ਅਸੀਂ ਕੁਝ ਕਰਨ ਲਈ ਵੱਧ ਤੋਂ ਵੱਧ ਆਪਣੀ ਪੂਰੀ ਵਾਹ ਹੀ ਤਾਂ ਲਗਾ ਸਕਦੇ ਹਾਂ। ਪਰ ਇਹ ਕੀਤਾ ਕਿਵੇਂ ਜਾਂਦੈ? ਹਰ ਵਕਤ ਇਸ ਗੱਲ ਦੀ ਚਿੰਤਾ ਕਰ ਕੇ ਤਾਂ ਹਰਗਿਜ਼ ਨਹੀਂ ਕਿ ਕੀ ਅਸੀਂ ਇਸ ਤੋਂ ਬਿਹਤਰ ਕਰ ਸਕਦੇ ਸਾਂ। ਜਦੋਂ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹਾਂ, ਅਸੀਂ ਚੀਜ਼ਾਂ ਖ਼ਰਾਬ ਕਰ ਲੈਂਦੇ ਹਾਂ। ਅਸੀਂ ਬੇਲੋੜੀਆਂ ਪੇਚੀਦਗੀਆਂ ਸਿਰਜਦੇ ਹਾਂ। ਅਸੀਂ ਉਨ੍ਹਾਂ ਪੁਰਾਣੇ ਜ਼ਖ਼ਮਾਂ ਨੂੰ ਮੁੜ ਖੋਲ੍ਹ ਬੈਠਦੇ ਹਾਂ ਜਿਨ੍ਹਾਂ ਨੂੰ ਵੱਲ ਹੋਣ ਲਈ ਹਾਲੇ ਕੁਝ ਹੋਰ ਸਮਾਂ ਦੇਣ ਦੀ ਲੋੜ ਸੀ। ਤੁਸੀਂ ਕਿਸੇ ਮਸਲੇ ਨੂੰ ਉਸ ਦੇ ਸੰਭਾਵੀ ਉੱਚਤਮ ਹੱਲ ਤਕ ਪਹੁੰਚਾਉਣਾ ਚਾਹੁੰਦੇ ਹੋ। ਪਰ ਫ਼ਿਰ ਵੀ ਤੁਹਾਨੂੰ ਚੇਤੇ ਰੱਖਣਾ ਪਵੇਗਾ ਕਿ ਲਕੀਰ ਕਿੱਥੇ ਖਿੱਚਣੀ ਹੈ। ਕੁਝ ਮਿੰਟਾਂ ਦਾ ਸਾਵਧਾਨ ਵਿਚਾਰ-ਵਟਾਂਦਰਾ ਘੰਟਿਆਂ ਬੱਧੀ ਹਵਾ ਵਿੱਚ ਤੀਰ ਚਲਾਉਣ ਨਾਲੋਂ ਕਿਤੇ ਬਿਹਤਰ ਹੈ। ਇਸ ਗੱਲ ਨੂੰ ਹਮੇਸ਼ਾ ਚੇਤੇ ਰੱਖਿਆ ਜੇ।

ਜੇਕਰ ਤੁਸੀਂ ੳ ਤੋਂ ਅ ਤਕ ਪ੍ਰਗਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋਵੋ, ਅਤੇ ਤੁਹਾਨੂੰ ਅਚਾਨਕ ਪਤਾ ਚੱਲੇ ਕਿ ਚੱਟਾਨ ਦਾ ਇੱਕ ਠੋਸ ਟੁਕੜਾ ਤੁਹਾਡਾ ਪੰਧ ਰੋਕੀ ਬੈਠੈ ਤਾਂ ਸੰਭਵ ਹੈ ਕਿ ਤੁਸੀਂ ਮਾਯੂਸ ਮਹਿਸੂਸ ਕਰੋਗੇ। ਹਾਂ ਜੇਕਰ ਤੁਸੀਂ ਕੋਈ ਬੁੱਤਘਾੜੇ ਹੋ ਤਾਂ ਫ਼ਿਰ ਗੱਲ ਵੱਖਰੀ ਹੈ। ਉਸ ਸੂਰਤ ਵਿੱਚ ਸ਼ਾਇਦ ਤੁਸੀਂ ਬੇਹੱਦ ਖ਼ੁਸ਼ ਹੋਵੋ। ਤੁਸੀਂ ਉਸ ਪੱਥਰ ਨੂੰ ਦੇਖ ਕੇ ਇਹ ਨਹੀਂ ਸੋਚੋਗੇ ਕਿ ਕੋਈ ਵਿਅਰਥ ਦੀ ਬੇਢੰਗੀ ਸ਼ੈਅ ਤੁਹਾਡੇ ਰਾਹ ਵਿੱਚ ਪਸਰੀ ਪਈ ਹੈ। ਤੁਸੀਂ ਉਸ ਵਿੱਚ ਛੁੱਪਿਆ ਆਪਣਾ ਮੌਕਾ ਦੇਖੋਗੇ – ਸਾਹਮਣੇ ਪਈ ਸਮੱਗਰੀ ਨੂੰ ਆਹਿਸਤਾ ਆਹਿਸਤਾ ਤਰਾਸ਼ ਕੇ ਕੁਝ ਖ਼ੂਬਸੂਰਤ ਪ੍ਰਗਟ ਕਰਨ ਦਾ ਮੌਕਾ। ਉੱਚਤਮਤਾ ਹਾਸਿਲ ਕਰਨ ਦਾ ਕੋਈ ਵੀ ਸ਼ੌਰਟ ਕੱਟ ਨਹੀਂ ਹੁੰਦਾ।

ਜਦੋਂ ਲੋਕਾਂ ਨੂੰ ਇਹ ਨਾ ਪਤਾ ਹੋਵੇ ਕਿ ਉਹ ਕਰ ਕੀ ਰਹੇ ਹਨ, ਉਹ ਜਾਂ ਤਾਂ ਮਾਯੂਸੀ ਵਿੱਚ ਡੁੱਬ ਜਾਂਦੇ ਹਨ ਜਾਂ ਫ਼ਿਰ ਬੇਹੱਦ ਖ਼ਫ਼ਾ ਹੋ ਜਾਂਦੇ ਨੇ। ਠੀਕ ਇਸੇ ਤਰ੍ਹਾਂ, ਸਹਿਮੇ ਹੋਏ ਲੋਕ ਜਾਂ ਵਿਲਕਦੇ ਹਨ ਜਾਂ ਦਹਾੜਦੇ; ਅਤੇ ਗੁਸੈਲ ਲੋਕ ਜਾਂ ਸ਼ੂਕਦੇ ਹਨ ਜਾਂ ਆਪਣੀਆਂ ਭਾਵਨਾਵਾਂ ਨੂੰ ਦਬਾ ਕੇ ਬੈਠੇ ਰਹਿੰਦੇ ਨੇ … ਅਕਸਰ ਇਹ ਦਿਖਾਵਾ ਕਰਦੇ ਹੋਏ ਕਿ ਉਹ ਚੜ੍ਹਦੀਕਲਾ ਵਿੱਚ ਹਨ। ਇਸ ਵਕਤ, ਤੁਹਾਨੂੰ ਦੂਸਰਿਆਂ ਅੰਦਰ ਮੌਜੂਦ ਇਸ ਰੁਝਾਨ ਨੂੰ ਪਛਾਣਨ ਦੀ ਲੋੜ ਹੈ … ਅਤੇ ਆਪਣੇ ਅੰਦਰ ਵੀ। ਜੇਕਰ ਤੁਸੀਂ ਕੁਝ ਮਹਿਸੂਸ ਕਰ ਰਹੇ ਹੋ, ਭਾਵੇਂ ਤੁਹਾਨੂੰ ਇਹ ਖ਼ਦਸ਼ਾ ਵੀ ਕਿਉਂ ਨਾ ਹੋਵੇ ਕਿ ਅਜਿਹਾ ਕਰਨ ਨਾਲ ਤੁਸੀਂ ਕਮਜ਼ੋਰ ਲੱਗੋਗੇ, ਆਪਣੀਆਂ ਸੱਚੀਆਂ ਭਾਵਨਾਵਾਂ ਨੂੰ ਜ਼ਾਹਿਰ ਕਰੋ। ਅਤੇ, ਕਿਰਪਾ ਕਰ ਕੇ, ਦੂਸਰੇ ਲੋਕ ਜਿਹੜੇ ਆਪਣੀਆਂ ਅਸਲੀ ਪ੍ਰਤੀਕਿਰਿਆਵਾਂ ਨੂੰ ਦਿਖਾਉਣ ਤੋਂ ਬਹੁਤ ਜ਼ਿਆਦਾ ਸੰਕੋਚ ਕਰਦੇ ਨੇ ਉਨ੍ਹਾਂ ਲਈ ਵੀ ਥੋੜ੍ਹੀ ਜਗ੍ਹਾ ਬਣਾਓ।

ਆਰਟਿਸਟ ਲੋਕ ਅਕਸਰ ਆਪਣੀ ਇਮਾਨਦਾਰੀ ਨਾਲ ਕਿਸੇ ਕਿਸਮ ਦਾ ਵੀ ਸਮਝੌਤਾ ਕਦੇ ਨਾ ਕਰਨ ਦੀ ਗੱਲ ਕਰਦੇ ਨੇ। ਜਦੋਂ ਸਿਆਸਤਦਾਨ ਧੋਖੇਬਾਜ਼ੀ ਕਰਦੇ ਹੋਏ ਫ਼ੜੇ ਜਾਂਦੇ ਹਨ, ਅਸੀਂ ਕਹਿੰਦੇ ਹਾਂ ਕਿ ਉਹ ਸਮਝੌਤਾਵਾਦੀ ਸਥਿਤੀ ਵਿੱਚ ਕਾਬੂ ਆ ਗਏ। ਸਮਝੌਤਾ ਇੱਕ ਤਰ੍ਹਾਂ ਨਾਲ ਭੈੜਾ ਸ਼ਬਦ ਵੀ ਬਣ ਚੁੱਕੈ – ਕਈ ਲੋਕਾਂ ਦੇ ਦਿਮਾਗ਼ਾਂ ਵਿੱਚ ਲਫ਼ਜ਼ ਕੁਰਬਾਨੀ ਦੇ ਮਤਲਬ ਨਾਲ ਪੇਚੀਦਾ ਢੰਗ ਨਾਲ ਉਲਝ ਕੇ। ਪਰ ਸੱਚੇ ਸਮਝੌਤਿਆਂ ਵਿੱਚ ਹਾਰਦਾ ਕੋਈ ਵੀ ਨਹੀਂ, ਹਰ ਕੋਈ ਜਿੱਤਦੈ। ਇਸ ਵਿੱਚ ਦੋਹਾਂ ਸੰਸਾਰਾਂ ਦਾ ਬਿਹਤਰੀਨ ਪ੍ਰਾਪਤ ਕੀਤਾ ਜਾਂਦੈ। ਤੁਹਾਨੂੰ ਵੀ ਛੇਤੀ ਹੀ ਇੱਕ ਸੱਚੇ ਸਮਝੌਤੇ ‘ਤੇ ਅੱਪੜਨਾ ਪਵੇਗਾ। ਇਹ ਚੰਗੀ ਗੱਲ ਹੈ ਜਾਂ ਮਾੜੀ? ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਸੀਂ ਸਮੱਰਪਣ ਕਰ ਰਹੇ ਹੋ ਜਾਂ ਕਿਸੇ ਦੂਸਰੇ ਨੂੰ ਰਸਤਾ ਦੇ ਰਹੇ ਹੋ।

ਤੁਸੀਂ ਅਤੀਤ ਨੂੰ ਨਹੀਂ ਬਦਲ ਸਕਦੇ। ਪਰ ਤੁਸੀਂ ਉਸ ਢੰਗ ਨੂੰ ਤਾਂ ਬਦਲ ਹੀ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਆਪਣੇ ਅਤੀਤ ਬਾਰੇ ਸੋਚਦੇ ਹੋ। ਤੁਸੀਂ ਉਸ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖ ਸਕਦੇ ਹੋ। ਤੁਸੀਂ ਆਪਣੀ ਸਮਝ ਵਿੱਚ ਥੋੜ੍ਹੀ ਐਡਜਸਟਮੈਂਟ ਕਰ ਕੇ ਵਧੇਰੇ ਸਾਕਾਰਾਤਮਕ ਮਹਿਸੂਸ ਕਰ ਸਕਦੇ ਹੋ, ਉਨ੍ਹਾਂ ਮਾਮਲਿਆਂ ਬਾਰੇ ਵੀ ਜਿਨ੍ਹਾਂ ਨੂੰ ਆਪਣੇ ਚੇਤਿਆਂ ਵਿੱਚ ਲਿਆਉਣਾ ਹੀ ਤੁਹਾਨੂੰ ਬੇਹੱਦ ਤਕਲੀਫ਼ਦੇਹ ਲੱਗਦੈ। ਤੁਸੀਂ ਆਪਣੇ ਅੰਦਰ ਛੁਪੇ ਡਰਾਂ ਨੂੰ ਸਿਆਣ ਕੇ ਉਨ੍ਹਾਂ ਬਾਰੇ ਜਾਗਰੂਕ ਹੋ ਸਕਦੇ ਹੋ ਅਤੇ ਇਹ ਵੀ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਬੀਤੇ ਸਾਲਾਂ ਦੌਰਾਨ ਤੁਹਾਡੇ ਫ਼ੈਸਲੇ ਲੈਣ ਦੀ ਕਾਬਲੀਅਤ ਨੂੰ ਕਿੰਝ ਅਤੇ ਕਿਸ ਹੱਦ ਤਕ ਪ੍ਰਭਾਵਿਤ ਕੀਤੈ। ਇਸ ਪ੍ਰਕਿਰਿਆ ਵਿੱਚ ਤੁਸੀਂ ਆਪਣੇ ਭਵਿੱਖ ਦੀਆਂ ਸੰਭਾਵਾਨਾਵਾਂ ਨੂੰ ਵੱਡੇ ਪੱਧਰ ‘ਤੇ ਨਿਖਾਰ ਸਕੋਗੇ। ਕੋਈ ਚੀਜ਼ ਉਸੇ ਤਰ੍ਹਾਂ ਹੀ ਕਰਨ ਦੀ ਹੁਣ ਕੋਈ ਲੋੜ ਨਹੀਂ ਜਿਵੇਂ ਉਹ ਹਮੇਸ਼ਾ ਕੀਤੀ ਜਾਂਦੀ ਸੀ।