ਡੇਰਾ ਬਾਬਾ ਨਾਨਕ : ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਡੇਰਾ ਬਾਬਾ ਨਾਨਕ ਪਹੁੰਚ ਕੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਬਣ ਰਹੇ ਕਰਤਾਰਪੁਰ ਕੋਰੀਡੋਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਰੀਡੋਰ ਦੇ ਨਿਰਮਾਣ ‘ਚ ਲੱਗੀ ਲੈਂਡ ਪੋਰਟ ਅਥਾਰਟੀ ਦੇ ਅਧਿਕਾਰੀਆਂ ਤੋਂ ਯਾਤਰੀ ਟਰਮੀਨਲ ਦੇ ਨਿਰਮਾਣ, ਚਾਰ ਮਾਰਗੀ ਸੜਕ ਆਦਿ ਦੇ ਸਮੁੱਚੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਅਤੇ ਮਿੱਥੇ ਸਮੇਂ ‘ਚ ਕਰਤਾਰਪੁਰ ਕੋਰੀਡੋਰ ਦਾ ਕੰਮ ਮੁਕੰਮਲ ਹੋਣ ‘ਤੇ ਸੰਤੁਸ਼ਟੀ ਪ੍ਰਗਟਾਈ ਅਤੇ ਅਧਿਕਾਰੀਆਂ ਦੀ ਦਿਨ-ਰਾਤ ਦੀ ਮਿਹਨਤ ਦੀ ਪ੍ਰਸ਼ੰਸ਼ਾਂ ਵੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਂਡ ਪੋਰਟ ਅਧਿਕਾਰੀਆਂ ਨੇ ਕਿਹਾ ਕਿ 3 ਸਾਲ ‘ਚ ਹੋਣ ਵਾਲਾ ਕੰਮ 6 ਮਹੀਨੇ ‘ਚ ਕੰਮ ਕਰ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ ‘ਤੇ ਸਮੁੱਚੀ ਦੁਨੀਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ ਅਤੇ ਇਹ ਦਿਨ ਇਤਿਹਾਸਕ ਹੋਣ ਵਾਲਾ ਹੈ, ਇਸ ਲਈ ਭਾਰਤ ਸਰਕਾਰ ਹਰ ਤਰੀਕੇ ਨਾਲ ਇਸ ਦਿਨ ਨੂੰ ਯਾਦਗਾਰ ਬਨਾਉਣ ‘ਚ ਲੱਗੀ ਹੋਈ ਹੈ। ਲੈਂਡ ਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਬੀਬੀ ਬਾਦਲ ਵਲੋਂ ਕਰਤਾਰਪੁਰ ਕੋਰੀਡੋਰ ਦੇ ਪ੍ਰਬੰਧਾਂ ਦੇ ਆਖਰੀ ਚਰਨ ਨੂੰ ਹੀ ਵੇਖਣ ਆਏ ਸਨ ਅਤੇ ਸੰਤੁਸ਼ਟ ਹੋ ਕੇ ਗਏ ਹਨ।