪਣੀ ਪਛਾਣ ਬਣਾ ਲਈ ਹੈ।
ਪ੍ਰਿੰਯਕਾ ਚੋਪੜਾ ਦਾ ਕਹਿਣਾ ਹੈ, ”ਆਪਣੀ ਸਫ਼ਲਤਾ ਦਾ ਸਭ ਤੋਂ ਜ਼ਿਆਦਾ ਕ੍ਰੈਡਿਟ ਤਾਂ ਮੈਂ ਖ਼ੁਦ ਨੂੰ ਦਿੰਦੀ ਹਾਂ ਕਿਉਂਕਿ ਇਸ ਮੁਕਾਮ ‘ਤੇ ਪਹੁੰਚਣ ਲਈ ਠੋਕਰਾਂ ਤਾਂ ਬਹੁਤ ਖਾਦੀਆਂ ਹਨ ਮੈਂ ਅਤੇ ਠੋਕਰਾਂ ਨਾਲ ਅੱਗੇ ਵਧਣ ਦੀ ਸਮਰਥਾ ਵੀ ਖ਼ੁਦ ਹੀ ਬਣਾ ਕੇ ਰੱਖੀ ਹੈ ਮੈਂ। ਉਸ ਤੋਂ ਬਾਅਦ ਇਸ ਸਫ਼ਲਤਾ ਦਾ ਵੱਡਾ ਕ੍ਰੈਡਿਟ ਮੈਂ ਆਪਣੇ ਮਾਤਾ-ਪਿਤਾ ਨੂੰ ਦੇਵਾਂਗੀ ਜਿਨ੍ਹਾਂ ਨੇ ਹਮੇਸ਼ਾ ਮੇਰਾ ਹੌਸਲਾ ਵਧਾਇਆ, ਇਸ ਲਾਇਕ ਬਣਾਇਆ ਕਿ ਠੋਕਰ ਲੱਗੇ ਤਾਂ ਫ਼ਿਰ ਤੋਂ ਮੈਂ ਖੜ੍ਹੀ ਹੋ ਸਕਾਂ।” ਪ੍ਰਿੰਯਕਾ ਨੇ ਕਿਹਾ ਕਿ ਇੱਕ ਜ਼ਰੂਰੀ ਗੱਲ ਹੈ ਕਿ ਬੰਦੇ ਨੂੰ ਆਪਣੀ ਵੈਲਿਉ ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ। ”ਅਸੀਂ ਜ਼ਿੰਦਗੀ ਦੂਜਿਆਂ ਲਈ ਨਹੀਂ ਜਿਉਂਦੇ ਸਗੋਂ ਜ਼ਿੰਦਗੀ ਆਪਣੇ ਲਈ ਹੀ ਜ਼ਿਉਂਦੇ ਹਾਂ, ਤੁਸੀਂ ਇੱਕਲੇ ਪੈਦਾ ਹੁੰਦੇ ਹੋ ਅਤੇ ਇੱਕਲੇ ਹੀ ਮਰਦੇ ਹੋ।”