ਨਵੀਂ ਦਿੱਲੀ — ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਵਿਚ ਆਉਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ ਦੀ ਵੀਜ਼ਾ ਫੀਸ ਲੈਣ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਦੇ ਇਸ ਕਦਮ ਦਾ ਸਖਤ ਵਿਰੋਧ ਕੀਤਾ ਹੈ ਪਰ ਫਿਰ ਵੀ ਪਾਕਿਸਤਾਨ ਇਸ ਗੱਲ ‘ਤੇ ਅੜਿਆ ਹੋਇਆ ਹੈ। ਇਸ ਮੁੱਦੇ ਨੂੰ ਲੈ ਕੇ ਬੀਜੇਪੀ ਦੇ ਰਾਸ਼ਟਰੀ ਸਕੱਤਰ ਆਰ.ਪੀ. ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਵੱਡਾ ਹਮਲਾ ਕੀਤਾ ਹੈ। ਪਾਰਟੀ ਨੇ ਇਮਰਾਨ ਖਾਨ ਨੂੰ ਇਸ ਵੀਜ਼ਾ ਫੀਸ ਨੂੰ ਨਾ ਲਗਾਉਣ ਦੀ ਅਪੀਲ ਕੀਤੀ ਹੈ।
ਭਾਜਪਾ ਦੇ ਆਰ.ਪੀ.ਸਿੰਘ ਨੇ ਇਮਰਾਨ ਖਾਨ ਨੂੰ ਕਿਹਾ ਹੈ,”ਉਹ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਦੀ ਵੀਜ਼ਾ ਫੀਸ ਲੈਣ ਦਾ ਆਪਣਾ ਫੈਸਲਾ ਵਾਪਸ ਲੈ ਲੈਣ। ਜੇਕਰ ਪਾਕਿਸਤਾਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਕੋਲ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਵਿਕਾਸ ਲਈ ਫੰਡ ਦੀ ਸਮੱਸਿਆ ਹੈ ਤਾਂ ਸਿੱਖ ਫੰਡ ਭੇਜ ਦੇਣਗੇ।” ਭਾਜਪਾ ਨੇਤਾ ਨੇ ਕਿਹਾ,”ਬਹੁਤ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਤੀਰਥ ਯਾਤਰਾ ਦੇ ਨਾਮ ‘ਤੇ ਵੀਜ਼ਾ ਫੀਸ ਲੈਣ ਦੀ ਤਿਆਰੀ ਵਿਚ ਹੈ।”
ਭਾਜਪਾ ਨੇਤਾ ਨੇ ਕਿਹਾ,”ਪਾਕਿਸਤਾਨ ਇਹ ਦੱਸੇ ਕਿ ਉਸ ਨੇ ਕਰਤਾਰਪੁਰ ਕੋਰੀਡੋਰ ਦੇ ਵਿਕਾਸ ‘ਤੇ ਕਿੰਨਾ ਧਨ ਖਰਚ ਕੀਤਾ ਹੈ। ਸਿੱਖ ਉਹ ਧਨ ਉਨ੍ਹਾਂ ਨੂੰ ਵਾਪਸ ਕਰ ਦੇਣਗੇ। ਅਸੀਂ ਐੱਸ.ਜੀ.ਪੀ. ਸੀ. ਨੂੰ ਦੱਸਾਂਗੇ ਅਤੇ ਸਿੱਖ ਭਾਈਚਾਰਾ ਪੈਸੇ ਦਾ ਸਿੱਧਾ ਟਰਾਂਸਫਰ ਕਰ ਦੇਵੇਗਾ।” ਇਕ ਅਨੁਮਾਨ ਮੁਤਾਬਕ ਹਰੇਕ ਸ਼ਰਧਾਲੂ ਤੋਂ 20 ਡਾਲਰ ਦੇ ਹਿਸਾਬ ਨਾਲ ਪਾਕਿਸਤਾਨ ਸਾਲ ਵਿਚ 255 ਕਰੋੜ ਰੁਪਏ ਕਮਾ ਸਕਦਾ ਹੈ।
ਇਸ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ,”ਮੈਂ ਭਾਰਤ ਦੇ ਸਾਬਕਾ ਪੀ.ਐੱਮ ਮਨਮੋਹਨ ਸਿੰਘ ਨੂੰ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਰੋਹ ਵਿਚ ਸੱਦਾ ਦਿੱਤਾ ਸੀ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਮੈਂ ਆਵਾਂਗਾ ਪਰ ਮੁੱਖ ਮਹਿਮਾਨ ਦੇ ਤੌਰ ‘ਤੇ ਨਹੀਂ ਸਗੋਂ ਕਿ ਆਮ ਆਦਮੀ ਦੇ ਤੌਰ ‘ਤੇ। ਕੁਰੈਸ਼ੀ ਨੇ ਇਹ ਵੀ ਕਿਹਾ ਕਿ ਜੇਕਰ ਮਨਮੋਹਨ ਸਿੰਘ ਆਮ ਆਦਮੀ ਦੇ ਤੌਰ ‘ਤੇ ਆਉਂਦੇ ਹਨ ਤਾਂ ਵੀ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।”