ਨਵੀਂ ਦਿੱਲੀ – ਵੈੱਸਟ ਇੰਡੀਜ਼ ਦੇ ਧਾਕੜ ਖਿਡਾਰੀ ਕ੍ਰਿਸ ਗੇਲ ਨੂੰ ਉਸ ਦੇ ਲੰਬੇ-ਲੰਬੇ ਸ਼ੌਟਸ ਅਤੇ ਉਸ ਦੇ ਮਜ਼ਾਕੀਆ ਅੰਦਾਜ਼ ਲਈ ਜਾਣਿਆ ਜਾਂਦਾ ਹੈ, ਪਰ ਮੰਗਲਵਾਰ ਨੂੰ ਉਹ ਬੇਹੱਦ ਗੁੱਸੇ ਵਿੱਚ ਦਿਖਿਆ। ਗੁੱਸੇ ਦੀ ਵਜ੍ਹਾ ਐਮੀਰੇਟਸ ਏਅਰਲਾਈਨਜ਼ ਰਹੀ ਜਿਸ ਨੇ ਕ੍ਰਿਸ ਗੇਲ ਦੇ ਨਾਲ ਕੁੱਝ ਅਜਿਹਾ ਕਰ ਦਿੱਤਾ ਜਿਸ ਦੀ ਉਸ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ। ਦਰਅਸਲ, ਕ੍ਰਿਸ ਗੇਲ ਕੋਲ ਐਮੀਰੇਟਸ ਏਅਰਲਾਈਨਜ਼ ਦੀ ਟਿਕਟ ਸੀ, ਪਰ ਇਸ ਦੇ ਬਾਵਜੂਦ ਉਹ ਉਸ ਫ਼ਲਾਈਟ ਵਿੱਚ ਸਫ਼ਰ ਨਹੀਂ ਕਰ ਸਕਿਆ।
ਇਸ ਤਰ੍ਹਾਂ ਕੱਢਿਆ ਗੁੱਸਾ
ਕ੍ਰਿਸ ਗੇਲ ਨੇ ਆਪਣੇ ਟਵਿਟਰ ਐਕਾਊਂਟ ‘ਤੇ ਐਮੀਰੇਟਸ ਏਅਰਲਾਈਨਜ਼ ਖਿਲਾਫ਼ ਟਵੀਟ ਕਰਦਿਆਂ ਲਿਖਿਆ, ”ਐਮੀਰੇਟਸ ਏਅਰਲਾਈਨਜ਼ ਦੀ ਇਹ ਸਫ਼ਰ ਮੇਰੀ ਬਦਕਿਸਮਤੀ ਹੈ। ਮੇਰੀ ਫ਼ਲਾਈਟ ਕਨਫ਼ਰਮਡ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਕੋਲ ਬੁਕਿੰਗ ਨਹੀਂ। ਇੰਨਾ ਹੀ ਨਹੀਂ ਐਮੀਰੇਟਸ ਨੇ ਮੈਨੂੰ ਇਕੌਨਮੀ ਕਲਾਸ ਵਿੱਚ ਸਫ਼ਰ ਕਰਨ ਲਈ ਕਿਹਾ ਜਦਕਿ ਮੇਰੇ ਕੋਲ ਬਿਜਨਸ ਕਲਾਸ ਦੀ ਟਿਕਟ ਸੀ। ਹੁਣ ਮੈਨੂੰ ਅਗਲੀ ਫ਼ਲਾਈਟ ਵਿੱਚ ਸਫ਼ਰ ਕਰਨਾ ਹੋਵੇਗਾ। ਖ਼ਰਾਬ ਤਜ਼ਰਬਾ।”
ਕ੍ਰਿਕਟ ਤੋਂ ਦੂਰ ਚੱਲ ਰਿਹੈ ਗੇਲ
ਦੱਸ ਦਈਏ ਕਿ ਗੇਲ ਹੁਣ 40 ਸਾਲ ਦਾ ਹੋ ਚੁੱਕੈ। ਉਸ ਦਾ ਕ੍ਰਿਕਟ ਕਰੀਅਰ ਵੀ ਖ਼ਤਮ ਹੋ ਚੁੱਕੈ। ਹਾਲਾਂਕਿ ਉਸ ਨੇ ਅਜੇ ਤਕ ਸੰਨਿਆਸ ਨਹੀਂ ਲਿਆ। ਗੇਲ ਨੇ ਹਾਲ ਹੀ ‘ਚ ਇੰਗਲੈਂਡ ਵਿੱਚ ਹੋਣ ਵਾਲੀ ਦਾ ਹੰਡ੍ਰੇਡ ਟੂਰਨਾਮੈਂਟ ਲਈ ਡ੍ਰਾਫ਼ਟ ਵਿੱਚ ਆਪਣਾ ਨਾਂ ਦਿੱਤਾ ਸੀ, ਪਰ ਉਸ ਨੂੰ ਕਿਸੇ ਫ਼੍ਰੈਂਚਾਈਜ਼ੀ ਨੇ ਨਹੀਂ ਖ਼ਰੀਦਿਆ। ਵੈੱਸਟ ਇੰਡੀਜ਼ ਦੀ ਟੀਮ ਨੇ ਵੀ ਕ੍ਰਿਸ ਗੇਲ ਨੂੰ ਅਫ਼ਗ਼ਾਨਿਸਤਾਨ ਖ਼ਿਲਾਫ਼ ਸੀਰੀਜ਼ ਵਿੱਚ ਮੌਕਾ ਨਹੀਂ ਦਿੱਤਾ। ਮੰਨਿਆ ਜਾ ਰਿਹੈ ਕਿ ਹੁਣ ਗੇਲ ਦੇ ਕੌਮਾਂਤਰੀ ਅਤੇ T-20 ਲੀਗਜ਼ ਦੇ ਕਰੀਅਰ ਦਾ ਅੰਤ ਹੋ ਚੁੱਕਾ ਹੈ।