ਬਲਜੀਤ ਸਿੰਘ ਦਿਓ ਤੇ ਗਿੱਪੀ ਗਰੇਵਾਲ ਅਜਿਹੇ ਦੋ ਨਾਮ ਹਨ ਜੋ ਇੱਕ-ਦੂਜੇ ਦੀ ਸਫ਼ਲਤਾ ਦਾ ਪ੍ਰਤੀਕ ਹਨ। ਦੋਵੇਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇੱਕ-ਦੂਜੇ ਨਾਲ ਕੰਮ ਕਰ ਰਹੇ ਹਨ ਜਿਸ ਦਾ ਮਤਲਬ ਹੈ ਕਿ ਗਿੱਪੀ ਦੇ ਬਹੁਤ ਸਾਰੇ ਹਿੱਟ ਗਾਣਿਆਂ ਤੇ ਫ਼ਿਲਮਾਂ ਪਿੱਛੇ ਬਲਜੀਤ ਸਿੰਘ ਦਾ ਵੀ ਵੱਡਾ ਹੱਥ ਹੈ। ਇਹ ਨਿਰਦੇਸ਼ਕ-ਅਦਾਕਾਰ ਦੀ ਜੋੜੀ ਹਿੱਟ ਗਾਣੇ ਫ਼ਲਾਵਰ ਨਾਲ ਸ਼ੁਰੂ ਹੋਈ ਜਿਸ ‘ਚ ਬਲਜੀਤ ਸਿੰਘ ਡਾਇਰੈਕਟਰ, ਐਡੀਟਰ ਅਤੇ DOP ਸੀ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇਨ੍ਹਾਂ ਦੋਹਾਂ ਨੇ ਇਕੱਠੇ ਕੰਮ ਕੀਤਾ ਹੈ ਤਾਂ ਲੋਕਾਂ ਨੇ ਹਮੇਸ਼ਾ ਉਨ੍ਹਾਂ ਦੇ ਕੰਮ ਨੂੰ ਪਿਆਰ ਦਿੱਤਾ ਹੈ। ਬਲਜੀਤ ਸਿੰਘ ਵੱਡੇ ਪਰਦੇ ‘ਤੇ ਗਿੱਪੀ ਦਾ ਜੋ ਕੋਈ ਵੀ ਕਿਰਦਾਰ ਲਿਆਂਦਾ ਹੈ, ਉਹ ਗਿੱਪੀ ਦੀ ਸ਼ਖ਼ਸੀਅਤ ਦੇ ਅਨੁਕੂਲ ਹੁੰਦਾ ਹੈ। ਉਨ੍ਹਾਂ ਦੀ ਪਹਿਲੀ ਇਕੱਠੀਆਂ ਦੀ ਫ਼ਿਲਮ ਮਿਰਜ਼ਾ: ਦਾ ਅਨਟੋਲਡ ਸਟੋਰੀ ਸੀ ਜਿਸ ਲਈ ਬਲਜੀਤ ਸਿੰਘ ਦਿਓ ਨੂੰ ਬੈੱਸਟ ਡਾਇਰੈਕਟਰ ਔਫ਼ ਪੰਜਾਬੀ ਫ਼ਿਲਮ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਲੋਕ ਗਿੱਪੀ ਅਤੇ ਬਲਜੀਤ ਸਿੰਘ ਦੀ ਜੋੜੀ ਨੂੰ ਬਹੁਤ ਪਿਆਰ ਕਰਦੇ ਹਨ।
ਉਨ੍ਹਾਂ ਦੀ ਗੈਂਗਸਟਰ ਲੁੱਕ ਨੂੰ ਹਰ ਕਿਸੇ ਤੋਂ ਪਿਆਰ ਮਿਲਦਾ ਹੈ। ਮਿਰਜ਼ਾ: ਦਾ ਅਨਟੋਲਡ ਸਟੋਰੀ ਤੋਂ ਬਾਅਦ ਅਗਲੀ ਫ਼ਿਲਮ ਉਨ੍ਹਾਂ ਨੇ ਕੀਤੀ ਅਰਦਾਸ, ਜੋ ਸਾਲ 2016 ‘ਚ ਆਈ, ਜਿਸ ਨੂੰ ਡਾਇਰੈਕਟ ਕੀਤਾ ਸੀ ਪੰਜਾਬੀ ਰੌਕਸਟਾਰ ਗਿੱਪੀ ਗਰੇਵਾਲ ਨੇ ਅਤੇ ਬਲਜੀਤ ਸਿੰਘ ਦਿਓ ਨੇ DOP ਅਤੇ ਐਡੀਟਰ ਵਜੋਂ ਕੰਮ ਕੀਤਾ। ਦੋਹਾਂ ਦੀ ਇਸ ਜੋੜੀ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲਿਆ। ਇਸ ਰੁਝਾਨ ਨੂੰ ਜਾਰੀ ਰੱਖਦਿਆਂ ਉਨ੍ਹਾਂ ਦੀ ਅਗਲੀ ਫ਼ਿਲਮ ਮੰਜੇ ਬਿਸਤਰੇ ਸੀ ਜਿਸ ਦਾ ਜਲਦ ਹੀ ਦੂਸਰਾ ਪਾਰਟ ਬਣਿਆ ਮੰਜੇ ਬਿਸਤਰੇ 2. ਗਿੱਪੀ ਗਰੇਵਾਲ ਨੇ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਈ, ਜਦਕਿ ਬਲਜੀਤ ਸਿੰਘ ਦਿਓ ਨੇ ਇਸ ਵਾਰ ਫ਼ਿਲਮ ਨੂੰ ਡਾਇਰੈਕਟ ਕੀਤਾ। ਦੋਹਾਂ ਫ਼ਿਲਮਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਬੌਕਸ ਆਫਿਸ ਦੇ ਰਿਕਾਰਡ ਵੀ ਤੋੜ ਦਿੱਤੇ। ਦੋਵੇਂ ਹੁਣ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਜਾਣਦੇ ਹਨ ਕਿ ਪ੍ਰੌਜੈਕਟ ਨੂੰ ਸਫਲ ਬਣਾਉਣ ਲਈ ਕੀ ਕਰਨਾ ਹੈ।
ਉਨ੍ਹਾਂ ਦੀ ਅਗਲੀ ਫ਼ਿਲਮ ਡਾਕਾ ਹੈ ਜੋ 1 ਨਵੰਬਰ ਨੂੰ ਰਿਲੀਜ਼ ਹੋਵੇਗੀ। ਬਲਜੀਤ ਸਿੰਘ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਜਦਕਿ ਗਿੱਪੀ ਨੇ ਫ਼ਿਲਮ ਦੀ ਕਹਾਣੀ ਲਿਖੀ ਹੈ ਅਤੇ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਇਨ੍ਹਾਂ ਦੋਹਾਂ ਦਾ ਇਹ ਛੇਵਾਂ ਪ੍ਰੌਜੈਕਟ ਹੈ, ਜਿਸ ਦਾ ਅਰਥ ਹੈ ਕਿ ਇਨ੍ਹਾਂ ਦੋਹਾਂ ਦੀ ਸਫ਼ਲਤਾ ਦੀ ਕਹਾਣੀ ਜਾਰੀ ਰਹੇਗੀ। ਗਿੱਪੀ ਗਰੇਵਾਲ ਅਦਾਕਾਰਾ ਜ਼ਰੀਨ ਖ਼ਾਨ ਪਹਿਲਾਂ ਵੀ ਆਪਣੀ ਐਕਟਿੰਗ ਦਾ ਜਾਦੂ ਫ਼ੈਲਾ ਚੁੱਕੇ ਹਨ ਅਤੇ ਇਹ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਜੇਕਰ ਇਹ ਦੋਵੇਂ ਆਪਣਾ ਜਾਦੂ ਇੱਕ ਵਾਰ ਫ਼ਿਰ ਫ਼ੈਲਾਉਣ। ਗੁਲਸ਼ਨ ਕੁਮਾਰ ਟੀ-ਸੀਰੀਜ਼ ਅਤੇ ਹੰਬਲ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਡਾਕਾ ਨੂੰ ਪੇਸ਼ ਕਰ ਰਹੇ ਹਨ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਵਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।