ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ ‘ਚ 4 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਭਾਵ ਬੁੱਧਵਾਰ ਨੂੰ ਸਕੂਲ ਖੁੱਲ ਗਏ ਹਨ। ਇਸ ਦੌਰਾਨ ਸਵੇਰਸਾਰ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਬੱਚੇ ਮੂੰਹ ‘ਤੇ ਮਾਸਕ ਲਗਾ ਕੇ ਪੜ੍ਹਨ ਪਹੁੰਚੇ। ਦੱਸ ਦੇਈਏ ਕਿ ਪ੍ਰਦੂਸ਼ਣ ਵੱਧਣ ਕਾਰਨ ਸਰਕਾਰ ਨੇ ਦਿੱਲੀ ਦੇ ਸਾਰੇ ਸਕੂਲਾਂ ਨੂੰ 5 ਨਵੰਬਰ ਤੱਕ ਬੰਦ ਕਰ ਦਿੱਤਾ ਸੀ।
ਰਿਪੋਰਟ ਮੁਤਾਬਕ ਅੱਜ ਰਾਜਧਾਨੀ ਦਿੱਲੀ ‘ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਰਾਹਤ ਦੀ ਖਬਰ ਹੈ। ਦਿੱਲੀ-ਐੱਨ. ਸੀ. ਆਰ ‘ਚ ਹਵਾ ਪ੍ਰਦੂਸ਼ਣ ਦਾ ਪੱਧਰ ਘੱਟ ਹੋ ਗਿਆ ਹੈ ਪਰ ਖਤਰਾ ਹੁਣ ਵੀ ਬਣਿਆ ਹੋਇਆ ਹੈ। ਦਿੱਲੀ ‘ਚ ਹਵਾ ਗੁਣਵੱਤਾ ਇੰਡੈਕਸ ਦੇ ਅੰਕੜਿਆ ਮੁਤਾਬਕ ਪੀ. ਐੱਮ 2.5 ਦਾ ਪੱਧਰ 279 ਅਤੇ ਪੀ. ਐੱਮ 10 ਦਾ ਪੱਧਰ 250 ‘ਤੇ ਪਹੁੰਚ ਗਿਆ ਹੈ। ਇਹ ਅੰਕੜਾ ਲੋਧੀ ਰੋਡ ‘ਤੇ ਦਰਜ ਕੀਤਾ ਗਿਆ ਹੈ ਜੋ ਕਿ ਖਰਾਬ ਸ਼੍ਰੇਣੀ ‘ਚ ਆਉਂਦਾ ਹੈ।
ਦੀਵਾਲੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਖੇਤਰ ‘ਚ ਵਾਤਾਵਰਣ ਪ੍ਰਦੂਸ਼ਣ ਅਥਾਰਿਟੀ (ਈ. ਪੀ. ਸੀ. ਏ) ਨੇ 1 ਨਵੰਬਰ ਨੂੰ ਦਿੱਲੀ-ਐੱਨ. ਸੀ. ਆਰ. ‘ਚ ਹਵਾ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਸਾਰੇ ਸਕੂਲਾਂ ਨੂੰ 5 ਨਵੰਬਰ ਤੱਕ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇਸ ਫੈਸਲਾ ਦਾ ਐਲਾਨ ਕਰਦੇ ਹੋਏ ਟਵੀਟ ਕੀਤਾ ਸੀ, ”ਪਰਾਲੀ ਦੇ ਧੂੰਏ ਕਾਰਨ ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ ਹੈ। ਇਸ ਲਈ ਸਰਕਾਰ ਨੇ ਸਾਰੇ ਸਕੂਲਾਂ ਨੂੰ 5 ਨਵੰਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ। ”