ਜੈਪੁਰ ਦੀ ਇੱਕ ਸਥਾਨਕ ਅਦਾਲਤ ਨੇ ਬੌਲੀਵੁਡ ਐਕਟਰ ਅਤੇ ਸੰਸਦ ਮੈਂਬਰ ਸਨੀ ਦਿਓਲ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਨੂੰ ਸ਼ੂਟਿੰਗ ਦੌਰਾਨ ਟਰੇਨ ਰੋਕਣ ਦੇ 22 ਸਾਲ ਪੁਰਾਣੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਸਨੀ ਅਤੇ ਕਰਿਸ਼ਮਾ ਦੇ ਵਕੀਲ ਏ. ਕੇ. ਜੈਨ ਨੇ ਦੱਸਿਆ ਕਿ ਜੈਪੁਰ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਬੀਤੇ ਹਫ਼ਤੇ ਸੁਣਵਾਈ ਤੋਂ ਬਾਅਦ ਦੋਹਾਂ ਕਲਾਕਾਰਾਂ ਨੂੰ ਦੋਸ਼ ਮੁਕਤ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦੇ ਜੱਜ ਪਵਨ ਕੁਮਾਰ ਨੇ ਦੋਹਾਂ ਕਲਾਕਾਰਾਂ ਵਲੋਂ ਪੇਸ਼ ਅਰਜ਼ੀ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਬਰੀ ਕੀਤਾ।
ਅਰਜੀ ਵਿੱਚ ਸਨੀ ਦਿਓਲ ਅਤੇ ਕਰਿਸ਼ਮਾ ਨੇ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਚੇਨ-ਪੁਲਿੰਗ ਦੇ ਮਾਮਲੇ ਵਿੱਚ ਰੇਲਵੇ ਅਦਾਲਤ ਦੇ ਫ਼ੈਸਲੇ ਨੂੰ ਸੈਸ਼ਨ ਕੋਰਟ ‘ਚ ਚੁਣੌਤੀ ਦਿੱਤੀ ਸੀ। ਚੇਨ-ਪੁਲਿੰਗ ਦੀ ਇਹ ਕਥਿਤ ਘਟਨਾ 1997 ਵਿੱਚ ਫ਼ਿਲਮ ਬਜਰੰਗ ਦੀ ਸ਼ੂਟਿੰਗ ਦੌਰਾਨ ਹੋਈ ਸੀ।
ਇਸ ਵਿਚਕਾਰ ਸਨੀ ਦਿਓਲ ਅਤੇ ਕਰਿਸ਼ਮਾ ‘ਤੇ ਟਰੇਨ 2413-A ਅਪਲਿੰਕ ਐੱਕਸਪ੍ਰੈੱਸ ਦੀ ਚੇਨ ਬਿਨਾਂ ਕਾਰਨ ਖਿੱਚਣ ਦਾ ਦੋਸ਼ ਲਗਾਇਆ ਗਿਆ ਸੀ ਜਿਸ ਕਾਰਨ ਟਰੇਨ 25 ਮਿੰਟ ਲੇਟ ਹੋ ਗਈ ਸੀ।