ਜੇਕਰ ਇਹ ਕਿਹਾ ਜਾਵੇ ਕਿ ਬੌਲੀਵੁਡ ਅਤੇ ਪੌਲੀਵੁਡ ਵਿੱਚ ਸਕਰੀਨ ‘ਤੇ ਜੇ ਸਿੱਖ ਕਿਰਦਾਰ ਹੋਵੇ ਤਾਂ ਫ਼ਿਲਮ ਨੂੰ ਹਿੱਟ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਤਾਂ ਇਹ ਸੁਣ ਕੇ ਤੁਸੀਂ ਕੁੱਝ ਦੇਰ ਲਈ ਹੈਰਾਨ ਜ਼ਰੂਰ ਹੋਵੋਗੇ, ਪਰ ਪਿਛਲੇ ਸਾਲਾਂ ਵਿੱਚ ਕਈ ਬੌਲੀਵੁਡ ਫ਼ਿਲਮਾਂ ਦੀ ਪੜਤਾਲ ਕਰਨ ‘ਤੇ ਇਹ ਸਾਬਿਤ ਹੋ ਚੁੱਕਾ ਹੈ। ਇੱਕ ਨਹੀਂ, ਅਜਿਹੀਆਂ ਕਈ ਫ਼ਿਲਮਾਂ ਹਨ। ਇਹ ਵੀ ਸੱਚ ਹੈ ਕਿ ਜੇਕਰ ਕਿਸੇ ਫ਼ਿਲਮ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਸ ਨੂੰ ਸਮਾਜ ਨੇ ਨਕਾਰ ਵੀ ਦਿੱਤਾ ਹੈ। ਅਸਲ ਵਿੱਚ ਇੱਕ ਮਾਨਸਿਕਤਾ ਤਹਿਤ ਇਹ ਗੱਲ ਫ਼ੈਲਾਈ ਗਈ ਕਿ ਅਸਲ ਜ਼ਿੰਦਗੀ ਹੋਵੇ ਜਾਂ ਫ਼ਿਲਮੀ ਜ਼ਿੰਦਗੀ, ਇਸ ਵਿੱਚ ਹੱਸਣ ਹਸਾਉਣ ਦਾ ਮਤਲਬ ਹੁੰਦਾ ਸੀ ਸਿੱਖ ਜਾਂ ਪੰਜਾਬੀ ਕਰੈਕਟਰ। ਫ਼ਜ਼ੂਲ ਦੇ ਠਹਾਕੇ ਜਾਂ ਸੰਤਾ-ਬੰਤਾ ਦੇ ਬੇਤੁਕੇ ਚੁਟਕੁਲੇ ਹੌਲੀ ਹੌਲੀ ਪੰਜਾਬੀਆਂ ਦੀ ਪਛਾਣ ਬਣਦੇ ਗਏ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਕਹਿ ਸਕਦੇ ਹਾਂ ਕਿ ਭੋਲੇ ਭਾਲੇ ਪੰਜਾਬੀਆਂ ਨੂੰ ਦੁਨੀਆਂ ਨੇ ਹਾਸੇ ਦਾ ਪਾਤਰ ਬਣਾ ਦਿੱਤਾ। ਆਲਮ ਇਹ ਹੋਇਆ ਕਿ ਪੰਜਾਬੀਆਂ ‘ਤੇ ਮਜ਼ਾਹੀਆ ਕਿਰਦਾਰ ਦਾ ਠੱਪਾ ਲੱਗ ਗਿਆ, ਪਰ ਪਿਛਲੇ ਸਾਲਾਂ ਵਿੱਚ ਬੌਲੀਵੁਡ ਨੇ ਇਸ ਠੱਪੇ ਨੂੰ ਉਤਾਰਿਆ ਹੈ, ਯਾਨੀ ਹੁਣ ਫ਼ਿਲਮਾਂ ਵਿੱਚ ਪਗੜੀਧਾਰੀ ਨਾਇਕ ਦਾ ਸੁਲਝਿਆ ਹੋਇਆ ਰੂਪ ਸਾਹਮਣੇ ਆ ਰਿਹਾ ਹੈ। ਹੁਣ ਉਸ ਨੂੰ ਵੱਡੇ ਪਰਦੇ ‘ਤੇ ਰਿਵਾਇਤੀ ਤੋਂ ਹਟ ਕੇ ਮੁੱਖ ਕਿਰਦਾਰ ਵਾਲੀ ਜਗ੍ਹਾ ਮਿਲੀ ਹੈ।
ਫ਼ਿਲਮਾਂ ਦੇ ਨਾਲ ਨਾਲ ਵੈੱਬ ਸੀਰੀਜ਼ ਨੇ ਵੀ ਪਗੜੀਧਾਰੀ ਨਾਇਕ ਦੀ ਦਿੱਖ ਨੂੰ ਚੰਗਾ ਬਣਾਉਣ ਵਿੱਚ ਯੋਗਦਾਨ ਪਾਇਆ ਹੈ, ਜਿਵੇਂ ਨੈੱਟਫ਼ਲਿਕਸ ਦੀ ਹਰਮਨਪਿਆਰੀ ਵੈੱਬ ਸੀਰੀਜ਼ ਸੇਕਰੇਡ ਗੇਮਜ਼-2. ਇਸ ਸੀਰੀਜ਼ ਦੇ ਅੰਤ ਨਾਲ ਬੇਸ਼ੱਕ ਦਰਸ਼ਕ ਖ਼ੁਸ਼ ਨਹੀਂ ਹੋਏ, ਪਰ ਵਿਸ਼ੇਸ਼ ਰੂਪ ਨਾਲ ਉੱਤਰ ਭਾਰਤ ਵਿੱਚ ਪਗੜੀਧਾਰੀ ਸਰਤਾਜ ਸਿੰਘ ਯਾਨੀ ਸੈਫ਼ ਅਲੀ ਖ਼ਾਨ ਨੇ ਦਿਲ ਜਿੱਤ ਲਿਆ। ਇਸ ਵੈੱਬ ਸੀਰੀਜ਼ ਵਿੱਚ ਸਰਤਾਜ ਸਿੰਘ ਪੱਗ ਬੰਨ੍ਹ ਕੇ ਹੀਰੋ ਹੀ ਬਣ ਗਿਆ ਸੀ ਜੋ ਸਰਦਾਰ ਨਾਇਕ ਦੀ ਮਜ਼ਾਹੀਆ ਦਿੱਖ ਨੂੰ ਮਿਟਾਉਣ ਲਈ ਕਾਬਿਲੇ-ਤਾਰੀਫ਼ ਸੀ।
ਜਿਵੇਂ ਫ਼ਿਲਮਾਂ ਵਿੱਚ ਨਵਾਂਪਨ ਅਤੇ ਦਰਸ਼ਕ ਇਕੱਠੇ ਕਰਨ ਲਈ ਮਹਿਮਾਨ ਭੂਮਿਕਾ ਅਤੇ ਆਈਟਮ ਗੀਤ ਦਾ ਸਹਾਰਾ ਲਿਆ ਜਾਂਦਾ ਹੈ ਠੀਕ ਉਸ ਤਰ੍ਹਾਂ ਹੀ ਕੁੱਝ ਸਾਲ ਪਹਿਲਾਂ ਤਕ ਸਿੱਖਾਂ ਅਤੇ ਪੰਜਾਬੀਆਂ ਨਾਲ ਸੀ। ਅੱਜ ਤੋਂ ਤੀਹ ਸਾਲ ਪਹਿਲਾਂ ਦੀਆਂ ਫ਼ਿਲਮਾਂ ਦੇਖੋ ਤਾਂ ਇਨ੍ਹਾਂ ਦੇ ਕਿਰਦਾਰ ਰੰਗ-ਬਿਰੰਗੇ ਸੂਟ, ਭਾਰੀ ਮੇਕਅਪ ਅਤੇ ਗਹਿਣਿਆਂ ਨਾਲ ਲੱਦੇ ਅਜੀਬੋ ਗ਼ਰੀਬ ਲਹਿਜੇ ਵਿੱਚ ਬੋਲਣ ਤਕ ਹੀ ਸੀਮਿਤ ਸਨ। ਇਹੀ ਵਜ੍ਹਾ ਹੈ ਕਿ ਹਰ ਬੌਲੀਵੁਡ ਫ਼ਿਲਮ ਵਿੱਚ ਦਰਸ਼ਕਾਂ ਨੂੰ ਹਸਾਉਣ ਲਈ ਸਰਦਾਰ ਮਰਦ ਜਾਂ ਔਰਤ ਦਾ ਕਿਰਦਾਰ ਜ਼ਰੂਰ ਹੁੰਦਾ ਸੀ, ਪਰ ਪੰਜਾਬੀਆਂ ਨੇ ਇਹ ਸੋਚ ਤੋੜਨ ਲਈ ਕਾਫ਼ੀ ਸੰਘਰਸ਼ ਕੀਤਾ। ਨਤੀਜੇ ਵਜੋਂ ਅੱਜ ਪਗੜੀਧਾਰੀ ਸਰਦਾਰ ਰੂੜੀਵਾਦ ਨੂੰ ਤੋੜਦੇ ਹੋਏ ਗੰਭੀਰ ਦਿੱਖ ਨਾਲ ਪਰਦੇ ‘ਤੇ ਉਤਰਿਆ ਹੈ।
ਬੌਲੀਵੁਡ ਨੇ ਪਗੜੀਧਾਰੀ ਅਦਾਕਾਰ ਦੇ ਸਿਰਫ਼ ਮਜ਼ਾਹੀਆ ਚਰਿੱਤਰ ਨੂੰ ਹੀ ਨਹੀਂ ਬਦਲਿਆ ਬਲਕਿ ਉਨ੍ਹਾਂ ਨੂੰ ਗੰਭੀਰ, ਭਰੋਸੇਯੋਗ ਅਤੇ ਮੁੱਖ ਕਿਰਦਾਰ ਦੀ ਭੂਮਿਕਾ ਨਿਭਾਉਣ ਨੂੰ ਦਿੱਤੀ ਹੈ। ਉਹ ਕਿਸੇ ਤੋਂ ਘੱਟ ਨਹੀਂ ਹਨ, ਉਨ੍ਹਾਂ ਨੂੰ ਵੀ ਵੱਡੀ ਸਕਰੀਨ ‘ਤੇ ਬਾਕੀ ਲੋਕਾਂ ਦੀ ਤਰ੍ਹਾਂ ਚੰਗੀ ਭੂਮਿਕਾ ਨਿਭਾਉਣ ਦਾ ਹੱਕ ਹੈ। ਇਸੇ ਸੋਚ ਤੋਂ ਪ੍ਰੇਰਿਤ ਪਿਛਲੇ ਸਾਲ ਅਨੁਰਾਗ ਕਸ਼ਯਪ ਦੀ ਫ਼ਿਲਮ ਮਨਮਰਜ਼ੀਆਂ ਆਈ ਸੀ। ਇਸ ਫ਼ਿਲਮ ਦਾ ਨਾਇਕ ਸੀ ਅਭਿਸ਼ੇਕ ਬੱਚਨ ਜਿਸ ਨੇ ਪੱਗ ਬੰਨ੍ਹੀ ਸੀ। ਇਸ ਫ਼ਿਲਮ ਦੀ ਲੇਖਿਕਾ ਕਨਿਕਾ ਢਿੱਲੋਂ ਦੀਆਂ ਜੜ੍ਹਾਂ ਅੰਮ੍ਰਿਤਸਰ ਵਿੱਚ ਹਨ ਅਤੇ ਉਹ ਖ਼ੁਦ ਇੱਕ ਸਿੱਖ ਹੈ। ਇਸ ਸਬੰਧੀ ਕਨਿਕਾ ਕਹਿੰਦੀ ਹੈ ਕਿ ਰੌਬੀ ਦੇ ਕਿਰਦਾਰ ਵਿੱਚ ਅਭਿਸ਼ੇਕ ਤੋਂ ਇਲਾਵਾ ਉਹ ਹੋਰ ਕਿਸੇ ਬਾਰੇ ਸੋਚ ਵੀ ਨਹੀਂ ਸੀ ਸਕਦੀ। ਪਗੜੀਧਾਰੀ ਦੀ ਦਿੱਖ ਸੁਧਾਰਨ ਦੀ ਇਹ ਪਹਿਲੀ ਕੋਸ਼ਿਸ਼ ਨਹੀਂ। ਸਾਲ 2008 ਵਿੱਚ ਅਕਸ਼ੇ ਕੁਮਾਰ ਦੀ ਫ਼ਿਲਮ ਸਿੰਘ ਇਜ਼ ਕਿੰਗ ਇਸ ਦੀ ਬਿਹਤਰ ਮਿਸਾਲ ਹੈ। ਉਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਸਿੱਖ ਰੂਪ ਵਿੱਚ ਇੱਕ ਹੀਰੋ ਦਾ ਕਿਰਦਾਰ ਨਿਭਾ ਰਿਹਾ ਸੀ।
ਉਸ ਤੋਂ ਪਹਿਲਾਂ 2001 ਵਿੱਚ ਗ਼ਦਰ-ਏਕ ਪ੍ਰੇਮ ਕਥਾ ਵਿੱਚ ਸਨੀ ਦਿਓਲ ਨੂੰ ਮੁੱਖ ਕਿਰਦਾਰ ਵਿੱਚ ਸਰਦਾਰ ਦੇ ਰੂਪ ਵਿੱਚ ਦੇਖਿਆ ਗਿਆ ਸੀ। ਉਸ ਤੋਂ ਪਹਿਲਾਂ ਵੀ ਉਸ ਨੇ ਬੌਰਡਰ ਵਿੱਚ ਇੱਕ ਸਿੱਖ ਸੈਨਿਕ ਦੇ ਰੂਪ ਵਿੱਚ ਸ਼ਾਨਦਾਰ ਪੇਸ਼ਕਾਰੀ ਦਿੱਤੀ ਸੀ। ਉਸ ਤੋਂ ਇਲਾਵਾ ਰਣਬੀਰ ਕਪੂਰ, ਅਜੇ ਦੇਵਗਨ ਅਤੇ ਅਰਜੁਨ ਕਪੂਰ ਵਰਗੇ ਕਈ ਹੀਰੋ ਹਨ ਜਿਨ੍ਹਾਂ ਨੇ ਸਿੱਖੀ ਰੂਪ ਵਿੱਚ ਕਮਾਲ ਕੀਤਾ ਹੈ। ਦਸਤਾਵੇਜ਼ੀ ਫ਼ਿਲਮ ਨਿਰਮਾਤਾ ਸਾਹਿਬ ਸਿੰਘ ਕਹਿੰਦੇ ਹਨ ਕਿ ਅੱਜ ਸਿੱਖ ਪਾਤਰਾਂ ਨੂੰ ਸੰਵੇਦਨਸ਼ੀਲਤਾ ਨਾਲ ਜੋੜਿਆ ਜਾ ਰਿਹਾ ਹੈ। ਹੁਣ ਮਨੋਰੰਜਨ ਸਨਅਤ ਨੇ ਉਨ੍ਹਾਂ ਦੀ ਮਜ਼ਾਹੀਆ ਦਿੱਖ ਨੂੰ ਖ਼ਤਮ ਕਰ ਦਿੱਤਾ ਹੈ। ਫ਼ਿਰ ਵੀ ਸਿੱਖ ਚਿਤਰਣ ਵਿੱਚ ਵਿਵਾਦ ਹੁੰਦੇ ਰਹਿੰਦੇ ਹਨ ਜਿਵੇਂ ਕਿ ਮਨਮਰਜ਼ੀਆਂ ਵਿੱਚ ਸਿਗਰਟਨੋਸ਼ੀ ਦੇ ਦ੍ਰਿਸ਼ਾਂ ਕਾਰਨ ਹੋਇਆ ਸੀ।
ਕਨਿਕਾ ਕਹਿੰਦੀ ਹੈ, ”ਅਸੀਂ ਸਿਰਫ਼ ਧਾਰਮਿਕ ਪਛਾਣ ਲਈ ਪਾਤਰਾਂ ਨੂੰ ਘੱਟ ਕਰ ਕੇ ਨਹੀਂ ਦਿਖਾ ਸਕਦੇ। ਉਨ੍ਹਾਂ ਨੂੰ ਸੰਪੂਰਨਤਾ ਵਿੱਚ ਚਰਿੱਤਰਾਂ ਦੇ ਰੂਪ ਵਿੱਚ ਸਮਝਿਆ ਜਾਣਾ ਚਾਹੀਦਾ ਹੈ।” ਸੋਨੂ ਸੂਦ ਜਿਸ ਨੇ ਫ਼ਿਲਮ ਸਿੰਘ ਇਜ਼ ਕਿੰਗ ਵਿੱਚ ਇੱਕ ਸਿੱਖ ਦੀ ਭੂਮਿਕਾ ਨਿਭਾਈ ਸੀ ਦਾ ਕਹਿਣਾ ਹੈ, ”ਦਰਸ਼ਕਾਂ ਅਤੇ ਸਿੱਖਾਂ ਦੋਵਾਂ ਵਲੋਂ ਇਹ ਸਮਝਿਆ ਜਾ ਰਿਹਾ ਹੈ ਕਿ ਸਿੱਖ ਭਾਈਚਾਰਾ ਕਿਸੇ ਤੋਂ ਘੱਟ ਨਹੀਂ ਹੈ ਅਤੇ ਉਸ ਦੀ ਦਿੱਖ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ। ਇਸ ਨਾਲ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਦੀ ਹੈ।”
ਪੌਲੀਵੁਡ ਅਤੇ ਬੌਲੀਵੁਡ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਾਹਿਬ ਸਿੰਘ ਕਹਿੰਦੇ ਹਨ ਕਿ ਪੌਲੀਵੁਡ ਵਿੱਚ ਵੀ ਪੱਗ ਵਾਲੇ ਸਿੱਖ ਨੂੰ ਹੀਰੋ ਦੇ ਰੂਪ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸਲ ਵਿੱਚ ਬੌਲੀਵੁਡ ਵਿੱਚ ਸਿੱਖ ਨਾਇਕ ਨੂੰ ਜ਼ਿਆਦਾ ਸਵੀਕਾਰਨਯੋਗ ਅਤੇ ਸਰਬਵਿਆਪੀ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ। ਅਨੁਰਾਗ ਵਰਗੇ ਨਿਰਦੇਸ਼ਕਾਂ ਦੀ ਮੌਜੂਦਗੀ, ਕਨਿਕਾ ਢਿੱਲੋਂ ਵਰਗੇ ਲੇਖਕਾਂ ਅਤੇ ਦਿਲਜੀਤ ਦੋਸਾਂਝ ਵਰਗੇ ਗਾਇਕਾਂ ਅਤੇ ਅਦਾਕਾਰਾਂ ਨੇ ਸਿੱਖ ਨਾਇਕਾਂ ਦਾ ਸਵਾਗਤ ਕੀਤਾ ਹੈ। ਸਾਹਿਬ ਸਿੰਘ ਦਿਲਜੀਤ ਦੋਸਾਂਝ ਨੂੰ ਸਿੱਖੀ ਰੂਪ ਵਿੱਚ ਬੌਲੀਵੁਡ ਦੇ ਮੈਦਾਨ ਵਿੱਚ ਆਉਣ ਦਾ ਸਿਹਰਾ ਦਿੰਦਾ ਹੈ।
ਅਭਿਨੇਤਾ ਅੰਗਦ ਬੇਦੀ ਨੂੰ ਫ਼ਿਲਮ ਉਦਯੋਗ ਵਿੱਚ ਪੈਰ ਜਮਾਉਣ ਲਈ ਆਪਣੀ ਪੱਗ ਦਾ ਤਿਆਗ ਕਰਨਾ ਪਿਆ ਹੋ ਸਕਦਾ ਹੈ, ਪਰ ਦਿਲਜੀਤ ਦੀ ਪੱਗ ਵਾਲੀ ਦਿੱਖ ਨੇ ਉਸ ਦੇ ਸਟਾਰ ਕੱਦ ਨਾਲ ਮਿਲ ਕੇ ਸਿੱਖ ਭਾਈਚਾਰੇ ਨੂੰ ਸਨਮਾਨ ਦਿਵਾਇਆ ਹੈ। ਦਿਲਜੀਤ ਫ਼ਿਲਮਾਂ ਵਿੱਚ ਸਿੱਖਾਂ ਦੇ ਚਿਤਰਣ ਵਿੱਚ ਜ਼ਿਆਦਾ ਤਬਦੀਲੀ ਦੇਖਣਾ ਚਾਹੁੰਦਾ ਹੈ। ਉਸ ਨੂੰ ਲੱਗਦਾ ਹੈ ਕਿ ਇਹ ਤਬਦੀਲੀ ਤਾਂ ਹੀ ਆ ਸਕਦੀ ਹੈ ਜਦੋਂ ਸਿੱਖ ਨਾਇਕਾਂ ਦੀਆਂ ਜ਼ਿਆਦਾ ਫ਼ਿਲਮਾਂ ਬਣਨ ਅਤੇ ਸਾਰੀਆਂ ਟਿਕਟ ਖਿੜਕੀ ‘ਤੇ ਸਫ਼ਲ ਹੋਣ।
ਇਹ ਫ਼ਾਰਮੂਲਾ ਹਮੇਸ਼ਾਂ ਹਿੱਟ ਨਹੀਂ ਹੁੰਦਾ ਜਿਵੇਂ ਕਿ ਦਿਲਜੀਤ ਦੋਸਾਂਝ ਦੀ ਹਾਲੀਆ ਰਿਲੀਜ਼ ਫ਼ਿਲਮ ਅਰਜੁਨ ਪਟਿਆਲਾ ਨਾਲ ਹੋਇਆ। ਫ਼ਿਰ ਚਾਹੇ 1982 ਵਿੱਚ ਸਿੱਖ ਏਅਰਫ਼ੋਰਸ ਪਾਇਲਟ ਦੇ ਰੂਪ ਵਿੱਚ ਕੁਣਾਲ ਕਪੂਰ ਅਭਿਨੀਤ ਗੋਵਿੰਦ ਨਿਹਲਾਨੀ ਦੀ ਵਿਜਯਾ ਹੋਵੇ ਜਾਂ ਰੌਕੇਟ ਸਿੰਘ-ਸੇਲਜ਼ਮੈਨ ਔਫ਼ ਦਾ ਯੀਅਰ ਹੋਵੇ। ਬੇਸ਼ੱਕ ਫ਼ਿਲਮੀ ਪਰਦੇ ‘ਤੇ ਇਨ੍ਹਾਂ ਫ਼ਿਲਮਾਂ ਨੇ ਕਰੋੜਾਂ ਦਾ ਕਾਰੋਬਾਰ ਨਹੀਂ ਕੀਤਾ, ਪਰ ਪਗੜੀਧਾਰੀ ਅਦਾਕਾਰ ਨੂੰ ਹੀਰੋ ਬਣਾਇਆ ਅਤੇ ਸਮਾਜ ਦੀ ਸੋਚ ਨੂੰ ਵਿਸ਼ਾਲ ਕੀਤਾ ਹੈ। ਫ਼ਿਲਮ ਲਵ ਆਜਕਲ ਵਿੱਚ ਸੈਫ਼ ਅਲੀ ਖ਼ਾਨ ਨੇ ਪਗੜੀਧਾਰੀ ਸਿੱਖ ਦੇ ਰੂਪ ਵਿੱਚ ਕੰਮ ਕੀਤਾ ਅਤੇ ਇਹ ਨਵਾਂ ਮਾਪਦੰਡ ਸਥਾਪਿਤ ਕੀਤਾ।
ਸਾਹਿਬ ਸਿੰਘ ਦਾ ਕਹਿਣਾ ਹੈ ਕਿ ਸਿੱਖ ਪਾਤਰਾਂ ਨੂੰ ਬਣਾਉਣ ਲਈ ਬਾਹਰੀ ਲੋਕਾਂ ਦੀ ਬਰਾਬਰ ਲੋੜ ਹੈ ਕਿਉਂਕਿ ਉਹ ਸਾਨੂੰ ਜ਼ਿਆਦਾ ਨਿਰਪੱਖ ਅਤੇ ਉਦੇਸ਼ਪੂਰਨ ਰੂਪ ਨਾਲ ਦੇਖ ਸਕਦੇ ਹਨ। ਉਨ੍ਹਾਂ ਨੇ ਫ਼ਿਲਮ ਨਿਰਮਾਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਪਗੜੀਧਾਰੀ ਹੀਰੋ ਨੂੰ ਅਸਲ ਮਨੁੱਖ ਦੇ ਰੂਪ ਵਿੱਚ ਦਿਖਾਉਣ, ਉਨ੍ਹਾਂ ਨੂੰ ਸਿਰਫ਼ ਬਹਾਦਰੀ ਅਤੇ ਧਾਰਮਿਕ ਕਹਾਣੀਆਂ ਤਕ ਸੀਮਿਤ ਨਾ ਕਰਨ। ਉਨ੍ਹਾਂ ਨੂੰ ਇੱਕ ਆਮ ਇਨਸਾਨ ਜਿਸ ਵਿੱਚ ਗੁਣ-ਔਗੁਣ ਹੁੰਦੇ, ਉਹ ਉਸੇ ਤਰ੍ਹਾਂ ਦਿਖਾਉਣ ਕਿਉਂਕਿ ਉਹ ਦੂਜਿਆਂ ਤੋਂ ਅਲੱਗ ਨਹੀਂ ਹਨ। ਸੋਨੂੰ ਸੂਦ ਦਾ ਕਹਿਣਾ ਹੈ ਕਿ ਨਿਰਮਾਤਾਵਾਂ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਰਚਨਾਤਮਕਤਾ ਸਿੱਖ ਧਰਮ ਦੀ ਮਰਿਆਦਾ ਤੋਂ ਬਾਹਰ ਨਹੀਂ ਹੋ ਸਕਦੀ।