ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਨੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਗੁਰਦੁਆਰੇ ਤੱਕ ਦਾ ਲਾਂਘਾ ਭਾਰਤੀ ਸ਼ਰਧਾਲੂਆਂ ਲਈ ਖੋਲਣ ਦੇ ਸਬੰਧ ਵਿਚ ਸਮਝੌਤੇ ‘ਤੇ ਅੱਜ ਹਸਤਾਖਰ ਕਰ ਦਿੱਤੇ ਹਨ। ਭਾਰਤ ਵੱਲੋਂ ਗ੍ਰਹਿ ਮੰਤਰਾਲੇ ਵਿਚ ਸੰਯੁਕਤ ਸਕੱਤਰ ਐਸ.ਸੀ.ਐਸ.ਦਾਸ ਅਤੇ ਪਾਕਿਸਤਾਨ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਇੱਥੇ ਸਮਝੌਤਾ ਮੈਮੋਰੈਂਡਮ (ਮੰਗ ਪੱਤਰ) ‘ਤੇ ਹਸਤਾਖਰ ਕਰਕੇ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਕੀਤਾ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ। ਸਮਝੌਤੇ ਦੇ ਤਹਿਤ ਰੋਜ਼ਾਨਾ ਘੱਟ ਤੋਂ ਘੱਟ 5000 ਸ਼ਰਧਾਲੂਆਂ ਨੂੰ ਕਰਤਾਰਪੁਰ ਸਥਿਤ ਗੁਰਦੁਆਰੇ ਦੇ ਦਰਸ਼ਨ ਦੀ ਆਗਿਆ ਦਿੱਤੀ ਜਾਏਗੀ। ਭਾਰਤ ਵੱਲੋਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਸੂਚੀ 10 ਦਿਨ ਪਹਿਲਾਂ ਪਾਕਿਸਤਾਨ ਨੂੰ ਉਪਲੱਬਧ ਕਰਾਉਣੀ ਹੋਵੇਗੀ। ਪਾਕਿਸਤਾਨ ਸੂਚੀ ਦੀ ਜਾਂਚ ਕਰਕੇ ਯਾਤਰਾ ਤੋਂ 4 ਦਿਨ ਪਹਿਲਾਂ ਇਸ ਨੂੰ ਮਨਜ਼ੂਰ ਕਰਕੇ ਭਾਰਤ ਨੂੰ ਜਾਣੂ ਕਰਾਏਗਾ। ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਆਉਣ ਵਾਲੇ ਪ੍ਰਤੀ ਵਿਅਕਤੀ ‘ਤੇ 20 ਡਾਲਰ ਦੀ ਫੀਸ ਰੱਖੀ ਹੈ। ਭਾਰਤ ਵੱਲੋਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਫੀਸ ਨਾ ਰੱਖਣ ਦੀ ਮੰਗ ਕੀਤੀ ਸੀ ਪਰ ਪਾਕਿ ਇਸ ਗੱਲ ‘ਤੇ ਹੀ ਅੜਿਆ ਰਿਹਾ। ਕਰਤਾਰਪੁਰ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਦਿਨ ਬਿਤਾਏ ਸਨ ਅਤੇ ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਲਾਂਘੇ ਨੂੰ ਖੋਲਿਆ ਜਾਣਾ ਹੈ, ਜਿਸ ਨਾਲ ਭਾਰਤ ਦੇ ਸਿੱਖ ਭਾਈਚਾਰੇ ਦੇ ਲੋਕ ਦਰਸ਼ਨ ਲਈ ਆਸਾਨੀ ਨਾ ਇੱਥੇ ਆ ਸਕਣ।