ਜਲੰਧਰ : ਸਾਬਕਾ ਪਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦਾ ਇਕ ਉਚ ਪੱਧਰੀ ਵਫਦ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਵੇਗਾ। ਕਾਂਗਰਸ ਨੇ ਇਸ ਦੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਇਕ ਵਫਦ ਦਾ ਗਠਨ ਕੀਤਾ ਹੈ। ਇਤਿਹਾਸਿਕ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲੇ ‘ਚ ਪੈਂਦਾ ਹੈ ਤੇ ਇਹ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਲੱਗਭੱਗ 15-16 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਦੱਸਿਆ ਜਾਂਦਾ ਹੈ ਕਿ ਸ੍ਰੀ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਵਫਦ ਦੀ ਅਗਵਾਈ ਡਾ. ਮਨਮੋਹਨ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਪਰ ਇਹ ਵਫਦ ਪਾਕਿਸਤਾਨ ਸਰਕਾਰ ਦੇ ਕਿਸੇ ਵੀ ਪ੍ਰੋਗਰਾਮ ‘ਚ ਹਿੱਸਾ ਨਹੀਂ ਲਵੇਗਾ।
ਵਫਦ ‘ਚ ਕਾਂਗਰਸੀ ਆਗੂ ਜੋਤੀਰਾਦਿਤਯਾ ਸਿੰਧੀਆ, ਆਸ਼ਾ ਕੁਮਾਰੀ, ਦੇਪੇਂਦਰ ਹੁੱਡਾ, ਜਿਤਿਨ ਪ੍ਰਸਾਦ, ਆਰ. ਪੀ. ਐੱਨ. ਸਿੰਘ ਅਤੇ ਹੋਰ ਨੇਤਾਵਾਂ ਦੇ ਨਾਂ ਵੀ ਸ਼ਾਮਲ ਹਨ। ਦੂਜੇ ਪਾਸੇ ਪੰਜਾਬ ਦੇ ਕਈ ਕੈਬਨਿਟ ਮੰਤਰੀ ਵੀ ਆਪਣੇ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਾਕਿਸਤਾਨ ਵਿਖੇ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ ਮੰਤਰੀਆਂ ਦੀ ਗਿਣਤੀ ਅੱਧਾ ਦਰਜਨ ਦੱਸੀ ਜਾ ਰਹੀ ਹੈ। ਅਜੇ ਇਹ ਪਤਾ ਨਹੀਂ ਲੱਗਾ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਗੁਰਦੁਆਰੇ ਦੇ ਦਰਸ਼ਨਾਂ ਲਈ ਵਫਦ ਦੇ ਨਾਲ ਜਾ ਰਹੇ ਹਨ ਜਾਂ ਨਹੀਂ ਪਰ ਦੱਸਿਆ ਜਾਂਦਾ ਹੈ ਕਿ ਜਾਖੜ ਗੁਰਦੁਆਰੇ ਦੇ ਦਰਸ਼ਨ ਅਭਿਲਾਖੀ ਹਨ। ਹੁਣ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਤੈਅ ਕੀਤਾ ਜਾਵੇਗਾ ਕਿ ਪਾਕਿਸਤਾਨ ਕਿਹੜੇ-ਕਿਹੜੇ ਆਗੂਆਂ ਨੇ ਜਾਣਾ ਹੈ ਕਿਉਂਕਿ ਪੰਜਾਬ ‘ਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।