ਨਵੀਂ ਦਿੱਲੀ –ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ. ਐੱਮ. ਸੀ.) ਦੇ ਘਪਲੇ ਵਿਚ ਇਕ ਹੈਰਾਨੀ ਕਰਨ ਵਾਲਾ ਖੁਲਾਸਾ ਹੋਇਆ ਹੈ। ਬੈਂਕ ਦੀ ਡਾਇਰੈਕਟਰ ਪਰਮੀਤ ਸੋਢੀ ਨੇ ਦਾਅਵਾ ਕੀਤਾ ਹੈ ਕਿ ਉਹ ਖੁਦ ਇਸ ਘਪਲੇ ਦੀ ਸ਼ਿਕਾਰ ਹੋਈ ਹੈ। ਸੋਢੀ ਫਿਲਹਾਲ ਕੈਨੇਡਾ ਵਿਚ ਛੁੱਟੀਆਂ ਕੱਟ ਰਹੀ ਹੈ ਅਤੇ ਪੁਲਸ ਨੇ ਉਸਦੇ ਖਿਲਾਫ ਪਿੱਛੇ ਜਿਹੇ ਹੀ ਮੁਲਜ਼ਮ ਲੱਭੋ ਨੋਟਿਸ ਜਾਰੀ ਕੀਤਾ ਹੈ। ਸੋਢੀ ਨੇ ਪੇਸ਼ਗੀ ਜ਼ਮਾਨਤ ਦੀ ਆਪਣੀ ਅਰਜ਼ੀ ਵਿਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਾਲ ਹੀ ਵਿਚ ਬੈਂਕ ਵਿਚ ਆਪਣੇ 10 ਲੱਖ ਰੁਪਏ ਜਮ੍ਹਾ ਕਰਵਾਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਧੋਖਾਦੇਹੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਦਾਲਤ ਵਿਚ ਜਾਰੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਵਿਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਖਿਲਾਫ ਮੁਲਜ਼ਮ ਦੀ ਭਾਲ ਕਰੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਲਈ ਉਨ੍ਹਾਂ ਨੂੰ ਸ਼ੱਕ ਹੈ ਕਿ 28 ਅਕਤੂਬਰ ਨੂੰ ਭਾਰਤ ਪਰਤਣ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿਚ ਆਰਥਿਕ ਜੁਰਮਾਂ ਬਾਰੇ ਸ਼ਾਖਾ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਤੇ 17 ਲੋਕਾਂ ਵਿਰੁੱਧ ਭਾਲ ਕਰੋ ਨੋਟਿਸ ਜਾਰੀ ਕੀਤੇ ਗਏ ਹਨ।