ਟੁੱਟੇ ਦਿਲ ਨੂੰ ਟੁੱਟਾ ਵਾਅਦਾ ਸਮਝਣ ਦੀ ਗ਼ਲਤੀ ਨਾ ਕਰਿਆ ਜੇ। ਇਹ ਤਾਂ ਇੰਝ ਹੀ ਹੋਵੇਗਾ ਕਿ ਕਾਮ ਨੂੰ ਕੋਈ ਪਿਆਰ ਸਮਝ ਬੈਠੇ। ਇਨ੍ਹਾਂ ਵਿਚਕਾਰ ਸਮਾਨਤਾਵਾਂ ਬਹੁਤ ਹੀ ਸਤਹੀ ਹੁੰਦੀਆਂ ਹਨ। ਕਈ ਵਾਰ ਲਮਹਿਆਂ ਦੀ ਗਹਿਮਾ ਗਹਿਮੀ ਵਿੱਚ, ਸਾਨੂੰ ਉਨ੍ਹਾਂ ਦਰਮਿਆਨ ਵਖਰੇਵਾਂ ਕਰਨਾ ਔਖਾ ਹੋ ਜਾਂਦੈ। ਪਿੱਛਲਝਾਤ ਮਾਰਦਿਆਂ, ਸਾਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਇੰਨੀ ਆਰਜ਼ੀ ਜਿਹੀ ਸ਼ੈਅ ਨੂੰ ਇੰਨਾ ਵਿਸ਼ਾਲ ਬਣਾ ਦਿੱਤਾ। ਸ਼ਾਇਦ ਤੁਹਾਨੂੰ ਹਾਲੇ ਅਜਿਹਾ ਨਾ ਲੱਗਦਾ ਹੋਵੇ ਕਿ ਤੁਹਾਡੇ ਕੋਲ ਹੇਠਾਂ ਦਿੱਤੇ ਕਥਨ ਨੂੰ ਸੱਚਾ ਸਾਬਿਤ ਕਰਨ ਲਈ ਬਹੁਤਾ ਕੁੱਝ ਮੌਜੂਦ ਹੈ: ਪਰ ਤੁਸੀਂ ਇਸ ਵਕਤ ਹੈਰਾਨੀਜਨਕ ਹੱਦ ਤਕ ਤਾਕਤ ਵਾਲੀ ਸਥਿਤੀ ਵਿੱਚ ਹੋ। ਜੋ ਵੀ ਤੁਸੀਂ ਚਾਹੁੰਦੇ ਹੋ ਉਸ ਨੂੰ ਹਾਸਿਲ ਕਰ ਸਕਦੇ ਹੋ। ਪਰ ਪਹਿਲਾਂ, ਤੁਹਾਨੂੰ ਉਸ ਬਾਰੇ ਬਿਲਕੁਲ ਸਪੱਸ਼ਟ ਹੋਣਾ ਪੈਣੈ ਜੋ ਤੁਸੀਂ ਨਹੀਂ ਚਾਹੁੰਦੇ।

ਵਿਆਖਿਆ ਨਾ ਲੱਭੋ ਕਿਉਂਕਿ ਉਹ ਤੁਹਾਨੂੰ ਮਿਲਣ ਵਾਲੀ ਨਹੀਂ। ਸਮਝਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ, ਸੱਮੁਮੁੱਚ, ਸਮਝਣ ਵਾਲਾ ਕੁੱਝ ਹੈ ਹੀ ਨਹੀਂ। ਕੁੱਝ ਬੇਤੁਕਾ ਵਾਪਰ ਚੁੱਕੈ। ਤੁਹਾਡੀ ਸਮਝ ਤੋਂ ਇਹ ਉਸੇ ਤਰ੍ਹਾਂ ਹੀ ਬਾਹਰ ਹੈ ਜਿਵੇਂ ਮੌਸਮ ਦੀ ਅਚਾਨਕ ਤਬਦੀਲੀ ਨੂੰ ਤਰਕ ਨਾਲ ਜਾਇਜ਼ ਠਹਿਰਾਉਣਾ। ਪਰ ਤੁਸੀਂ ਬ੍ਰਹਿਮੰਡੀ ਮੌਸਮ ਵਿਚਲੀ ਇਸ ਤਬਦੀਲੀ ਦਾ ਫ਼ਾਇਦਾ ਚੁੱਕ ਸਕਦੇ ਹੋ। ਜੋ ਕੁੱਝ ਵਾਪਰ ਰਿਹੈ, ਹੋ ਸਕਦੈ ਉਹ ਸਹੀ ਮਾਅਨੇ ਵਿੱਚ ਤੁਹਾਡੇ ਜ਼ਾਇਕੇ ਮੁਤਾਬਿਕ ਨਾ ਵੀ ਹੋਵੇ – ਪਰ ਇਹ ਤੁਹਾਨੂੰ ਕਿਸੇ ਅਜਿਹੇ ਵਾਅਦੇ ਵਿੱਚੋਂ ਬਾਹਰ ਨਿਕਲਣ ਦਾ ਇੱਕ ਸ਼ਾਨਦਾਰ ਮੌਕਾ ਬਖ਼ਸ਼ ਰਿਹੈ ਜਿਸ ਨੂੰ ਕਰਨ ਮਗਰੋਂ ਤੁਸੀਂ ਪੱਛਤਾ ਰਹੇ ਹੋ ਅਤੇ ਭਵਿੱਖ ਨੂੰ ਵਧੇਰੇ ਲੁਭਾਵਣੀ ਸ਼ਕਲ ਦੇਣ ਦਾ ਵੀ।

ਜੇਕਰ ਤੁਹਾਡੇ ਕੋਲ ਪੰਜ ਸੇਬ ਨਾ ਹੋਣ ਅਤੇ ਤੁਹਾਡੇ ਦੋਸਤ ਕੋਲ ਸੱਤ ਤਾਂ ਤੁਹਾਨੂੰ ਦੋਹਾਂ ਨੂੰ ਰਲਾ ਕੇ ਕੁੱਲ ਕਿੰਨੇ ਸੇਬਾਂ ਦਾ ਘਾਟਾ ਪਿਆ? ਹੈਂ … ਮੇਰੇ ਕੋਲ ਜੋ ਹੈ ਨਹੀਂ, ਸੱਚਮੁੱਚ, ਉਸ ਨੂੰ ਮੈਂ ਉਸ ਵਿੱਚ ਕਿਵੇਂ ਜੋੜ ਸਕਦਾਂ ਜੋ ਤੁਹਾਡੇ ਕੋਲ ਵੀ ਨਹੀਂ? ਸਾਡੇ ‘ਚੋਂ ਕੋਈ ਵੀ ਇਸ ਬਾਰੇ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਸਾਨੂੰ ਉਸ ਬਾਰੇ ਪੱਕੀ ਤਰ੍ਹਾਂ ਪਤੈ ਜੋ ਸਾਡੇ ਕੋਲ ਮੌਜੂਦ ਨਹੀਂ। ਹੋ ਸਕਦੈ ਤੁਸੀਂ 900 ਸੇਬ ਗੁਆਏ ਹੋਣ। ਪੰਜ ਤਾਂ ਉਹ ਜਿਨ੍ਹਾਂ ਬਾਰੇ ਤੁਹਾਨੂੰ ਪਤੈ ਅਤੇ 895 ਉਹ ਜਿਹੜਾ ਕੋਈ ਤੁਹਾਨੂੰ ਦੇਣ ਹੀ ਵਾਲਾ ਸੀ, ਪਰ ਕੇਵਲ ਓਦੋਂ ਤਕ ਜਦੋਂ ਤਕ ਐਨ ਆਖ਼ਰੀ ਮੌਕੇ ਉਸ ਨੇ ਆਪਣਾ ਇਰਾਦਾ ਨਹੀਂ ਬਦਲ ਲਿਆ … ਬਿਨਾ ਤੁਹਾਨੂੰ ਉਸ ਬਾਰੇ ਬਹੁਤਾ ਦੱਸੇ! ਤੁਹਾਨੂੰ ਆਪਣੀਆਂ ਬਰਕਤਾਂ ਗਿਣਨ ਦੀ ਲੋੜ ਹੈ, ਨਾ ਕਿ ਆਪਣੇ ਘਾਟੇ।

ਕਈ ਲੋਕਾਂ ਦਾ ਮੰਨਣੈ ਕਿ ਹਰ ਸਤਰੰਗੀ ਪੀਂਘ ਦੇ ਅੰਤ ‘ਤੇ ਸੋਨੇ ਨਾਲ ਲੱਦਿਆ ਇੱਕ ਮਟਕਾ ਪਿਆ ਮਿਲਦੈ। ਕਈ ਹੋਰਨਾਂ ਦਾ ਕਹਿਣੈ ਕਿ ਇਹ ਸਭ ਬਕਵਾਸ ਹੈ, ਅਤੇ ਉਹ ਕਿਸੇ ਅਜਿਹੇ ਮਟਕੇ ਦੀ ਮੌਜੂਦਗੀ ਤੋਂ ਬੜੇ ਤਿਰਸਕਾਰ ਨਾਲ ਇਨਕਾਰ ਕਰਦੇ ਹਨ। ਜਾਂ ਇੰਝ ਕਹਿ ਲਓ ਕਿ ਉਹ ਇਸ ਕਹਾਣੀ ਨੂੰ ਨਹੀਂ ਮੰਨਦੇ। ਉਨ੍ਹਾਂ ਦਾ ਇਹ ਤਰਕ ਹੈ ਕਿ ਕੋਈ ਵੀ ਕਦੇ ਕਿਸੇ ਸਤਰੰਗੀ ਪੀਂਘ ਦੇ ਅੰਤ ਤਕ ਪਹੁੰਚ ਹੀ ਨਹੀਂ ਸਕਦਾ। ਜੇਕਰ ਤੁਸੀਂ ਉਸ ਵੱਲ ਤੁਰਦੇ ਵੀ ਚੱਲੀ ਜਾਓ, ਉਹ ਤੁਹਾਡੇ ਤੋਂ ਦੂਰ ਅਤੇ ਦੂਰ ਹੀ ਹੁੰਦਾ ਰਹੇਗਾ। ਚਲੋ ਜੇਕਰ ਇਹ ਗੱਲ ਸੱਚੀ ਵੀ ਹੈ, ਕਹਿੰਦੇ ਨੇ ਕਿ ਹਰ ਨਿਯਮ ਦਾ ਅਪਵਾਦ ਹੁੰਦੈ, ਸੋ ਫ਼ਿਰ ਤਾਂ ਅਪਵਾਦ ਦੇ ਕਾਨੂੰਨ ਦਾ ਵੀ ਕੋਈ ਅਪਵਾਦ ਹੋਊ। ਤੁਹਾਡੀ ਨਿੱਜੀ ਸਤਰੰਗੀ ਪੀਂਘ ਦੇ ਅੰਤ ‘ਤੇ ਜ਼ਰੂਰ ਸੋਨੇ ਦਾ ਇੱਕ ਮਟਕਾ ਪਿਐ, ਅਤੇ ਵਾਪਰਣ ਵਾਲੀਆਂ ਘਟਨਾਵਾਂ ਤੁਹਾਨੂੰ ਉਸ ਨੂੰ ਲੱਭਣ ਦੇ ਇੱਕ ਕਦਮ ਹੋਰ ਨਜ਼ਦੀਕ ਲੈ ਜਾਣਗੀਆਂ।

ਕੁੱਝ ਚੀਜ਼ਾਂ ਸਾਨੂੰ ਪਰਖਣ ਲਈ ਭੇਜੀਆਂ ਜਾਂਦੀਆਂ ਹਨ, ਪਰ ਫ਼ਿਰ ਇਹ ਤਾਂ ਇੱਕ ਤਰ੍ਹਾਂ ਨਾਲ ਤੁਹਾਨੂੰ ਪਤਾ ਹੀ ਹੈ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਹੈਰਾਨੀਜਨਕ ਹੱਦ ਤਕ ਵੱਡੀ ਗਿਣਤੀ ਤੁਹਾਡੇ ਵੱਲ ਹੀ ਭੇਜੀ ਜਾਂਦੀ ਹੈ। ਨਿਰਸੰਦੇਹ, ਕੁੱਝ ਅਜਿਹੇ ਵੀ ਵੇਲੇ ਹੁੰਦੇ ਹਨ ਜਦੋਂ ਉਨ੍ਹਾਂ ਚੀਜ਼ਾਂ ਦੀ ਸੂਚੀ ਬਣਾਉਣਾ ਸਾਡੇ ਲਈ ਸੌਖਾ ਹੁੰਦੈ ਜਿਹੜੀਆਂ ਸਾਨੂੰ ਪਰਖਣ ਲਈ ਨਹੀਂ ਭੇਜੀਆਂ ਗਈਆਂ ਹੁੰਦੀਆਂ। ਤੁਹਾਡੀ ਇਸ ਵਕਤ ਪਰਖ ਲਈ ਜਾ ਰਹੀ ਹੈ, ਪਰ ਜਿੰਨਾ ਚਿਰ ਤੁਸੀਂ ਲੋੜੋਂ ਵੱਧ ਪ੍ਰਤੀਕਿਰਿਆ ਨਹੀਂ ਦਿਖਾਉਂਦੇ ਤੁਸੀਂ ਆਸਾਨੀ ਨਾਲ ਉਸ ਵਿੱਚ ਪਾਸ ਹੋ ਜਾਵੋਗੇ। ਜਿਹੜੀਆਂ ਮੁਸ਼ਕਿਲਾਂ ਦਾ ਤੁਸੀਂ ਇਸ ਵਕਤ ਸਾਹਮਣਾ ਕਰ ਰਹੇ ਹੋ ਉਹ ਸਾਰੀਆਂ ਬਿਲਕੁਲ ਵੀ ਤੁਹਾਡੀ ਆਪਣੀ ਸਿਰਜਣਾ ਨਹੀਂ। ਤੁਸੀਂ ਉਨ੍ਹਾਂ ਨੂੰ ਉਸ ਤੋਂ ਬਿਹਤਰ ਜਾਂ ਓਨਾ ਹੀ ਵਧੀਆ ਹੈਂਡਲ ਕਰ ਰਹੇ ਹੋ ਜਿਸ ਦੀ ਕੋਈ ਵੀ ਵਿਹਾਰਕ ਇਨਸਾਨ ਕਿਸੇ ਦੂਸਰੇ ਤੋਂ ਉਮੀਦ ਕਰ ਸਕਦੈ। ਛੇਤੀ ਹੀ, ਤੁਸੀਂ ਇਸ ਤੋਂ ਬੇਅੰਤ ਲਾਹਾ ਖੱਟੋਗੇ।