ਪੰਜਾਬੀ ਸਿਨੇਮਾ ਦਾ ਹਿੱਟ ਫ਼ੈਕਟਰ ਬਣ ਚੁੱਕੇ ਦਿਲਜੀਤ ਦੋਸਾਂਝ ਅਗਲੇ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ ਜੋੜੀ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ। ਜਿੱਥੇ ਇਸ ਫ਼ਿਲਮ ‘ਚ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਫ਼ੀਮੇਲ ਲੀਡ ‘ਚ ਨਜ਼ਰ ਆਵੇਗੀ, ਉੱਥੇ ਹੀ ਗਾਇਕ ਹਰਸਿਮਰਨ ਵੀ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨਾਲ ਸਕ੍ਰੀਨ ਸਾਂਝੀ ਕਰਦੇ ਹੋਇਆ ਨਜ਼ਰ ਆਵੇਗਾ। ਹਰਸਿਮਰਨ ਨੇ ਆਪਣੇ ਇਨਸਟਾਗ੍ਰਾਮ ਐਕਾਊਂਟ ‘ਤੇ ਫ਼ਿਲਮ ਦੇ ਨਾਇਕ ਡਾਇਰੈਕਟਰ ਅਤੇ ਪ੍ਰੋਡਿਊਸਰ ਨਾਲ ਤਸਵੀਰ ਸਾਂਝੀ ਕਰ ਕੇ ਧੰਨਵਾਦ ਕੀਤਾ। ਉਨ੍ਹਾਂ ਤਸਵੀਰ ਦੀ ਕੈਪਸ਼ਨ ‘ਚ ਲਿਖਿਆ, ”ਲਓ ਜੀ ਮਾਲਕ ਦੀ ਕ੍ਰਿਪਾ ਨਾਲ ਆਪਣੀ ਫ਼ਿਲਮ ਜੋੜੀ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਧੰਨਵਾਦ ਸਾਰਿਆਂ ਦਾ ਅਤੇ ਖਾਸ ਧੰਨਵਾਦ ਜਰਨੈਲ ਭਾਜੀ, ਅੰਬਰਦੀਪ ਵੀਰਾ, ਕਾਰਜ ਗਿੱਲ ਭਾਜੀ, ਅਮਰਿੰਦਰ ਗਿੱਲ ਭਾਜੀ, ਦਿਲਜੀਤ ਦੋਸਾਂਝ ਵੀਰੇ, ਰਿਧਮ ਬੁਆਏਜ਼ ਟੀਮ ਦਾ।”
ਦੱਸਣਯੋਗ ਹੈ ਕਿ ਰਿਦਮ ਬੁਆਏਜ਼ ਅਤੇ ਡੈਲਮੋਰਾ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅੰਬਰਦੀਪ ਕਰ ਰਹੇ ਹਨ। ਇਹ ਫ਼ਿਲਮ 2020 ਦੀ 26 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਗਾਇਕੀ ਖੇਤਰ ਦੇ ਮੁੱਦੇ ‘ਤੇ ਹੀ ਫ਼ਿਲਮਾਈ ਜਾ ਰਹੀ ਹੈ। ਹਰਸਿਮਰਨ ਇਸ ਫ਼ਿਲਮ ਤੋਂ ਇਲਾਵਾ ਫ਼ਿਲਮ ਮੁਸਾਫ਼ਿਰ ‘ਚ ਕਰਤਾਰ ਚੀਮਾ ਅਤੇ ਨੇਹਾ ਮਲਿਕ ਨਾਲ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।