ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਹੰਬਲ ਮੋਸ਼ਨ ਪਿਕਚਰਜ਼ ਨਾਲ ਮਿਲ ਕੇ 1 ਨਵੰਬਰ ਨੂੰ ਫ਼ਿਲਮ ਡਾਕਾ ‘ਲੈ ਕੇ ਆ ਰਹੇ ਹਨ। ਇਨ੍ਹੀਂ ਦਿਨੀਂ ਫ਼ਿਲਮ ਦੇ ਮੁੱਖ ਅਦਾਕਾਰ ਗਿੱਪੀ ਗਰੇਵਾਲ ਅਤੇ ਅਦਾਕਾਰਾ ਜ਼ਰੀਨ ਖ਼ਾਨ ਡਾਕਾ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਇਸੇ ਸਿਲਸਿਲੇ ਵਿੱਚ ਬੀਤੇ ਦਿਨੀਂ ਫ਼ਿਲਮ ਦੀ ਸਟਾਰ ਕਾਸਟ ਜਲੰਧਰ ਪਹੁੰਚੀ। ਇਸ ਦੌਰਾਨ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਨੇ ਫ਼ਿਲਮ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਫ਼ਿਲਮ ਡਾਕਾ ਅੱਜ ਤੋਂ ਛੇ ਸਾਲ ਪਹਿਲਾਂ ਆਈ ਜੱਟ ਜੇਮਜ਼ ਬੌਂਡ ਦਾ ਹੀ ਸੀਕੁਅਲ ਹੈ। ਹਾਲਾਂਕਿ ਫ਼ਿਲਮ ਵਿੱਚ ਕੁੱਝ ਕਲਾਕਾਰਾਂ ਦੀ ਤਬਦੀਲੀ ਕੀਤੀ ਗਈ ਹੈ, ਪਰ ਫ਼ਿਲਮ ਪਹਿਲਾਂ ਵਾਂਗ ਹੀ ਜ਼ਬਰਦਸਤ ਕਹਾਣੀ ‘ਤੇ ਸਿਰਜੀ ਗਈ ਹੈ।
ਬਲਜੀਤ ਸਿੰਘ ਦਿਓ ਵਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਨੂੰ ਵੱਡੇ ਪੱਧਰ ‘ਤੇ ਫ਼ਿਲਮਾਇਆ ਗਿਆ ਹੈ। ਜ਼ਰੀਨ ਖ਼ਾਨ ਨੇ ਗੱਲਬਾਤ ਕਰਦਿਆਂ ਕਿਹਾ, ”ਮੈਂ ਬਹੁਤ ਲੱਕੀ ਹਾਂ ਕਿ ਮੇਰੀ ਦੂਜੀ ਫ਼ਿਲਮ ਮੁੜ ਤੋਂ ਗਿੱਪੀ ਗਰੇਵਾਲ ਨਾਲ ਆ ਰਹੀ ਹੈ। ਮੈਂ ਪੂਰੀ ਉਮੀਦ ਕਰਦੀ ਹਾਂ ਕਿ ਜਿਸ ਤਰ੍ਹਾਂ ਦਰਸ਼ਕਾਂ ਨੇ ਮੇਰੀ ਪਹਿਲੀ ਪੰਜਾਬੀ ਫ਼ਿਲਮ ਨੂੰ ਪਿਆਰ ਦਿੱਤਾ ਸੀ ਉਸੇ ਤਰ੍ਹਾਂ ਇਸੇ ਫ਼ਿਲਮ ਨੂੰ ਪਸੰਦ ਕਰਨਗੇ।”
ਦੱਸ ਦਈਏ ਕਿ ਫ਼ਿਲਮ ਡਾਕਾ ਦੀ ਸਟਾਰ ਕਾਸਟ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਵੀ ਹੋਈ। ਇਥੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਗਿੱਪੀ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਗੁਰੂ ਘਰ ਆਉਣਾ ਮੇਰੇ ਲਈ ਕਾਫ਼ੀ ਸੁਖਦ ਹੈ ਅਤੇ ਜਦੋਂ ਵੀ ਮੈਂ ਕੋਈ ਫ਼ਿਲਮ ਬਣਾਉਂਦਾ ਹਾਂ ਤਾਂ ਮੈਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜ਼ਰੂਰ ਆਉਂਦਾ ਹਾਂ। ਇਸ ਮੌਕੇ ਉਸ ਨੇ ਆਪਣੀ ਫ਼ਿਲਮ ਨੂੰ ਲੈ ਕੇ ਵੀ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਇਹ ਫ਼ਿਲਮ ਲੋਕਾਂ ਦਾ ਖ਼ੂਬ ਮਨੋਰੰਜਨ ਕਰੇਗੀ ਕਿਉਂਕਿ ਇਸ ਵਿੱਚ ਹੋਰ ਵੀ ਜ਼ਿਆਦਾ ਕੌਮੇਡੀ, ਸਸਪੈਂਸ ਅਤੇ ਐਕਸ਼ਨ ਹੈ।
ਦੱਸਣਯੋਗ ਹੈ ਕਿ ਫ਼ਿਲਮ ਡਾਕਾ ਦੀ ਕਹਾਣੀ ਅਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਦੇ ਹਨ ਜਦੋਂਕਿ ਡਾਇਲੌਗਜ਼ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਤੋਂ ਇਲਾਵਾ ਰਾਣਾ ਰਣਬੀਰ, ਬਨਿੰਦਰ ਬੰਨੀ, ਸ਼ਹਿਨਾਜ਼ ਗਿੱਲ, ਸ਼ਵਿੰਦਰ ਮਾਹਲ, ਹੌਬੀ ਧਾਲੀਵਾਲ ਸਮੇਤ ਕਈ ਹੋਰ ਨਾਮੀ ਕਲਾਕਾਰ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਪੂਰੇ ਪ੍ਰੌਜੈਕਟ ਨੂੰ ਪ੍ਰੋਡਿਊਸ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਨੇ ਕੀਤਾ। ਜਤਿੰਦਰ ਸ਼ਾਹ, ਆਦਿਤਿਆ ਦੇਵ, ਜੇ. ਕੇ ਅਤੇ ਰੋਚਕ ਕੋਹਲੀ ਫ਼ਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਵਿਨੋਦ ਭਾਨੁਸ਼ਾਲੀ ਅਤੇ ਵਿਨੋਦ ਅਸਵਾਲ ਡਾਕਾ ਦੇ ਕੋ-ਪ੍ਰੋਡਿਊਸਰ ਹਨ।