ਮੁੰਬਈ – ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨਿਰਵਿਰੋਧ ਮੁਖੀ ਬਣਨ ਜਾ ਰਹੇ ਸੌਰਵ ਗਾਂਗੁਲੀ ਨੇ ਹਿਤਾਂ ਦੇ ਟਕਰਾਅ ਨੂੰ ਭਾਰਤੀ ਕ੍ਰਿਕਟ ਵਿੱਚ ਇੱਕ ਗੰਭੀਰ ਮਾਮਲਾ ਦੱਸਿਆ ਹੈ। ਖ਼ੁਦ ਵੀ ਹਿਤਾਂ ਦੇ ਟਕਰਾਅ ਦੇ ਮੁੱਦੇ ਦਾ ਸ਼ਿਕਾਰ ਹੋ ਚੁੱਕੇ ਅਤੇ ਇਸ ਮਾਮਲੇ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਕ੍ਰਿਕਟ ਸਲਾਹਕਾਰ ਕਮੇਟੀ ਤੋਂ ਅਸਤੀਫ਼ਾ ਦੇਣ ਵਾਲੇ ਸਾਬਕਾ ਭਾਰਤੀ ਕਪਤਾਨ ਗਾਂਗੁਲੀ ਨੇ ਇਸ ਮੁੱਦੇ ‘ਤੇ ਪਹਿਲੀ ਵਾਰ ਜਨਤਕ ਤੌਰ ‘ਤੇ ਇਹ ਗੱਲ ਕਹੀ। ਗਾਂਗੁਲੀ ਨੇ ਕਿਹਾ, ”ਅਜਿਹੀ ਸਥਿਤੀ ਵਿੱਚ ਅਸੀਂ BCCI ਵਿੱਚ ਸਰਵਸ੍ਰੇਸ਼ਠ ਕ੍ਰਿਕਟਰਾਂ ਨੂੰ ਕਿਵੇਂ ਸ਼ਾਮਿਲ ਕਰ ਸਕਾਂਗੇ ਕਿਉਂਕਿ ਇਨ੍ਹਾਂ ਕ੍ਰਿਕਟਰਾਂ ਕੋਲ ਹੋਰ ਬਿਹਤਰ ਬਦਲ ਵੀ ਮੌਜੂਦ ਹਨ। ਜੇਕਰ ਉਹ BCCI ਨਾਲ ਜੁੜਦੇ ਹਨ ਅਤੇ ਆਪਣਾ ਖ਼ਰਚਾ ਚਲਾਉਣ ਲਈ ਜੋ ਕਰਨਾ ਹੁੰਦਾ ਹੈ ਉਹ ਨਾ ਕਰ ਸਕਣ ਤਾਂ ਉਨ੍ਹਾਂ ਲਈ ਇਸ ਵਿਵਸਥਾ ਨਾਲ ਜੁੜੇ ਰਹਿਣਾ ਕਾਫ਼ੀ ਮੁਸ਼ਕਿਲ ਹੋਵੇਗਾ।”

ਖੱਬੇ ਹੱਥ ਦੇ ਇਸ ਧਾਕੜ ਬੱਲੇਬਾਜ਼ ਨੇ BCCI ਅਹੁਦੇ ਲਈ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਤੋਂ ਬਾਅਦ ਹਿਤਾਂ ਦੇ ਟਕਰਾਅ ਦੇ ਮੁੱਦੇ ‘ਤੇ ਇਹ ਗੱਲ ਕਹੀ। ਟੀਮ ਇੰਡੀਆ ਦੇ ਕੋਚ ਦੇ ਰੂਪ ਵਿੱਚ ਰਵੀ ਸ਼ਾਸਤਰੀ ਦੀ ਚੋਣ ਕਰਨ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਦੇ ਤਿੰਨ ਮੈਂਬਰਾਂ ਕਪਿਲ ਦੇਵ, ਅੰਸ਼ੁਮਨ ਗਾਇਕਵਾੜ ਅਤੇ ਸ਼ਾਂਤਾ ਰੰਗਾਸਵਾਮੀ ਨੇ ਹਿਤਾਂ ਦੇ ਟਕਰਾਅ ਦੇ ਦੋਸ਼ਾਂ ਤੋਂ ਬਾਅਦ ਇਸ ਕਮੇਟੀ ਤੋਂ ਹਾਲ ਹੀ ਵਿੱਚ ਅਸਤੀਫ਼ਾ ਦੇ ਦਿੱਤਾ ਸੀ। ਕਪਿਲ ਨੇ ਤਾਂ ਇਸ ‘ਤੇ ਬਾਕਾਇਦਾ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਅਜਿਹੀ ਸਥਿਤੀ ਵਿੱਚ ਕੋਈ ਵੀ ਕ੍ਰਿਕਟਰ ਭਵਿੱਖ ਵਿੱਚ BCCI ਨਾਲ ਨਹੀਂ ਜੁੜ ਸਕੇਗਾ।

ਜ਼ਿਕਰਯੋਗ ਹੈ ਕਿ ਗਾਂਗੁਲੀ ਨੂੰ ਵੀ ਹਿਤਾਂ ਦੇ ਟਕਰਾਅ ਕਾਰਨ BCCI ਕ੍ਰਿਕਟ ਸਲਾਹਕਾਰ ਕਮੇਟੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਗਾਂਗੁਲੀ ਉਸ ਸਮੇਂ ਕਮੇਟੀ ਦਾ ਮੈਂਬਰ ਹੋਣ ਤੋਂ ਇਲਾਵਾ ਕੌਮੈਂਟਟੇਰ, IPL ਦੀ ਟੀਮ ਦਿੱਲੀ ਕੈਪੀਟਲਜ਼ ਦਾ ਕੋਚਿੰਗ ਸਟਾਫ਼ ਅਤੇ ਬੰਗਾਲ ਕ੍ਰਿਕਟ ਸੰਘ ਦੇ ਮੁਖੀ ਦੇ ਅਹੁਦੇ ‘ਤੇ ਵੀ ਤਾਇਨਾਤ ਸੀ। BCCI ਦੇ ਨਵੇਂ ਸੰਵਿਧਾਨ ਮੁਤਾਬਿਕ ਕੋਈ ਵੀ ਇੱਕ ਵਿਅਕਤੀ ਭਾਰਤੀ ਕ੍ਰਿਕਟ ਵਿੱਚ ਇੱਕ ਸਮੇਂ ਵਿੱਚ ਸਿਰਫ਼ ਇੱਕ ਹੀ ਅਹੁਦਾ ਸੰਭਾਲ ਸਕਦਾ ਹੈ ਜਿਸ ਦਾ ਗਾਂਗੁਲੀ ਨੇ ਵੀ ਵਿਰੋਧ ਕੀਤਾ ਸੀ।