ਰਵੀ ਕਾਹਲੋਂ, MLA ਡੈਲਟਾ ਨੌਰਥ, BC
ਦੋ ਸਾਲ ਪਹਿਲਾਂ ਜਗਮੀਤ ਸਿੰਘ ਨੇ NDP ਦਾ ਲੀਡਰ ਬਣ ਕੇ ਨਵਾਂ ਇਤਿਹਾਸ ਸਿਰਜਿਆ ਸੀ। ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਉਸ ਨੂੰ ਲੀਡਰਜ਼ ਡੀਬੇਟ ਵਿੱਚ ਹਿੱਸਾ ਲੈਦਿਆਂ ਦੇਖਣ ਤੋਂ ਪਹਿਲਾਂ ਭੂਰੀ ਚਮੜੀ ਵਾਲੇ ਘੱਟ-ਗਿਣਤੀ ਫ਼ੈਡਰਲ ਲੀਡਰ ਦੀ ਮਹੱਤਤਾ ਨੂੰ ਮਹਿਸੂਸ ਕੀਤਾ ਹੋਵਗਾ। ਓਦੋਂ ਤੋਂ ਲੈ ਕੇ ਹੁਣ ਤਕ ਨਾ ਸਿਰਫ਼ ਜਗਮੀਤ ਸਿੰਘ ਨੇ ਲੱਖਾਂ ਕੈਨੇਡੀਅਨਾਂ ਨੇ ਦਿਲ ਜਿੱਤੇ ਹਨ ਸਗੋਂ ਉਸ ਨੇ ਕੌਮਾਂਤਰੀ ਭਾਈਚਾਰੇ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਇਸ ਸਭ ਕੁੱਝ ਨੇ ਕੈਨੇਡਾ ਦੇ ਰੰਗਦਾਰ ਲੋਕਾਂ ਨੂੰ ਬਹੁਤ ਵੱਡੇ ਪੱਧਰ ਅਤੇ ਪ੍ਰਭਾਵਤ ਕੀਤਾ ਹੈ ਜਿੰਨਾਂ ਨੂੰ ਹੁਣ ਇਹ ਮਹਿਸੂਸ ਹੋ ਰਿਹਾ ਹੈ ਕਿ ਕਿਸੇ ਨੇ ਤਾਂ ਉਨ੍ਹਾਂ ਦੇ ਰਾਹ ਵਿੱਚ ਬਣੀ ਕੱਚ ਦੀ ਸੀਮਾ ਨੂੰ ਤੋੜਿਆ ਹੈ।

ਮੇਰੇ ਬਚਪਨ ਸਮੇਂ ਕੈਨੇਡਾ ਦਾ ਰੂਪ ਵੱਖਰਾ ਸੀ। ਇੱਕ ਬੱਚੇ ਦੇ ਤੌਰ ਮੈਂ ਜਿਸ ਨੂੰ ਵੀ ਜਾਣਦਾ ਸੀ, ਉਹ ਸਾਰੇ ਹੀ ਰੋਜ਼ੀ ਰੋਟੀ ਲਈ ਹੱਥ ਪੈਰ ਮਾਰ ਰਹੇ ਸਨ। ਮੈਂ ਕਦੀ ਵੀ ਨਹੀਂ ਸੀ ਸੋਚਿਆ ਕਿ ਇੱਕ ਦਿਨ ਮੈਂ ਓਲੰਪਿਕਸ ਖੇਡਾਂ ਵਿੱਚ ਕੈਨੇਡਾ ਦੀ ਪ੍ਰਤੀਨਿਧਤਾ ਕਰ ਸਕਾਂਗਾ ਜਾਂ ਫ਼ਿਰ ਵਿਧਾਨ ਸਭਾ ਲਈ ਚੁਣਿਆ ਜਾਵਾਂਗਾ। ਇਹ ਸਭ ਕੁੱਝ ਸਾਡੇ ਲਈ ਰੋਜ਼ਮੱਰਾ ਦੀ ਜ਼ਿੰਦਗੀ ਤੋਂ ਬਾਹਰ ਦੀਆਂ ਗੱਲਾਂ ਸਨ। ਸਾਡੇ ਸਮਾਜ ਵਿੱਚ ਬਹੁਤ ਕੁੱਝ ਬਦਲਿਆ ਹੈ, ਪਰ ਅਜੇ ਵੀ ਹੋਰ ਬਹੁਤ ਕੁੱਝ ਕੀਤੇ ਜਾਣ ਦੀ ਲੋੜ ਹੈ। ਸਿਰ ‘ਤੇ ਪੱਗ ਬੰਨ੍ਹੀ ਹੋਣ ਕਾਰਨ ਠੁਡੇ ਮਾਰ ਮਾਰ ਕੁੱਟਣ ਤੋਂ ਲੈ ਕੇ ਮਸਜਿਦਾਂ, ਗੁਰੁਦੁਆਰਿਆਂ ਅਤੇ ਮੰਦਰਾਂ ਵਿੱਚ ਭੰਨ ਤੋੜ ਕਰਨ ਦੀ ਘਟਨਾਵਾਂ ਕਰ ਕੇ ਰੰਗਦਾਰ ਲੋਕਾਂ ਵਿੱਚ ਡਰ ਸੀ ਅਤੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਸਨ ਕਰਦੇ।
ਭਾਵੇਂ ਇਸ ਵਾਰ ਚੋਣਾਂ ਵਿੱਚ ਫ਼ਿਰਕਾਪ੍ਰਸਤੀ ਅਤੇ ਭਾਈਚਾਰਕ ਸਾਂਝ ਨੂੰ ਲੈ ਬਹੁਤ ਔਖੀਆਂ ਟਿੱਪਣੀਆਂ ਹੋਈਆਂ ਹਨ, ਪਰ ਨਾਲ ਦੀ ਨਾਲ ਅਜਿਹਾ ਵੀ ਬਹੁਤ ਕੁੱਝ ਵਾਪਰਿਆ ਹੈ ਜਿਸ ਨਾਲ ਉਮੀਦ ਬੱਝਦੀ ਦਿਖਾਈ ਦਿੰਦੀ ਹੈ। ਜਦੋਂ ਮੈਂ ਅਤੇ ਮੇਰਾ ਬੇਟਾ ਇਕੱਠੇ ਬੈਠ ਕੇ TV ਦੇਖਦੇ ਹਾਂ ਅਤੇ ਉਹ ਆਪਣੇ ਅੰਕਲ ਜਗਮੀਤ ਸਿੰਘ ਨੂੰ ਖ਼ਬਰਾਂ ਵਿੱਚ ਦੇਖਦਾ ਹੈ ਤਾਂ ਉਹ ਇੱਕ ਅਜਿਹੇ ਸ਼ਖ਼ਸ ਨੂੰ ਦੇਖਦੈ ਜੋ ਉਸ ਨਾਲ ਮਿਲਦਾ ਜੁਲਦਾ ਹੈ। ਉਹ ਅਜਿਹੀਆਂ ਸੰਭਾਵਨਾਵਾਂ ਦਾ ਕਿਆਸ ਕਰਦਾ ਹੈ ਜੋ ਮੈਂ ਕਦੇ ਮਹਿਸੂਸ ਵੀ ਨਹੀਂ ਸਨ ਕੀਤੀਆਂ।
ਜਗਮੀਤ ਸਿੰਘ ਲਈ ਰਾਹ ਇੰਨਾਂ ਵੀ ਪੱਧਰਾ ਨਹੀਂ ਰਿਹਾ। ਚੋਣ ਪ੍ਰਚਾਰ ਦੌਰਾਨ ਕੁੱਝ ਲੋਕਾਂ ਵਲੋਂ ਉਸ ਨਾਲ ਕੀਤੀਆਂ ਦੁਖਦਾਈ ਗੱਲਾਂ ਵੀ ਅਸੀਂ ਭਲੀਭਾਂਤ ਦੇਖੀਆਂ-ਸੁਣੀਆਂ ਹਨ, ਪਰ ਜਗਮੀਤ ਸਿੰਘ ਜਿਸ ਸੂਝ-ਬੂਝ ਅਤੇ ਦਿਆਨਦਾਰੀ ਨਾਲ ਨਫ਼ਰਤ ਅਤੇ ਨਸਲਪ੍ਰਸਤੀ ਦਾ ਜੁਆਬ ਦਿੰਦਾ ਹੈ ਉਸ ਨੇ ਮੇਰਾ ਦਿਲ ਜਿਤਿਆ ਹੈ, ਅਤੇ ਮੈਨੂੰ ਸਿੰਘ ਤੋਂ ਪ੍ਰੇਰਨਾ ਮਿਲੀ ਹੈ।
ਇਹ ਵੀ ਇੱਕ ਸਚਾਈ ਹੈ ਕਿ ਇਸ ਨਾਲ ਜਗਮੀਤ ਸਿੰਘ ਦੀ ਬਹੁਤ ਪ੍ਰਸ਼ੰਸਾ ਹੋਈ ਹੈ, ਪਰ ਇਸ ਵਿੱਚ ਇੱਕ ਗੱਲ ਜੋ ਨੋਟ ਕਰਨ ਵਾਲੀ ਹੈ ਉਹ ਇਹ ਹੈ ਕਿ ਜਗਮੀਤ ਸਿੰਘ ਨੇ ਦੁਨੀਆਂ ਨੂੰ ਇਹ ਅਹਿਸਾਸ ਕਰਵਾਇਆ ਕਿ ਉਹ ਆਪਣੇ ਨਿੱਜ ਦੀ ਗੱਲ ਨਹੀਂ ਕਰਦਾ ਸਗੋਂ ਉਸ ਨੇ ਕੈਨੇਡਾ ਦੇ ਸਧਾਰਨ ਲੋਕਾਂ ਨੂੰ ਅੱਗੇ ਰੱਖਿਐ ਜੋ ਨਿੱਤ ਦਿਨ ਅਜਿਹੀਆਂ ਹਾਲਤਾਂ ਦਾ ਸਾਹਮਣਾ ਕਰਦੇ ਹਨ।
ਇਹੀ ਕਾਰਨ ਹੈ ਕਿ ਜਗਮੀਤ ਸਿੰਘ ਦੇ ਚੋਣ ਪ੍ਰਚਾਰ ਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਾਡੇ ਵਰਗੇ ਲੋਕ ਜੋ ਉਸ ਨੂੰ ਨੇੜਿਓਂ ਜਾਣਦੇ ਹਨ ਉਨ੍ਹਾਂ ਨੂੰ ਜਗਮੀਤ ਲਈ ‘ਵਿਸ਼ਵਾਸਯੋਗ, ਹਕੀਕਤ ਨਾਲ ਜੁੜਿਆ ਹੋਇਆ ਇਨਸਾਨ ਅਤੇ ਸਹੀ ਕਾਰਨਾਂ ਕਰ ਕੇ ਮੈਦਾਨ ਵਿੱਚ ਹੋਣ’ ਵਰਗੇ ਵਿਸ਼ੇਸ਼ਣ ਵਰਤੇ ਜਾਂਦੇ ਸੁਣ ਕੇ ਹੈਰਾਨੀ ਨਹੀਂ ਹੁੰਦੀ। ਇਹ ਸਭ ਕੁੱਝ ਵੋਟਾਂ ਲੈਣ ਲਈ ਨਹੀਂ ਸਗੋਂ ਉਹ ਅਸਲ ਵਿੱਚ ਪਹਿਲਾਂ ਵੀ ਇੰਝ ਹੀ ਸੀ ਅਤੇ ਹੁਣ ਵੀ ਇਸ ਤਰਾਂ ਦਾ ਹੀ ਹੈ। ਆਮ ਲੋਕਾਂ ਦਾ ਜੁਝਾਰੂ ਆਗੂ ਜਿਹੜਾ ਸਾਧਾਰਨ ਕੈਨੇਡੀਅਨਾਂ ਦੀ ਆਵਾਜ਼ ਹੈ ਅਤੇ ਸਮਾਜ ਵਿੱਚ ਨਿਆਂ ਅਤੇ ਬਰਾਬਰੀ ਲਿਆਉਣ ਲਈ ਲੜਾਈ ਲੜ ਰਿਹਾ ਹੈ।
ਮੈਨੁੰ ਪਤਾ ਹੈ ਕਿ ਉਸਨੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕੀਤਾ ਹੈ। ਜਗਮੀਤ ਸਿੰਘ ਨੇ ਮੈਨੂੰ ਵੀ ਬਹੁਤ ਪ੍ਰੇਰਿਤ ਕੀਤਾ ਹੈ।