ਮੁੰਬਈ— ਮੁੰਬਈ ‘ਚ ਇਕ ਵਿਅਕਤੀ ਦੀ ਅੰਤਿਮ ਯਾਤਰਾ ਦੌਰਾਨ ਹਿੰਸਾ ਹੋਣ ‘ਤੇ ਪੁਲਸ ਨੇ ਕਰੀਬ 200 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਅਤੇ 33 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੰਗਲਵਾਰ ਨੂੰ ਅੰਤਿਮ ਯਾਤਰਾ ‘ਚ ਸ਼ਾਮਲ ਲੋਕਾਂ ਨੇ ਕਥਿਤ ਤੌਰ ‘ਤੇ ਪੁਲਸ ਕਰਮਚਾਰੀਆਂ ‘ਤੇ ਹਮਲਾ ਕੀਤਾ ਸੀ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਸੀ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ‘ਚ ਤਿੰਨ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਪਿਛਲੇ ਹਫ਼ਤੇ, ਪੰਚਾਰਾਮ ਰਿਠਾਡੀਆ (44) ਨੇ ਤਿਲਕ ਨਗਰ ਰੇਲਵੇ ਸਟੇਸ਼ਨ ਨੇੜੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਉਹ ਕਈ ਮਹੀਨਿਆਂ ਤੋਂ ਲਾਪਤਾ ਆਪਣੀ 17 ਸਾਲਾ ਬੇਟੀ ਦਾ ਪਤਾ ਨਹੀਂ ਲੱਗਣ ਕਾਰਨ ਪਰੇਸ਼ਾਨ ਸੀ। ਆਪਣੇ ਸੁਸਾਈਡ ਨੋਟ ‘ਚ ਰਿਠਾਡੀਆ ਨੇ ਲਿਖਿਆ ਕਿ ਬੇਟੀ ਦਾ ਪਤਾ ਲਗਾਉਣ ‘ਚ ਪੁਲਸ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ।
ਐਡੀਸ਼ਨ ਪੁਲਸ ਸੁਪਰਡੈਂਟ (ਪੂਰਬੀ ਖੇਤਰ) ਲਖਮੀ ਗੌਤਮ ਨੇ ਦੱਸਿਆ ਕਿ ਮੰਗਲਵਾਰ ਨੂੰ ਉਪਨਗਰ ਚੇਂਬੂਰ ਦੇ ਸ਼ਮਸ਼ਾਨ ਘਾਟ ਤੱਕ ਰਿਠਾਡੀਆ ਦੀ ਅੰਤਿਮ ਯਾਤਰਾ ਦੌਰਾਨ ਉਨ੍ਹਾਂ ਦੇ ਨਾਰਾਜ਼ ਸੰਬੰਧੀਆਂ ਅਤੇ ਕੁਝ ਹੋਰ ਲੋਕਾਂ ਨੇ ਕਥਿਤ ਤੌਰ ‘ਤੇ ਪੁਲਸ ‘ਤੇ ਪਥਰਾਅ ਕੀਤਾ ਅਤੇ ਇਕ ਪੁਲਸ ਵੈਨ ਸਮੇਤ ਹੋਰ ਨਿੱਜੀ ਵਾਹਨਾਂ ‘ਚ ਭੰਨ-ਤੋੜ ਕੀਤੀ। ਪੁਲਸ ਨੇ ਇਸ ਮਾਮਲੇ ‘ਚ ਮੰਗਲਵਾਰ ਰਾਤ ਕਰੀਬ 200 ਲੋਕਾਂ ਵਿਰੱਧ ਸ਼ਿਕਾਇਤ ਦਰਜ ਕੀਤੀ ਅਤੇ 33 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਘਟਨਾ ਦੇ ਕੁਝ ਵੀਡੀਓ ਅਤੇ ਫੁਟੇਜ ਦੀ ਮਦਦ ਨਾਲ ਹਿੰਸਾ ‘ਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਕ ਪੁਲਸ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਅੰਤਿਮ ਯਾਤਰਾ ‘ਚ ਸ਼ਾਮਲ ਕੁਝ ਲੋਕਾਂ ਨੇ ਅਚਾਨਕ ਹੀ ਚੇਂਬੂਰ ‘ਚ ਉਮਰਸ਼ੀ ਬੱਪਾ ਚੌਕ ‘ਤੇ ਸੜਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨੇੜੇ ਦੇ ਨਿਰਮਾਣ ਅਧੀਨ ਇਮਾਰਤ ‘ਚ ਆ ਗਏ ਅਤੇ ਪਥਰਾਅ ਕਰਨ ਲੱਗੇ। ਇਸ ‘ਚ 2 ਪੁਲਸ ਕਾਂਸਟੇਬਲ ਅਤੇ ਆਵਾਜਾਈ ਪੁਲਸ ਦਾ ਇਕ ਅਧਿਕਾਰੀ ਜ਼ਖਮੀ ਹੋ ਗਏ।