ਨਵੀਂ ਦਿੱਲੀ— ਦਿੱਲੀ ਵਿਚ ਵਕੀਲ ਇਨਸਾਫ ਦੀ ਮੰਗ ਕਰ ਰਹੇ ਹਨ। ਦਿੱਲੀ ਦੀਆਂ 5 ਜ਼ਿਲਾ ਅਦਾਲਤਾਂ ‘ਚ ਵਕੀਲਾਂ ਨੇ ਕੰਮਕਾਜ ਠੱਪ ਕਰ ਦਿੱਤਾ ਹੈ। ਤੀਸ ਹਜ਼ਾਰੀ ਕੋਰਟ ਕੰਪਲੈਕਸ ‘ਚ ਹਿੰਸਾ ਦੀ ਘਟਨਾ ਦੇ ਵਿਰੋਧ ਵਿਚ ਵਕੀਲ ਪ੍ਰਦਰਸ਼ਨ ਕਰ ਰਹੇ ਹਨ। ਇਸ ਦਰਮਿਆਨ ਰੋਹਿਣੀ ਕੋਰਟ ਦੀ ਇਮਾਰਤ ‘ਤੇ ਚੜ੍ਹ ਕੇ ਇਕ ਵਕੀਲ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਵਕੀਲ ਪਟਿਆਲਾ ਹਾਊਸ ਕੋਰਟ, ਸਾਕੇਤ ਕੋਰਟ, ਰੋਹਿਣੀ ਕੋਰਟ, ਕੜਕੜਡੂਮਾ ਕੋਰਟ ਅਤੇ ਤੀਸ ਹਜ਼ਾਰੀ ਕੋਰਟ ‘ਚ ਵਕੀਲ ਪ੍ਰਦਰਸ਼ਨ ਕਰ ਰਹੇ ਹਨ। ਵਕੀਲਾਂ ਨੇ ਸਵੇਰੇ ਰੋਹਿਣੀ ਕੋਰਟ ਵਿਚ ਲੋਕਾਂ ਨੂੰ ਜਾਣ ਤੋਂ ਰੋਕ ਦਿੱਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਬਾਰ ਕੌਂਸਲ ਆਫ ਦਿੱਲੀ ਦੇ ਮਨਾ ਕਰਨ ਤੋਂ ਬਾਅਦ ਵੀ ਵਕੀਲਾਂ ਦਾ ਪ੍ਰਦਰਸ਼ਨ ਜਾਰੀ ਹੈ। ਪੁਲਸ ਅਤੇ ਵਕੀਲਾਂ ਵਿਚਾਲੇ ਟਕਰਾਅ ਤੋਂ ਬਾਅਦ ਬਣੇ ਗਤੀਰੋਧ ‘ਤੇ ਚਰਚਾ ਕਰਨ ਲਈ ਪੁਲਸ ਕਮਿਸ਼ਨਰ ਅਮੁੱਲ ਪਟਨਾਇਕ ਅਤੇ ਪੁਲਸ ਦੇ ਕਈ ਸੀਨੀਅਰ ਅਧਿਕਾਰੀ ਉੱਪ ਰਾਜਪਾਲ ਅਨਿਲ ਬੈਜਲ ਨਾਲ ਉਨ੍ਹਾਂ ਦੇ ਆਵਾਸ ‘ਤੇ ਬੈਠਕ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ 2 ਨਵੰਬਰ ਦੀ ਘਟਨਾ ਤੋਂ ਬਾਅਦ ਇਕ ਪਾਸੇ ਜਿੱਥੇ ਪੁਲਸ ਵਕੀਲਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਵਕੀਲ ਵੀ ਪੁਲਸ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਤੀਸ ਹਜ਼ਾਰੀ ਕੋਰਟ ਕੰਪਲੈਕਸ ਅਤੇ ਉਸ ਤੋਂ ਬਾਅਦ ਵੱਖ-ਵੱਖ ਅਦਾਲਤਾਂ ਦੇ ਬਾਹਰ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਦੀ ਘਟਨਾ ਤੋਂ ਗੁੱਸੇ ‘ਚ ਆਈ ਪੁਲਸ ਨੇ ਕੱਲ ਕਰੀਬ 11 ਘੰਟੇ ਬਾਅਦ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ। ਆਲਾ ਅਧਿਕਾਰੀਆਂ ਤੋਂ ਮਿਲੇ ਭਰੋਸੇ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਧਰਨਾ ਖਤਮ ਕਰਨ ਦਾ ਫੈਸਲਾ ਕੀਤਾ ਸੀ। ਪੁਲਸ ਮੁਲਾਜ਼ਮਾਂ ਨੇ ਵਕੀਲਾਂ ਦੇ ਵਤੀਰੇ ਵਿਰੁੱਧ ਮੰਗਲਵਾਰ ਨੂੰ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰ ਕੇ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਸੀ। ਦਿੱਲੀ ਪੁਲਸ ਦੇ ਇਤਿਹਾਸ ‘ਚ ਪਹਿਲੀ ਵਾਰ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮ ਧਰਨੇ ਪ੍ਰਦਰਸ਼ਨ ‘ਤੇ ਬੈਠੇ। ਇਸ ਪ੍ਰਦਰਸ਼ਨ ਵਿਚ ਪੁਲਸ ਮੁਲਾਜ਼ਮਾਂ ਦੀਆਂ ਪਤਨੀਆਂ ਅਤੇ ਬੱਚੇ ਵੀ ਸ਼ਾਮਲ ਹੋ ਗਏ ਸਨ।