ਜੋਹੈਨਸਬਰਗ – ਭਾਰਤ ਵਿਰੁੱਧ ਸੀਰੀਜ਼ ‘ਚ ਲਗਾਤਾਰ ਤਿੰਨ ਟੌਸ ਹਾਰਨ ਵਾਲੇ ਦੱਖਣੀ ਅਫ਼ਰੀਕਾ ਦੇ ਕਪਤਾਨ ਫ਼ੈਫ਼ ਡੂਪਲੇਸੀ ਇੰਨਾ ਪਰੇਸ਼ਾਨ ਹੋ ਗਿਐ ਕਿ ਉਸ ਨੇ ਇਹ ਕਹਿ ਦਿੱਤਾ ਹੈ ਕਿ ਪੰਜ ਦਿਨਾ ਫ਼ੌਰਮੈਟ ‘ਚੋਂ ਟੌਸ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਭਾਰਤ ਨੇ ਟੈੱਸਟ ਸੀਰੀਜ਼ ‘ਚ ਦੱਖਣੀ ਅਫ਼ਰੀਕਾ ਨੂੰ 3-0 ਨਾਲ ਹਰਾਇਆ ਸੀ। ਡੂਪਲੇਸੀ ਨੇ ਮੰਨਿਆ ਕਿ ਉਸ ਦੀ ਟੀਮ ‘ਚ ਮਾਨਸਿਕ ਸਬਰ ਦੀ ਘਾਟ ਸੀ। ਉਸ ਨੇ ਕਿਹਾ ਕਿ ਤਿੰਨੇ ਮੈਚਾਂ ‘ਚ ਟੌਸ ਹਾਰਨ ‘ਚ ਮੁਸ਼ਕਿਲ ਦਿਖ ਰਿਹਾ ਕੰਮ ਅਸੰਭਵ ਹੋ ਗਿਆ। ਉਸ ਨੇ ਕਿਹਾ ਕਿ ਹਰ ਟੈੱਸਟ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 500 ਦੌੜਾਂ ਬਣਾਈਆਂ। ਹਨੇਰਾ ਹੋਣ ਦੇ ਸਮੇਂ ਉਨ੍ਹਾਂ ਨੇ ਪਾਰੀ ਦਾ ਐਲਾਨ ਕਰ ਦਿੱਤਾ ਅਤੇ ਅਸੀਂ ਦਿਨ ਦੇ ਐਨ ਅੰਤ ‘ਤੇ ਖੇਡਣ ਆਏ ਤਿੰਨ ਵਿਕਟਾਂ ਗੁਆ ਬੈਠੇ। ਇਸ ਦੌਰਾਨ ਤੀਜੇ ਦਿਨ ਤੁਹਾਡੇ ‘ਤੇ ਦਬਾਅ ਰਹਿੰਦਾ ਹੈ। ਹਰ ਟੈੱਸਟ ਮੰਨੋ ਕਾਪੀ ਅਤੇ ਪੇਸਟ ਹੋ ਗਿਆ ਸੀ। ਉਸ ਨੇ ਕਿਹਾ ਕਿ ਟੌਸ ਖ਼ਤਮ ਕਰ ਦੇਣ ਨਾਲ ਟੀਮਾਂ ਨੂੰ ਵਿਦੇਸ਼ੀ ਧਰਤੀ ‘ਤੇ ਬਿਹਤਰ ਤਰੀਕੇ ਨਾਲ ਖੇਡਣ ਦਾ ਮੌਕਾ ਮਿਲੇਗਾ। ਉਸ ਨੇ ਕਿਹਾ ਕਿ ਅਸੀਂ ਜਿਸ ਤਰੀਕੇ ਨਾਲ ਆਖ਼ਰੀ ਟੈੱਸਟ ਖੇਡਿਆ, ਉਸ ਨਾਲ ਇਹ ਹੋਰ ਵੀ ਸਪਸ਼ਟ ਸੀ। ਅਸੀਂ ਸ਼ੁਰੂਆਤ ਵਧੀਆ ਕੀਤੀ, ਪਰ ਸੀਰੀਜ਼ ‘ਚ ਲੰਬੇ ਸਮੇਂ ਤਕ ਦਬਾਅ ‘ਚ ਰਹਿਣ ਤੋਂ ਬਾਅਦ ਅਸੀਂ ਬਹੁਤ ਖ਼ਰਾਬ ਖੇਡਣ ਲੱਗੇ।