ਫਗਵਾੜਾ — ਪੰਜਾਬ ‘ਚ 4 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਵੋਟਾਂ ਦੀ ਗਿਣਤੀ ਦਾ ਸਿਲਸਿਲਾ ਸਵੇਰ ਤੋਂ ਸ਼ੁਰੂ ਹੋ ਚੁੱਕਾ ਹੈ। ਲਗਾਤਾਰ ਚੱਲ ਰਹੀ ਵੋਟਾਂ ਦੀ ਗਿਣਤੀ ‘ਚ ਹੁਣ ਤੱਕ ਦੋ ਸੀਟਾਂ ਜਲਾਲਾਬਾਦ ਅਤੇ ਫਗਵਾੜਾ ਸੀਟ ਤੋਂ ਨਤੀਜੇ ਐਲਾਨੇ ਗਏ ਹਨ। ਫਗਵਾੜਾ ਦੇ ਗੁਰੂ ਨਾਨਕ ਕਾਲਜ ‘ਚ ਕੀਤੀ ਗਈ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਪਾਰਟੀ ਨੇ ਭਾਦਪਾ ਨੂੰ ਕਰਾਰੀ ਹਾਰ ਦਿੰਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ। ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਭਾਜਪਾ ਦੇ ਉਮੀਦਵਾਰ ਰਾਜੇਸ਼ ਬੱਗਾ ਨੂੰ ਪਛਾੜ ਕੇ ਕੁੱਲ 26016 ਵੋਟਾਂ ਨਾਲ ਜਿੱਤੇ ਹਨ ਜਦਕਿ ਭਾਜਪਾ ਦੂਜੇ ਨੰਬਰ ‘ਤੇ ਰਹੀ ਅਤੇ ਬਸਪਾ ਪਾਰਟੀ ਦੇ ਉਮੀਦਵਾਰ ਤੀਜੇ ਨੰਬਰ ‘ਤੇ ਰਹੇ। ਆਮ ਆਦਮੀ ਪਾਰਟੀ ਦਾ ਇਥੋਂ ਪੂਰੀ ਤਰ੍ਹਾਂ ਸਫਾਇਆ ਹੋ ਚੁੱਕਾ ਹੈ।
ਵੋਟਿੰਗ ਦੀ ਗਿਣਤੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਸੀਟ ‘ਤੇ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਅਤੇ ਭਾਜਪਾ ਵਿਚਾਲੇ ਸੀ। ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ 49000 ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਦੇ ਉਮੀਦਵਾਰ ਰਾਜੇਸ਼ ਬੱਗਾ ਨੂੰ 22984 ਵੋਟਾਂ, ਸੰਤੋਸ਼ ਕੁਮਾਰ ਗੋਗੀ (ਆਪ) ਨੂੰ 2905, ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੂੰ 704, ਜਰਨੈਲ ਨਾਂਗਲ (ਲੋਕ ਇਨਸਾਫ ਪਾਰਟੀ) ਨੂੰ 9080 ਵੋਟਾਂ ਮਿਲੀਆਂ ਹਨ ਅਤੇ ਭਸਪਾ ਦੇ ਭਗਵਾਨ ਦਾਸ ਨੂੰ 15901 ਵੋਟਾਂ ਮਿਲੀਆਂ ਹਨ।