ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀਆਂ ਜਨਤਕ ਬੱਸਾਂ ‘ਚ ਔਰਤਾਂ ਵਾਂਗ ਬਜ਼ੁਰਗਾਂ ਨੂੰ ਵੀ ਮੁਫ਼ਤ ਯਾਤਰਾ ਕਰਨ ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਔਰਤਾਂ ਲਈ ਇਹ ਸਹੂਲਤ ਭਾਈ ਦੂਜ ਦੇ ਦਿਨ ਭਾਵ ਅੱਜ ਸ਼ੁਰੂ ਹੋ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਆਉਣ-ਜਾਣ ਦਾ ਸਾਧਨ ਮਹਿੰਗਾ ਹੋਣ ਕਾਰਨ ਸਕੂਲ ਅਤੇ ਕਾਲਜ ਦੀ ਪੜ੍ਹਾਈ ਵਿਚਾਲੇ ਛੱਡਣ ਵਾਲੀਆਂ ਕੁੜੀਆਂ ਨੂੰ ਹੁਣ ਅਜਿਹਾ ਕਰਨ ਦੀ ਲੋੜ ਨਹੀਂ ਹੈ। ਹੁਣ ਉਹ ਆਪਣੇ ਸਕੂਲ ਅਤੇ ਕਾਲਜ ਆਉਣ-ਜਾਣ ਲਈ ਬੱਸਾਂ ‘ਚ ਸਫਰ ਮੁਫ਼ਤ ਕਰ ਸਕਦੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬਜ਼ੁਰਗਾਂ ਅਤੇ ਵਿਦਿਆਰਥੀਆਂ ਲਈ ਵੀ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ਸਾਰੇ ਕੰਮ ਇਕੱਠੇ ਪੂਰੇ ਨਹੀਂ ਕੀਤੇ ਜਾ ਸਕਦੇ ਪਰ ਅਸੀਂ ਯਕੀਨਨ ਇਹ ਕਰਾਂਗੇ। ਅਸੀਂ ਪਹਿਲਾਂ ਔਰਤਾਂ ਲਈ ਇਸ ਯੋਜਨਾ ਨੂੰ ਸ਼ੁਰੂ ਕੀਤਾ ਹੈ ਅਤੇ ਨਤੀਜਿਆਂ ਦੇ ਆਧਾਰ ‘ਤੇ ਅਸੀਂ ਆਉਣ ਵਾਲੇ ਸਮੇਂ ਵਿਚ ਬਜ਼ੁਰਗਾਂ ਅਤੇ ਵਿਦਿਆਰਥੀਆਂ ਲਈ ਵੀ ਮੁਫ਼ਤ ਬੱਸ ਸੇਵਾ ਸ਼ੁਰੂ ਕਰਾਂਗੇ।
ਦਰਅਸਲ ਅਗਲੇ ਸਾਲ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਅਜਿਹੇ ਵਿਚ ਵਿਰੋਧੀ ਦਲਾਂ ਦਾ ਦੋਸ਼ ਹੈ ਕਿ ‘ਆਪ’ ਸਰਕਾਰ ਲੋਕਾਂ ਨੂੰ ਲੁਭਾਉਣ ਲਈ ਮੁਫ਼ਤ ਯੋਜਨਾਵਾਂ ਲਿਆ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਰਾਜੀਵ ਗਾਂਧੀ (ਸਾਬਕਾ ਪ੍ਰਧਾਨ ਮੰਤਰੀ) ਨੇ ਕਿਹਾ ਸੀ ਲੋਕਾਂ ਦੇ ਕਲਿਆਣ ‘ਤੇ ਖਰਚ ਕੀਤੇ ਜਾਣ ਵਾਲੇ 100 ਰੁਪਏ ‘ਚੋਂ 85 ਰੁਪਏ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਜਾਂਦੇ ਹਨ ਅਤੇ ਜਨਤਾ ਤਕ 15 ਰੁਪਏ ਹੀ ਪਹੁੰਚਦੇ ਹਨ। ਅਸੀਂ ਉਹ 85 ਰੁਪਏ ਬਚਾ ਰਹੇ ਹਾਂ ਅਤੇ ਦਿੱਲੀ ਦੀ ਜਨਤਾ ਨੂੰ ਸਹੂਲਤਾਂ ਦੇ ਰਹੇ ਹਾਂ।