ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ‘ਚ ਪਏ ਭਰੀ ਮੀਂਹ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ‘ਚ ਅੜਚਣ ਪੈਦਾ ਕਰ ਦਿੱਤੀ ਹੈ। ਮੀਂਹ ਕਾਰਨ ਪ੍ਰਸ਼ਾਸਨ ਵਲੋਂ ਬਣਾਈ ਗਈ ਪਾਰਕਿੰਗ ‘ਚ ਚਿੱਕੜ ਹੀ ਚਿੱਕੜ ਹੋ ਗਿਆ ਹੈ, ਜਿਸ ਕਾਰਨ ਪ੍ਰਸ਼ਾਸ਼ਨ ਅਤੇ ਪੁਲਸ ਦੇ ਆਪਣੇ ਵਾਹਨਾਂ ਨੂੰ ਕੱਢਣ ‘ਚ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ ਅਤੇ ਟੈਂਟ ਸਿਟੀ ‘ਚ ਪਾਣੀ ਖੜਾ ਹੋ ਗਿਆ ਹੈ। ਟੈਂਟ ਸਿਟੀ ‘ਚ ਵਿਛਾਏ ਗਏ ਮੈਟ ਪੂਰੀ ਤਰ੍ਹਾਂ ਨਾਲ ਗਿੱਲੇ ਹੋ ਗਏ ਹਨ ਅਤੇ ਇਨ੍ਹਾਂ ਨੂੰ ਸਾਫ ਕਰਨ ਦਾ ਕੰਮ ਚਲਾਇਆ ਜਾ ਰਿਹਾ ਹੈ।
ਡੇਰਾ ਬਾਬਾ ਨਾਨਕ ‘ਚ ਪਿਛਲੇ ਇਕ ਮਹੀਨੇ ਤੋਂ ਪ੍ਰਸ਼ਾਸਨ ਵਲੋਂ ਇਹ ਐਲਾਨ ਕੀਤਾ ਜਾ ਰਿਹਾ ਸੀ ਕਿ ਕਸਬੇ ‘ਚ ਬਾਹਰਲੇ ਵਾਹਨਾਂ ਦੀ ਆਮਦ ਬੰਦ ਕਰ ਦਿੱਤੀ ਜਾਵੇਗੀ ਤਾਂ ਜੋ ਕਸਬੇ ‘ਚ ਜਾਮ ਵਰਗੀ ਸਥਿਤੀ ਨਾ ਬਣੇ ਪਰ ਪੁਲਸ ਮੁਲਾਜ਼ਮਾਂ ਦੀਆਂ ਆਪਣੀਆਂ ਗੱਡੀਆਂ ਹੀ ਕਸਬੇ ‘ਚ ਟਰੈਫਿਕ ਜਾਮ ਦਾ ਕਾਰਨ ਬਣ ਰਹੀਆਂ ਹਨ। ਵੇਖਣ ‘ਚ ਇਹ ਵੀ ਆਇਆ ਕਿ ਪੁਲਸ ਮੁਲਾਜ਼ਮ ਪੁਲਸ ਦੀਆਂ ਬੱਸਾਂ ਦੀ ਬਜਾਏ ਆਪਣੇ ਨਿੱਜੀ ਵਾਹਨਾਂ ‘ਤੇ ਡਿਊਟੀ ਦੇਣ ਆਏ ਹਨ ਅਤੇ ਹਜ਼ਾਰਾਂ ਹੀ ਪੁਲਸ ਮੁਲਾਜ਼ਮਾਂ ਦੀ ਇਥੇ ਡਿਊਟੀ ਹੋਣ ਕਾਰਨ ਹਰ ਪਾਸੇ ਉਨ੍ਹਾਂ ਦੇ ਹੀ ਵਾਹਨ ਸੜਕਾਂ ‘ਤੇ ਦਿਖਾਈ ਦੇ ਰਹੇ ਹਨ। ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੁਲਸ ਮੁਲਾਜ਼ਮਾਂ ਦੇ ਨਿੱਜੀ ਵਾਹਨਾਂਨੂੰ ਬਾਹਰਲੀਆਂ ਪਾਰਕਿੰਗਾਂ ਤੋਂ ਕਸਬੇ ਵਲ ਨਾ ਆਉਣ ਦੇਣ।