ਨਵੀਂ ਦਿੱਲੀ – ਨਿਊ ਜ਼ੀਲੈਂਡ ਦੇ ਹਰਫ਼ਨਮੌਲਾ ਕ੍ਰਿਕਟਰ ਜਿਮੀ ਨੀਸ਼ਮ ਨੇ ਕੌਮਾਂਤਰੀ ਕ੍ਰਿਕਟ ਸੰਘ (ICC) ਦਾ ਓਦੋਂ ਮਜ਼ਾਕ ਉਡਾਇਆ ਜਦੋਂ ਖੇਡ ਦੀ ਚੋਟੀ ਦੀ ਇਸ ਇਕਾਈ ਨੇ ਬਾਊਂਡਰੀ ਗਿਣਨ ਦਾ ਵਿਵਾਦਤ ਨਿਯਮ ਇਸ ਹਫ਼ਤੇ ਦੇ ਸ਼ੁਰੂ ‘ਚ ਹਟਾਉਣ ਦਾ ਫ਼ੈਸਲਾ ਕੀਤਾ। ਇਸੇ ਨਿਯਮ ਦੀ ਵਜ੍ਹਾ ਨਾਲ ਜੁਲਾਈ ‘ਚ ਪੁਰਸ਼ਾਂ ਦੇ ਵਨ-ਡੇ ਵਰਲਡ ਕੱਪ 2019 ‘ਚ ਨਿਊ ਜ਼ੀਲੈਂਡ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਅਤੇ ਇੰਗਲੈਂਡ ਨੂੰ ਜੇਤੂ ਐਲਾਨਿਆ ਗਿਆ ਸੀ।

ਫ਼ਾਈਨਲ ‘ਚ ਦੋਹਾਂ ਟੀਮਾਂ ਵਿਚਾਲੇ ਸੁਪਰ ਓਵਰ ਟਾਈ ਰਿਹਾ ਸੀ ਜਿਸ ਤੋਂ ਬਾਅਦ ਬਾਊਂਡਰੀ ਦੀ ਗਿਣਤੀ ਕੀਤੀ ਗਈ ਜਿਸ ‘ਚ ਇੰਗਲੈਂਡ ਜੇਤੂ ਰਿਹਾ। ਨੀਸ਼ਮ ਨੇ ਟਵੀਟ ਕੀਤਾ, ”ਅਗਲਾ ਏਜੰਡਾ: ਟਾਈਟੈਨਿਕ ‘ਤੇ ਬਰਫ਼ ਦੇਖਣ ਲਈ ਚੰਗੀ ਦੂਰਬੀਨ! ਨਿਊ ਜ਼ੀਲੈਂਡ ਦੇ ਸਾਬਕਾ ਬੱਲੇਬਾਜ਼ੀ ਕੋਚ ਕ੍ਰੈਗ ਮੈਕਮਿਲਨ ਨੇ ਕਿਹਾ, ”ICC ਨੇ ਥੋੜ੍ਹੀ ਦੇਰ ਕਰ ਦਿੱਤੀ।”

ਨਿਊ ਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੇਵਿਡ ਵ੍ਹਾਈਟ ਨੇ ਕਿਹਾ, ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਵਿਸ਼ਵ ਕੱਪ ਦੇ ਵਿਵਾਦਤ ਫ਼ਾਈਨਲ ਦੇ ਬਾਅਦ ICC ਨੇ ਨਿਯਮ ‘ਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ, ”ਭਵਿੱਖ ਲਈ ਇਹ ਬਿਹਤਰ ਹੈ। ਬੀਤੇ ਸਮੇਂ ਨੂੰ ਅਸੀਂ ਬਦਲ ਨਹੀਂ ਸਕਦੇ, ਪਰ ਸਾਨੂੰ ਖ਼ੁਸ਼ੀ ਹੈ ਕਿ ਬਿਹਤਰ ਹੱਲ ਕੱਢਿਆ ਗਿਆ ਹੈ।” ICC ਨੇ ਐਲਾਨ ਕੀਤਾ ਹੈ ਕਿ ਸੁਪਰ ਓਵਰ ਦੇ ਵੀ ਟਾਈ ਰਹਿਣ ਦੀ ਸਥਿਤੀ ‘ਚ ਜੇਤੂ ਦਾ ਨਿਰਧਾਰਨ ਹੋਣ ਤਕ ਸੁਪਰ ਓਵਰ ਖੇਡੇ ਜਾਂਦੇ ਰਹਿਣਗੇ।

ਟੈੱਸਟ ਰੈਂਕਿੰਗ ‘ਚ ਸਮਿਥ ਦਾ ਤਾਜ ਖੋਹਣ ਤੋਂ ਵਿਰਾਟ ਕੇਵਲ ਇੱਕ ਪੁਆਇੰਟ ਦੂਰ

ਦੁਬਈ – ਟੀਮ ਇੰਡੀਆ ਦੇ ਟੈੱਸਟ ਮੈਚਾਂ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਣੇ ‘ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਦੂਜੇ ਟੈੱਸਟ ਮੈਚ ‘ਚ ਆਪਣੀਆਂ ਅਜੇਤੂ 254 ਦੌੜਾਂ ਦੀ ਰਿਕਾਰਡ ਤੋੜ ਪਾਰੀ ਦੀ ਬਦੌਲਤ ICC ਵਲੋਂ ਜਾਰੀ ਤਾਜ਼ਾ ਟੈੱਸਟ ਰੈਂਕਿੰਗ ‘ਚ 37 ਅੰਕਾਂ ਦੀ ਲੰਬੀ ਝਾਲ ਮਾਰੀ ਹੈ, ਅਤੇ ਉਹ ਆਸਟਰੇਲੀਆ ਦੇ ਸਟੀਵ ਸਮਿਥ ਦਾ ਤਾਜ ਖੋਹਣ ਦੀ ਦਹਿਲੀਜ਼ ‘ਤੇ ਪਹੁੰਚ ਗਿਆ ਹੈ। ਰਨ ਮਸ਼ੀਨ ਵਿਰਾਟ ਹਾਲੇ ਵੀ ਆਪਣੇ ਦੂਜੇ ਸਥਾਨ ‘ਤੇ ਬਰਕਰਾਰ ਹੈ, ਪਰ ਅਜੇਤੂ ਦੋਹਰੇ ਸੈਂਕੜੇ ਦੇ ਦਮ ‘ਤੇ ਉਹ 899 ਅੰਕਾਂ ਨਾਲ 37 ਰੇਟਿੰਗ ਅੰਕਾਂ ਦੀ ਝਾਲ ਨਾਲ 936 ਅੰਕ ‘ਤੇ ਪਹੁੰਚ ਗਿਆ ਹੈ।

ਵਿਰਾਟ ਅਤੇ ਸਮਿਥ ਵਿੱਚਾਲੇ ਹੁਣ ਸਿਰਫ਼ ਇੱਕ ਅੰਕ ਦਾ ਫ਼ੈਸਲਾ ਰਹਿ ਗਿਆ ਹੈ, ਅਤੇ ਭਾਰਤੀ ਕਪਤਾਨ ਤੀਜੇ ਟੈੱਸਟ ਵਿੱਚ ਸਮਿਥ ਤੋਂ ਨੰਬਰ ਇੱਕ ਦਾ ਇਹ ਤਾਜ ਖੋਹ ਸਕਦੈ। ਉਹ ਟੈੱਸਟ ਰੈਂਕਿੰਗ ‘ਚ ਨੰਬਰ ਵਨ ਬਣਨ ਤੋਂ ਦੋ ਅੰਕ ਪਿੱਛੇ ਰਹਿ ਗਿਆ ਹੈ। ਨੰਬਰ ਵਨ ਦੀ ਪੋਜ਼ੀਸ਼ਨ ‘ਤੇ ਅਜੇ ਵੀ ਆਸਟਰੇਲੀਆਈ ਧਾਕੜ ਸਮਿਥ ਕਾਇਮ ਹੈ ਜਿਸ ਦੇ ਖਾਤੇ ‘ਚ 937 ਅੰਕ ਹਨ। ਭਾਰਤੀ ਕਪਤਾਨ ਦੀ ਇਹ ਸਰਵਸ੍ਰੇਸ਼ਠ ਰੇਟਿੰਗ ਹੈ ਅਤੇ ਉਹ ਆਲਟਾਈਮ ਸਰਵਸ੍ਰੇਸ਼ਠ ਰੇਟਿੰਗ ਦੇ ਮਾਮਲੇ ‘ਚ 11ਵੇਂ ਨੰਬਰ ‘ਤੇ ਪਹੁੰਚ ਗਿਐ। ਆਲਟਾਈਮ ਸਰਵਸ੍ਰੇਸ਼ਠ ਰੇਟਿੰਗ ਦੇ ਮਾਮਲੇ ‘ਚ ਲੈਜੈਂਡ ਓਪਨਰ ਸੁਨੀਲ ਗਾਵਸਕਰ 916 ਅੰਕਾਂ ਅਤੇ 24ਵੇਂ ਸਥਾਨ ਨਾਲ ਇਸ ਦੌੜ ਵਿੱਚ ਹੁਣ ਕਾਫ਼ੀ ਪਿੱਛੇ ਰਹਿ ਗਿਐ।