ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਨੇ ਰਾਂਚੀ ‘ਚ ਖੇਡੇ ਗਏ ਆਖਰੀ ਟੈੱਸਟ ਮੈਚ ‘ਚ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲੇ ਮੈਚ ‘ਚ 203 ਦੌੜਾਂ ਅਤੇ ਦੂਜੇ ਮੈਚ ‘ਚ ਪਾਰੀ ਅਤੇ 137 ਦੌੜਾਂ ਨਾਲ ਹਾਰ ਕੇ ਆਪਣੇ ਨਾਂ ਕੀਤਾ ਸੀ। ਦੱਖਣੀ ਅਫ਼ਰੀਕਾ ਖ਼ਿਲਾਫ਼ ਇਸ ਮੈਚ ‘ਚ ਜਿੱਤ ਤੋਂ ਬਾਅਦ ICC ਵਰਲਡ ਟੈੱਸਟ ਚੈਂਪੀਅਨਸ਼ਿਪ ‘ਚ 40 ਅੰਕ ਮਿਲੇ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਖਾਤੇ ‘ਚ 240 ਅੰਕ ਹੋ ਗਏ ਹਨ ਅਤੇ ਟੀਮ ਨੰਬਰ ਇੱਕ ‘ਤੇ ਕਾਇਮ ਹੈ ਜਦ ਕਿ ਦੱਖਣੀ ਅਫ਼ਰੀਕਾ ਅਜੇ ਤਕ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ।
ਇਸ ਤੋਂ ਇਲਾਵਾ ਵੈੱਸਟ ਇੰਡੀਜ਼, ਬੰਗਲਾਦੇਸ਼ ਅਤੇ ਪਾਕਿਸਤਾਨ ਦੀਆਂ ਟੀਮਾਂ ਨੂੰ ਵੀ ਹਾਲੇ ਤਕ ਕੋਈ ਪੁਆਈਂਟ ਨਹੀਂ ਮਿਲਿਆ। ICC ਵਰਲਡ ਟੈੱਸਟ ਚੈਂਪੀਅਨਸ਼ਿਪ ਦੇ ਪੁਆਈਂਟ ਟੇਬਲ ‘ਚ ਭਾਰਤੀ ਟੀਮ ਦੇ ਕਰੀਬ ਵੀ ਕੋਈ ਟੀਮ ਨਹੀਂ। ਭਾਰਤੀ ਟੀਮ ਤੋਂ ਬਾਅਦ ਇਸ ਲਿਸਟ ‘ਚ ਦੂੱਜੇ ਨੰਬਰ ‘ਤੇ ਮੌਜੂਦ ਨਿਊ ਜ਼ੀਲੈਂਡ ਟੀਮ ਦੇ ਕੇਵਲ 60 ਅੰਕ ਹਨ ਜਦ ਕਿ ਸ਼੍ਰੀਲੰਕਾਈ ਟੀਮ ਵੀ 60 ਅੰਕਾਂ ਦੇ ਨਾਲ ਤੀਜੇ ਨੰਬਰ ‘ਤੇ ਹੈ। ਉਥੇ ਹੀ ਆਸਟਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ 56-56 ਪੁਆਈਂਟਾਂ ਨਾਲ ਚੌਥੇ ਅਤੇ ਪੰਜਵੇਂ ਨੰਬਰ ‘ਤੇ ਹਨ।
2021 ‘ਚ ਖੇਡਿਆ ਜਾਵੇਗਾ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ
ਟੈੱਸਟ ਕ੍ਰਿਕਟ ਨੂੰ ਹੋਰ ਮਜ਼ੇਦਾਰ ਬਣਾਉਣ ਦੀ ਉਦੇਸ਼ ਨਾਲ ICC ਨੇ ਵਰਲਡ ਟੈੱਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ ਹੈ। ਜੋ ਇਸ ਸਾਲ 1 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਟੂਰਨਾਮੈਂਟ ਦਾ ਫ਼ਾਈਨਲ ਜੂਨ 2021 ‘ਚ ਲੰਡਨ ਦੇ ਲੌਰਡਜ਼ ਮੈਦਾਨ ‘ਤੇ ਖੇਡਿਆ ਜਾਵੇਗਾ। ਇਸ ਦੌਰਾਨ ਟੌਪ ਨੌਂ ਟੀਮਾਂ ਵਿਚਾਲੇ ਇਸ ਦੌਰਾਨ 27 ਟੈੱਸਟ ਸੀਰੀਜ਼ ‘ਚ ਖੇਡੇ ਜਾਣ ਵਾਲੇ 71 ਟੈੱਸਟ ਮੈਚਾਂ ਤੋਂ ਬਾਅਦ ਟੌਪ ਦੀਆਂ ਦੋ ਟੀਮਾਂ ਵਿਚਾਲੇ ਫ਼ਾਈਨਲ ਖੇਡਿਆ ਜਾਵੇਗਾ। ICC ਦਾ ਮੰਨਣਾ ਹੈ ਕਿ ਇਸ ਤੋਂ ਟੈੱਸਟ ਮੈਚਾਂ ਦੇ ਦਰਸ਼ਕਾਂ ਦੀ ਗਿਣਤੀ ‘ਚ ਵਾਧਾ ਹੋਵੇਗਾ।