ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਾਲ ਸੁਪਰਹਿੱਟ ਫ਼ਿਲਮ ਛੜਾ ਦੇਣ ਤੋਂ ਬਾਅਦ ਇਨ੍ਹੀਂ ਦਿਨੀਂ ਆਪਣੀ ਨਵੀਂ ਪੰਜਾਬੀ ਫ਼ਿਲਮ ਜੋੜੀ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ। ਅੰਮ੍ਰਿਤਸਰ ‘ਚ ਚੱਲ ਰਹੀ ਇਸ ਫ਼ਿਲਮ ਨੂੰ ਅੰਬਰਦੀਪ ਸਿੰਘ ਡਾਇਰੈਕਟ ਕਰ ਰਿਹਾ ਹੈ। ਉਸ ਨੇ ਹੀ ਫ਼ਿਲਮ ਦੀ ਕਹਾਣੀ, ਸਕ੍ਰੀਨਪਲੇਅ ਅਤੇ ਡਾਇਲੌਗ ਲਿਖੇ ਹਨ। ਇਹ ਫ਼ਿਲਮ ਰਿਦਮ ਬੁਆਏਜ਼ ਐਂਟਰਟੇਨਮੈਂਟ ਅਤੇ ਡੈਲਮੌਰਾ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਹੈ। ਨਿਰਮਾਤਾ ਅਮਰਿੰਦਰ ਗਿੱਲ, ਕਾਰਜ ਗਿੱਲ ਦੀ ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਨਾਲ ਬਤੌਰ ਹੀਰੋਇਨ ਪੰਜਾਬੀ ਗਾਇਕਾ ਨਿਮਰਤ ਖਹਿਰਾ ਨਜ਼ਰ ਆਵੇਗੀ।
ਨਿਮਰਤ ਖਹਿਰਾ ਦੀ ਅਦਾਕਾਰਾ ਵਜੋਂ ਇਹ ਤੀਜੀ ਫ਼ਿਲਮ ਹੋਵੇਗੀ। ਉਹ ਪਹਿਲੀ ਵਾਰ ਪੰਜਾਬੀ ਫ਼ਿਲਮ ਲਹੌਰੀਏ ‘ਚ ਨਜ਼ਰ ਆਈ ਸੀ। ਬਤੌਰ ਹੀਰੋਇਨ ਉਸ ਦੀ ਪਹਿਲੀ ਫ਼ਿਲਮ ਤਰਸੇਮ ਜੱਸੜ ਨਾਲ ਅਫ਼ਸਰ ਸੀ। ਹੁਣ ਉਹ ਪਹਿਲੀ ਵਾਰ ਦਿਲਜੀਤ ਦੋਸਾਂਝ ਨਾਲ ਬਤੌਰ ਹੀਰੋਇਨ ਜੋੜੀ ‘ਚ ਕੰਮ ਕਰ ਰਹੀ ਹੈ। ਇਸ ਫ਼ਿਲਮ ਦਾ ਨਿਰਮਾਣ ਅਮਰਿੰਦਰ ਗਿੱਲ ਅਤੇ ਉਸ ਦੀ ਟੀਮ ਕਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਣੀ ਟੀਮ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਸ ਫ਼ਿਲਮ ‘ਚ ਵੀ ਅਮਰਿੰਦਰ ਗਿੱਲ ਮਹਿਮਾਨ ਭੂਮਿਕਾ ‘ਚ ਨਜ਼ਰ ਆਵੇਗਾ, ਪਰ ਫ਼ਿਲਹਾਲ ਇਸ ਬਾਰੇ ਕੁਝ ਵੀ ਪੱਕਾ ਨਹੀਂ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿਲਜੀਤ ਦੁਸਾਂਝ ਆਪਣੀ ਫ਼ਿਲਮ ਸੱਜਣ ਸਿੰਘ ਰੰਗਰੂਟ ‘ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਕੰਮ ਕਰ ਚੁੱਕਾ ਹੈ। ਉਹ ਪਹਿਲਾ ਹੀਰੋ ਹੈ ਜੋ ਪੰਜਾਬੀ ਗਾਇਕਾਵਾਂ ਨਾਲ ਪਰਦੇ ‘ਤੇ ਕੰਮ ਕਰ ਰਿਹਾ ਹੈ।