ਸੁਲਤਾਨਪੁਰ ਲੋਧੀ : ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਪਹਿਲੇ ਦਿਨ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਰੰਭ ਹੋਏ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਦੀ ਆਰੰਭਤਾ 550 ਰਬਾਬੀਆਂ ਵਲੋਂ ਰਬਾਬਾਂ ਨਾਲ ਮਿਲ ਕੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਰਾਗਾਂ ‘ਤੇ ਆਧਾਰਿਤ ਕੀਤਾ ਤੇ ਸੰਗਤਾਂ ਨੂੰ ਮੰਤਰ ਮੁਗਧ ਕਰ ਛੱਡਿਆ । ਇਸ ਵੱਡੇ ਇਤਿਹਾਸਕ ਪਲ ਨੂੰ ਪੂਰੀ ਦੁਨੀਆਂ ਨੇ ਵੀ ਸਿੱਧੇ ਪ੍ਰਸਾਰਣ ਰਾਹੀਂ ਮਾਣ ਕੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ।
ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਗੁਰਮਤਿ ਸੰਗੀਤ ਅਕੈਡਮੀਆਂ ਗੁਰਸ਼ਬਦ ਨਾਦ ਦੇ ਸਹਿਯੋਗ ਨਾਲ ਗੁ. ਬੇਰ ਸਾਹਿਬ ‘ਚ ਆਪਣੀ ਹਾਜ਼ਰੀ ਲਗਵਾਈ । ਇਸ ਸਮੇਂ ਭਾਈ ਪਰਮਪਾਲ ਸਿੰਘ ਨੇ ਸਮੂਹ ਸੰਗਤਾਂ ਨੂੰ ਰਬਾਬ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ।ਰਬਾਬ ਦੀ ਧਰਤੀ ਸੁਲਤਾਨਪੁਰ ਲੋਧੀ ਜਿੱਥੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਗੁਜਾਰੇ। ਭਾਈ ਮਰਦਾਨਾ ਜੀ ਨੇ ਪੂਰੀ ਜ਼ਿੰਦਗੀ ਸਮਰਪਿਤ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁੱਖ ਰਬਾਬ ਵਜਾਈ ਤੇ ਪੂਰੀ ਦੁਨੀਆਂ, ਪੂਰੀ ਕਾਇਨਾਤ ਦਾ ਕਲਿਆਣ ਕੀਤਾਸ਼ ਪਵਿੱਤਰ ਵੇਈਂ ਕਿਨਾਰੇ ਸਤਿਗੁਰੂ ਪਾਤਸ਼ਾਹ ਜੀ ਦੀ ਰੱਬੀ ਬਾਣੀ ਦੇ ਖਜ਼ਾਨੇ ਨੂੰ ਸੰਗੀਤ ਰਾਹੀਂ ਸੁਣ ਕੇ ਆਨੰਦ ਮਾਣਿਆ।
ਸਤਿਗੁਰੂ ਜੀ ਦੀ ਸਿਫਤ ਸਲਾਹ, ਮੂਲ ਮੰਤਰ ਸਾਹਿਬ ਦਾ ਸਿਮਰਨ ਕੀਤਾ। ਸਮਾਗਮ ਦੌਰਾਨ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐੱਸ. ਜੀ. ਪੀ. ਸੀ., ਡਾਕਟਰ ਰੂਪ ਸਿੰਘ ਮੁੱਖ ਸਕੱਤਰ ਐੱਸ. ਜੀ. ਪੀ. ਸੀ. , ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਤੇ ਹੋਰ ਵੱਡੀ ਗਿਣਤੀ ‘ਚ ਸ਼੍ਰੋਮਣੀ ਕਮੇਟੀ ਮੈਂਬਰਾਂ, ਅਧਿਕਾਰੀਆਂ, ਪ੍ਰਚਾਰਕਾਂ ਨੇ ਸ਼ਿਰਕਤ ਕੀਤੀ ।