”ਕੁਝ ਲੋਕ ਜਨਮ ਤੋਂ ਮਹਾਨ ਹੁੰਦੇ ਹਨ, ਕੁਝ ਹੋਰ ਮਹਾਨਤਾ ਹਾਸਿਲ ਕਰ ਲੈਂਦੇ ਹਨ, ਕੁਝ ਹੋਰਨਾਂ ‘ਤੇ ਮਹਾਨਤਾ ਥੋਪ ਦਿੱਤੀ ਜਾਂਦੀ ਹੈ।” ਸ਼ੇਕਸਪੀਅਰ ਆਪਣੀਆਂ ਇਨ੍ਹਾਂ ਸਤਰਾਂ ਵਿੱਚ ਇਹ ਸਪੱਸ਼ਟ ਕਰਨੋਂ ਖੁੰਝ ਗਿਆ ਕਿ ਇਹ ਪਛਾਣਨਾ ਕਿਵੇਂ ਹੈ ਕਿ ਕਿਹੜੇ ਲੋਕ ਕਿਸ ਸ਼੍ਰੇਣੀ ਵਿੱਚ ਪੈਂਦੇ ਨੇ। ਨਾ ਹੀ ਉਸ ਨੇ ਇਹ ਦੱਸਿਆ ਕਿ ਕਿਹੜੀ ਵਿੱਚ ਪੈਣਾ ਵਧੀਐ। ਪਰ ਜੇਕਰ ਤੁਸੀਂ ਮਾੜਾ ਜਿੰਨਾ ਰੁਕ ਕੇ ਸੋਚੋ ਤਾਂ ਇਹ ਪ੍ਰਤੱਖ ਹੀ ਹੈ। ਮਹਾਨਤਾ, ਲੈ ਦੇ ਕੇ, ਇੱਕ ਤਰ੍ਹਾਂ ਦੀ ਦੇਣਦਾਰੀ ਹੈ ਨਾ ਕਿ ਕੋਈ ਸੰਪਤੀ। ਇਹ ਤੁਹਾਡੇ ‘ਤੇ ਬੇਅੰਤ ਜ਼ਿੰਮੇਵਾਰੀਆਂ ਦਾ ਬੋਝ ਪਾਉਂਦੀ ਹੈ। ਇਹ ਕੋਈ ਅਜਿਹੀ ਸ਼ੈਅ ਨਹੀਂ ਜਿਸ ਵਿੱਚ ਤੁਸੀਂ ਜਨਮ ਲੈਣਾ ਚਾਹੋਗੇ। ਨਾ ਹੀ, ਜੇਕਰ ਤੁਹਾਡੇ ਵਿੱਚ ਥੋੜ੍ਹੀ ਜਿੰਨੀ ਵੀ ਬੁੱਧੀ ਹੈ ਤਾਂ, ਇਹ ਕੋਈ ਅਜਿਹੀ ਚੀਜ਼ ਹੈ ਜਿਸ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੋਗੇ। ਪਰ ਇਹ ਤੁਹਾਡੇ ‘ਤੇ ਥੋਪੀ ਜਾ ਰਹੀ ਹੈ।

ਲੋਕਤੰਤਰ ਵਰਗੇ ਸਿਧਾਂਤ ਦਾ ਬਚਾਅ ਕਰਨਾ ਹਮੇਸ਼ਾ ਹੀ ਇੱਕ ਮੁਸ਼ਕਿਲ ਕਾਰਜ ਹੁੰਦੈ। ਕਿਤੇ ਨਾ ਕਿਤੇ, ਇਸ ਫ਼ਲਸਫ਼ੇ ਦਾ ਨਿਚੋੜ ਇਹ ਨਿਕਲਦੈ ਕਿ ਬਹੁਗਿਣਤੀ ਹਮੇਸ਼ਾ ਸਹੀ ਹੈ। ਪਰ ਲੋਕਾਂ ਦੀ ਬਹੁਗਿਣਤੀ ਤਾਂ ਅਕਸਰ ਹੀ ਅਫ਼ਸੋਸਨਾਕ ਹੱਦ ਤਕ ਅਗਿਆਨੀ ਅਤੇ ਖ਼ਤਰਨਾਕ ਹੱਦ ਤਕ ਗੁੰਮਰਾਹ ਹੁੰਦੀ ਹੈ। ਘੱਟਗਿਣਤੀਆਂ ਵੀ ਇੰਨੀਆਂ ਹੀ ਅਸੰਤੁਸ਼ਟੀਜਨਕ ਹੋ ਸਕਦੀਆਂ ਹਨ। ਅਸਲ ਮਸਲਾ ਤਾਂ ਅਗਵਾਈ ਦੇਣ ਵਾਲੇ ਆਗੂਆਂ ਨਾਲ ਹੁੰਦੈ। ਆਖ਼ਿਰਕਾਰ, ਸਾਰੇ ਫ਼ੈਸਲੇ ਨੁਕਸਦਾਰ ਹੁੰਦੇ ਨੇ! ਆਪਣੀ ਖ਼ੁਦ ਦੀ ਜ਼ਿੰਦਗੀ ਨੂੰ ਸੰਚਾਲਿਤ ਕਰਨ ਦੀ ਕੋਸ਼ਿਸ਼ ਕਰਦਿਆਂ, ਤੁਸੀਂ ਮਿਸ਼ਰਿਤ ਹਲਕਿਆਂ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸ਼ਾਇਦ ਆਪਣੇ ਦਿਲ ਦੇ ਧੁਰ ਅੰਦਰਲੇ ਹਿੱਸੇ ਨੂੰ ਖ਼ੁਸ਼ ਕਰਨਾ ਵਧੇਰੇ ਸੌਖਾ ਅਤੇ ਸਿਆਣਾ ਕਾਰਜ ਹੋਵੇ।

ਜਿੱਥੇ ਖਾਰਿਸ਼ ਹੁੰਦੀ ਹੈ ਉੱਥੇ ਖੁਰਕੋ ਨਾ; ਤੁਸੀਂ ਉਸ ਨੂੰ ਹੋਰ ਖ਼ਰਾਬ ਕਰ ਲਵੋਗੇ। ਦਿੱਤੇ ਗਏ ਤੋਹਫ਼ੇ ਦੀ ਕੀਮਤ ਦਾ ਅੰਦਾਜ਼ਾ ਨਾ ਲਗਾਓ ਕਿਉਂਕਿ ਇਹ ਘੋੜੇ ਦੇ ਦੰਦ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣ ਵਾਂਗ ਹੈ ਅਤੇ ਉਸ ਦੇ ਮੂੰਹ ਵਿੱਚ ਇੱਧਰ ਉੱਧਰ ਹੱਥ ਮਾਰਦੇ ਹੋਏ ਤੁਸੀਂ ਉਸ ਦੇ ਦੰਦਾਂ ਨੂੰ ਨੁਕਸਾਨ ਪਹੁੰਚਾ ਦਿਓਗੇ। ਬਹੁਤੇ ਸਵਾਲ ਨਾ ਕਰੋ; ਤੁਸੀਂ ਆਪਣੇ ਵਿਸ਼ਵਾਸ ‘ਤੇ ਹੀ ਸ਼ੱਕ ਕਰਨ ਲੱਗੋਗੇ। ਆਤਮ-ਸੰਜਮ, ਅੱਜਕੱਲ੍ਹ, ਇੱਕ ਪ੍ਰਾਚੀਨ ਗੁਣ ਸਮਝਿਆ ਜਾਣ ਲੱਗਿਐ। ਇੱਕ ਅਜਿਹੀ ਆਦਤ ਜਿਸ ਨੂੰ ਹੁਣ ਕੋਈ ਅਪਨਾਉਣਾ ਨਹੀਂ ਚਾਹੁੰਦਾ। ਇਹ, ਪਰ, ਤੁਹਾਡਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਸਾਬਿਤ ਹੋ ਸਕਦੈ। ਤੁਹਾਨੂੰ ਇਸ ਵਕਤ ਬਹੁਤ ਸਖ਼ਤ ਲਾਲਚ ਆ ਰਿਹੈ। ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਉਸ ਅੱਗੇ ਹਥਿਆਰ ਸੁੱਟ ਦੇਣੇ ਨੇ। ਤੁਹਾਡੇ ਦਿਲ ਨੂੰ ਪਤੈ ਕੀ ਠੀਕ ਹੈ।

ਤੁਸੀਂ ਕੀ ਕਰਨ ‘ਚ ਚੰਗੇ ਹੋ? ਤੁਹਾਡੇ ਅੰਦਰਲੇ ਖ਼ਾਸ ਹੁਨਰ ਕਿਹੜੀਆਂ ਚੀਜ਼ਾਂ ‘ਚ ਉਜਾਗਰ ਹੁੰਦੇ ਨੇ। ਤੁਹਾਡਾ ਜਵਾਬ ਸ਼ਾਇਦ ਇਸ ਗੱਲ ਨਾਲ ਬਦਲੇਗਾ ਕਿ ਮੈਂ ਹਫ਼ਤੇ ਦੇ ਕਿਹੜੇ ਦਿਨ ਇਹ ਸਵਾਲ ਪੁੱਛ ਰਿਹਾਂ। ਤੁਸੀਂ ਨਿਹਾਇਤ ਬਹੁਗੁਣੀ ਹੋ। ਤੁਸੀਂ ਕਈ ਕਾਰਜਾਂ ਵਿੱਚ ਆਪਣਾ ਹੱਥ ਆਜ਼ਮਾ ਸਕਦੇ ਹੋ। ਪਰ ਫ਼ਿਰ, ਸ਼ਾਇਦ, ਇਹੀ ਤੁਹਾਡਾ ਸਭ ਤੋਂ ਖ਼ਾਸ ਹੁਨਰ ਹੈ। ਇਸ ਸਭ ਤੋਂ ਵੀ ਅੱਗੇ ਅਤੇ ਉੱਤੇ, ਤੁਹਾਡਾ ਗੁਣ ਹੈ ਤੁਹਾਡਾ ਲਚਕੀਲਾਪਨ। ਆਪਣੇ ਇਸੇ ਖ਼ਾਸ ਗੁਣ ਕਾਰਨ ਤੁਸੀਂ ਬਹੁਤ ਜਲਦੀ ਬਹੁਤ ਜ਼ਿਆਦਾ ਮੰਗ ਵਿੱਚ ਹੋਵੋਗੇ। ਤੁਹਾਨੂੰ ਆਪਣੀ ਇਸ ਕਾਬਲੀਅਤ ‘ਤੇ ਮਾਣ ਹੋਵੇ ਜਾਂ ਨਾ, ਪਰ ਤੁਹਾਡੇ ਕੋਲ ਇਸ ਲਈ ਸ਼ਰਮਿੰਦਾ ਹੋਣ ਦਾ ਨਿਰਸੰਦੇਹ ਕੋਈ ਕਾਰਨ ਨਹੀਂ।

ਗਾਇਕ ਅਤੇ ਲੇਖਕ ਐਲਟਨ ਜੌਹਨ ਨੇ 1976 ਵਿੱਚ ਇੱਕ ਗੀਤ ਲਿਖਿਆ ਅਤੇ ਗਾਇਆ ਸੀ Sorry seems to be the hardest word ਭਾਵ ਸੌਰੀ ਇੱਕ ਬਹੁਤ ਹੀ ਮੁਸ਼ਕਿਲ ਸ਼ਬਦ ਜਾਪਦੈ। ਤਾਂ ਹੀ ਤਾਂ, ਸ਼ਾਇਦ, ਕਈ ਵਾਰ ਸਾਨੂੰ ਇਹ ਕਹਿਣਾ ਬਹੁਤ ਔਖਾ ਲੱਗਦੈ। ਕਈ ਵਾਰ ਅਸੀਂ ਓਨੇ ਗ਼ਲਤ ਵੀ ਨਹੀਂ ਹੁੰਦੇ ਜਿੰਨਾ ਅਸੀਂ ਸੋਚਦੇ ਹਾਂ ਕਿ ਅਸੀਂ ਹਾਂ। ਅਕਸਰ, ਅਸੀਂ ਕੋਈ ਬਹਾਦਰੀ ਵਾਲਾ ਕਦਮ ਚੁੱਕ ਲਵਾਂਗੇ ਅਤੇ ਫ਼ਿਰ, ਖ਼ਾਸਕਰ ਜੇ ਉਹ ਕੋਈ ਨਾਕਾਰਾਤਮਕ ਪ੍ਰਤੀਕਿਰਿਆ ਅਰਜਿਤ ਕਰ ਲਵੇ, ਅਸੀਂ ਬਹੁਤੇ ਕਾਹਲੇ ਪੈਣ ਜਾਂ ਉਤਾਵਲੇ ਹੋਣ ਲਈ ਆਪਣੀ ਆਪ ਨੂੰ ਹੀ ਭੰਡਾਂਗੇ। ਮਹੀਨਿਆਂ, ਜਾਂ ਕਈ ਵਾਰ ਸਾਲਾਂ ਬਾਅਦ, ਸਾਨੂੰ ਅਹਿਸਾਸ ਹੋਵੇਗਾ ਕਿ ਜੋ ਅਸੀਂ ਓਦੋਂ ਕੀਤਾ ਸੀ ਉਹ ਸਹੀ ਅਤੇ ਵਕਤਅਨੁਸਾਰ ਸੀ, ਅਤੇ ਉਸ ਲਈ ਮੁਆਫ਼ੀ ਮੰਗਣ ਦੀ ਵੀ ਕੋਈ ਲੋੜ ਨਹੀਂ ਸੀ। ਇਸ ਵਕਤ ਕਿਸੇ ਵੱਡੇ ਦਾਅਵੇ ਤੋਂ ਪਿੱਛੇ ਹਟਣ ਦੀ ਕਾਹਲ ਨਾ ਕਰੋ।