ਰਾਂਚੀ – ਭਾਰਤ ਨੇ ਰਾਂਚੀ ‘ਚ ਖੇਡੇ ਗਏ ਤਿੰਨ ਮੈਚਾਂ ਦੀ ਟੈੱਸਟ ਸੀਰੀਜ਼ ਦੇ ਆਖ਼ਰੀ ਮੁਕਾਬਲੇ ‘ਚ ਦੱਖਣੀ ਅਫ਼ਰੀਕਾ ਨੂੰ ਪਾਰੀ ਅਤੇ 202 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਦੇ ਨਾਲ ਟੀਮ ਇੰਡੀਆ ਨੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। ਇਹ ਸੀਰੀਜ਼ ਆਪਣੇ ਨਾਂ ਕਰਦੇ ਹੀ ਟੀਮ ਇੰਡੀਆ ਨੂੰ ਫ਼੍ਰੀਡਮ ਟਰੌਫ਼ੀ ਸੌਂਪੀ ਗਈ। ਇਹ ਟੈੱਸਟ ਇਤਿਹਾਸ ‘ਚ ਪਹਿਲਾ ਮੌਕਾ ਹੈ ਜਦ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਦਾ ਪੂਰੀ ਸੀਰੀਜ਼ ਤੋਂ ਸਫ਼ਾਇਆ ਕੀਤਾ ਗਿਆ ਹੈ। ਟੀਮ ਇੰਡੀਆ ਸੀਰੀਜ਼ ਦੇ ਪਹਿਲੇ ਟੈੱਸਟ ‘ਚ 203 ਦੌੜਾਂ ਅਤੇ ਦੂੱਜੇ ਟੈੱਸਟ ਮੁਕਾਬਲੇ ‘ਚ ਇੱਕ ਪਾਰੀ ਅਤੇ 137 ਦੌੜਾਂ ਨਾਲ ਹਰਾਇਆ ਸੀ।
ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਖ਼ਿਲਾਫ਼ ਟੀਮ ਇੰਡੀਆ ਨੇ ਜਿੱਥੇ ਪੂਰੀ ਸੀਰੀਜ਼ ‘ਚ ਕਈ ਵੱਡੇ ਵਰਲਡ ਰਿਕਾਰਡ ਬਣਾਏ ਉਥੇ ਕਈ ਕੀਰਤੀਮਾਨ ਤੋੜ ਵੀ ਦਿੱਤੇ।
ਸੀਰੀਜ਼ ਦੌਰਾਨ ਬਣੇ ਇਹ ਵਰਲਡ ਰਿਕਾਰਡ
– ਪਹਿਲੇ ਮੈਚ ‘ਚ ਹੀ ਦੋਹਾਂ ਟੀਮਾਂ ਵਲੋਂ ਸਭ ਤੋਂ ਜ਼ਿਆਦਾ 37 ਛੱਕੇ ਲਗਣ ਦਾ ਵਰਲਡ ਰਿਕਾਰਡ ਬਣ ਗਿਆ। ਇਸ ਤੋਂ ਪਹਿਲਾਂ ਇੱਕ ਟੈੱਸਟ ਮੈਚ ‘ਚ ਸਭ ਤੋਂ ਜ਼ਿਆਦਾ 35 ਛੱਕੇ ਲੱਗਣ ਦਾ ਰਿਕਾਰਡ ਸ਼ਾਰਜਾਹ ‘ਚ 2014-15 ‘ਚ ਪਾਕਿਸਤਾਨ-ਨਿਊ ਜ਼ੀਲੈਂਡ ਵਿਚਾਲੇ ਹੋਏ ਮੈਚ ਦੇ ਨਾਂ ਦਰਜ ਸੀ।
– ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨਾਂ ਫ਼ੌਰਮੈਟਸ (ਟੈੱਸਟ, ਵਨ-ਡੇ ਅਤੇ T-20) ‘ਚ ਰੋਹਿਤ ਸ਼ਰਮਾ ਬਤੌਰ ਸਲਾਮੀ ਬੱਲੇਬਾਜ਼ ਸੈਂਕੜੇ ਲਾਉਣ ਵਾਲਾ ਕ੍ਰਿਕਟ ਇਤਿਹਾਸ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਰੋਹਿਤ ਨੇ ਇਹ ਸ਼ਾਨਦਾਰ ਉਪਲਬਧੀ ਸੀਰੀਜ਼ ਦੇ ਪਹਿਲੇ ਟੈੱਸਟ ਮੈਚ ‘ਚ ਹੀ ਹਾਸਲ ਕਰ ਲਈ ਸੀ।
– ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇੱਕ ਟੈੱਸਟ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਰੋਹਿਤ ਤੋਂ ਪਹਿਲਾਂ ਇੱਕ ਟੈੱਸਟ ਸੀਰੀਜ਼ ‘ਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਵੈੱਸਟ ਇੰਡੀਜ਼ ਦੇ ਬੱਲੇਬਾਜ਼ ਸ਼ਿਮਰੋਨ ਹੈਟਮਾਇਰ ਦੇ ਨਾਂ ਸੀ ਜਿਸ ਨੇ 2018 ‘ਚ ਬੰਗਲਾਦੇਸ਼ ਖ਼ਿਲਾਫ਼ ਸੀਰੀਜ਼ ‘ਚ 15 ਛੱਕੇ ਲਗਾਏ ਸਨ। ਫ਼ਿਲਹਾਲ ਰੋਹਿਤ ਮੌਜੂਦਾ ਸੀਰੀਜ਼ ‘ਚ 19 ਛੱਕੇ ਲੱਗਾ ਚੁੱਕਾ ਹੈ।
– ਵਿਸ਼ਾਖਾਪਟਨਮ ਟੈੱਸਟ ‘ਚ ਰਵਿੰਦਰ ਜਡੇਜਾ ਸਭ ਤੋਂ ਤੇਜ਼ 200 ਟੈੱਸਟ ਵਿਕਟਾਂ ਲੈਣ ਵਾਲਾ ਖੱਬੇ ਹੱਥ ਦਾ ਗੇਂਦਬਾਜ਼ ਬਣਿਆ। ਉਸ ਨੇ ਐਲਗਰ ਦੀ ਵਿਕਟ ਹਾਸਿਲ ਕਰਦੇ ਹੀ ਸ਼੍ਰੀ ਲੰਕਾ ਦੇ ਰੰਗਨਾ ਹੈਰਾਥ ਦਾ ਵਰਲਡ ਰਿਕਾਰਡ ਤੋੜਿਆ।
– ਵਿਰਾਟ ਕੋਹਲੀ ਨੇ ਕਪਤਾਨ ਦੇ ਤੌਰ ‘ਤੇ ਟੈੱਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ 19 ਸੈਂਕੜੇ ਲਾਉਣ ਦੇ ਮਾਮਲੇ ‘ਚ ਰਿੱਕੀ ਪੋਂਟਿੰਗ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਦੋਹਾਂ ਖਿਡਾਰੀਆਂ ਨੇ ਟੈੱਸਟਾਂ ‘ਚ ਬਤੌਰ ਕਪਤਾਨ 19-19 ਸੈਂਕੜੇ ਲਗਾਏ ਹਨ।
– ਆਰ. ਅਸ਼ਵਿਨ ਟੈੱਸਟ ਕ੍ਰਿਕਟ ‘ਚ ਸਭ ਤੋਂ ਤੇਜ਼ 350 ਵਿਕਟਾਂ ਹਾਸਿਲ ਕਰ ਕੇ ਮੁਥੱਇਆ ਮੁਰਲੀਧਰਨ ਦੇ ਨਾਲ ਸਾਂਝੇ ਤੌਰ ‘ਤੇ ਪਹਿਲੇ ਨੰਬਰ ‘ਤੇ ਕਾਬਜ਼ ਹੋ ਗਿਆ। ਉਸ ਨੇ ਆਪਣੇ ਸਿਰਫ਼ 66ਵੇਂ ਟੈੱਸਟ ‘ਚ ਹੀ ਇਹ ਉਪਲਬਧੀ ਹਾਸਿਲ ਕੀਤੀ।
– ਰੋਹਿਤ ਸ਼ਰਮਾ ਬਤੌਰ ਓਪਨਰ ਪਹਿਲੇ ਟੈੱਸਟ ਦੀਆਂ ਦੋਹਾਂ ਪਾਰੀਆਂ ‘ਚ ਸੈਂਕੜੇ ਮਾਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਉਸ ਨੇ ਪਹਿਲੇ ਟੈੱਸਟ ਦੀ ਪਹਿਲੀ ਪਾਰੀ ‘ਚ 176 ਦੌੜਾਂ ਬਣਾਈਆਂ ਸਨ ਉਥੇ ਦੂਜੀ ਪਾਰੀ ‘ਚ ਵੀ ਉਸ ਦੇ ਬੱਲੇ ‘ਚੋਂ 127 ਦੌੜਾਂ ਨਿਕਲੀਆਂ।
-ਵਿਸ਼ਾਖਾਪਟਨਮ ‘ਚ ਖੇਡੇ ਗਏ ਪਹਿਲੇ ਟੈੱਸਟ ‘ਚ ਰੋਹਿਤ ਨੇ ਇੱਕ ਮੈਚ ‘ਚ 13 ਛੱਕੇ ਲੱਗਾ ਕੇ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ। ਰੋਹਿਤ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਦਿੱਗਜ ਖਿਡਾਰੀ ਵਸੀਮ ਅਕਰਮ ਦੇ ਨਾਮ ਸੀ। ਰੋਹਿਤ ਨੇ ਮੈਚ ਦੀ ਪਹਿਲੀ ਪਾਰੀ ‘ਚ ਛੇ ਛੱਕੇ ਅਤੇ ਦੂਜੀ ਪਾਰੀ ‘ਚ ਸੱਤ ਛੱਕੇ ਲਾ ਦਿੱਤੇ ਸਨ।
– ਵਿਰਾਟ ਕੋਹਲੀ ਬਤੌਰ ਕਪਤਾਨ ਅੰਤਰਰਾਸ਼ਟਰੀ ਟੈੱਸਟ ਕ੍ਰਿਕਟ ‘ਚ ਨੌਂ ਵਾਰ 150 ਤੋਂ ਜ਼ਿਆਦਾ ਦਾ ਸਕੋਰ ਬਣਾ ਕੇ ਸਰ ਡਾਨ ਬ੍ਰੈਡਮੈਨ ਤੋਂ ਅੱਗੇ ਨਿਕਲ ਗਿਆ। ਬ੍ਰੈਡਮੈਨ ਨੇ ਆਪਣੇ ਕਰੀਅਰ ‘ਚ ਬਤੌਰ ਕਪਤਾਨ ਅੱਠ ਵਾਰ ਇਹ ਕਾਰਨਾਮਾ ਕੀਤਾ ਸੀ।
– ਭਾਰਤ ਨੇ ਘਰੇਲੂ ਜ਼ਮੀਨ ‘ਤੇ ਲਗਾਤਾਰ 11 ਟੈੱਸਟ ਸੀਰੀਜ਼ ਜਿੱਤ ਕੇ ਨਵਾਂ ਵਰਲਡ ਰਿਕਾਰਡ ਬਣਾ ਦਿੱਤਾ ਹੈ। ਉਸ ਨੇ ਆਸਟਰੇਲੀਆ ਦੇ 19 ਸਾਲ ਪੁਰਾਣੇ 10 ਟੈੱਸਟ ਸੀਰੀਜ਼ ਜਿੱਤਣ ਦੇ ਰਿਕਾਰਡ ਨੂੰ ਤੋੜ ਦਿੱਤਾ। ਭਾਰਤੀ ਟੀਮ ਨੇ 2013 ਤੋਂ ਹੁਣ ਤਕ ਧੋਨੀ-ਵਿਰਾਟ ਅਤੇ ਰਹਾਨੇ ਦੀ ਕਪਤਾਨੀ ‘ਚ ਲਗਾਤਾਰ 11 ਟੈੱਸਟ ਸੀਰੀਜ਼ ਜਿੱਤੀਆ ਹਨ ਜੋ ਕਿ ਹੁਣ ਇੱਕ ਵਰਲਡ ਰਿਕਾਰਡ ਬਣ ਗਿਆ ਹੈ।