ਨਨਕਾਣਾ ਸਾਹਿਬ ਦੀਆਂ ਦੁਕਾਨਾਂ ਅੱਗੇ ਲੱਗੀ ਐਮੀ ਦੀ ਫ਼ੋਟੋ
ਪੰਜਾਬੀ ਸਿਤਾਰੇ ਭਾਰਤ ਦੇ ਨਾਲ-ਨਾਲ ਦੁਨੀਆ ਭਰ ‘ਚ ਲੋਕਾਂ ਦੇ ਹਰਮਨ ਪਿਆਰੇ ਬਣ ਚੁੱਕੇ ਹਨ। ਲਹਿੰਦੇ ਪੰਜਾਬ ‘ਚ ਵੀ ਚੜ੍ਹਦੇ ਪੰਜਾਬ ਦੇ ਕਲਾਕਾਰ ਲੋਕਾਂ ਦੇ ਦਿਲਾਂ ‘ਚ ਓਨੇ ਹੀ ਰਹਿੰਦੇ ਹਨ ਜਿੰਨ੍ਹੇ ਕਿ ਭਾਰਤ ਦੇ ਲੋਕਾਂ ‘ਚ। ਇਸ ਦਾ ਸਬੂਤ ਦਿੰਦੀ ਹੈ ਲੇਖਕ ਅਤੇ ਨਾਮੀ ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਸਾਂਝੀ ਕੀਤੀ ਗਈ ਐਮੀ ਵਿਰਕ ਦੀ ਇੱਕ ਤਸਵੀਰ ਜਿਸ ਨੂੰ ਦੇਖ ਭੁਲੇਖਾ ਪੈਂਦਾ ਹੋਵੇਗਾ ਕਿ ਭਾਰਤ ਦੀ ਕਿਸੇ ਜਗ੍ਹਾ ਦੀ ਹੈ, ਪਰ ਧਿਆਨ ਨਾਲ ਦੇਖਣ ‘ਚ ਪਤਾ ਚੱਲਦਾ ਹੈ ਕਿ ਇਹ ਤਸਵੀਰ ਭਾਰਤ ਦੀ ਨਹੀਂ ਸਗੋਂ ਪਾਕਿਸਤਾਨ ਵਿੱਚ ਕਿਤੇ ਲੱਗੀ ਹੋਈ ਹੈ। ਪੰਜਾਬ ‘ਚ ਅਕਸਰ ਦੇਖਿਆ ਹੋਵੇਗਾ ਦੁਕਾਨਾਂ ਅੱਗੇ ਕਲਾਕਾਰਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ, ਪਰ ਹੁਣ ਪਾਕਿਸਤਾਨ ਦੇ ਪੰਜਾਬ ‘ਚ ਵੀ ਇਸੇ ਤਰ੍ਹਾਂ ਦਾ ਕੁੱਝ ਦੇਖਣ ਨੂੰ ਮਿਲ ਰਿਹਾ ਹੈ।
ਦੱਸ ਦਈਏ ਕਿ ਜਗਦੀਪ ਸਿੱਧੂ ਨੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ”ਧੰਨਵਾਦ ਜੱਸੀ ਸੰਘਾ ਇਸ ਕਲਿੱਕ ਲਈ, ਨਨਕਾਣਾ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਸਾਹਮਣੇ ਇੱਕ ਦੁਕਾਨ ‘ਚ ਲੱਗੀ ਸਾਡੇ ਆਲੇ ਐਮੀ ਵਿਰਕ ਦੀ ਤਸਵੀਰ ਬਹੁਤ ਕੁੱਝ ਕਹਿ ਜਾਂਦੀ ਹੈ, ਵੰਡ ਹਿੰਦੁਸਤਾਨ ਪਾਕਿਸਤਾਨ ਦੀ ਹੋਈ ਸੀ ਪੰਜਾਬ ਦੀ ਨਹੀਂ।”
ਦੋਹਾਂ ਮੁਲਕਾਂ ਦੀ ਭਾਵੇਂ ਵੰਡ ਹੋ ਗਈ ਸੀ, ਪਰ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਹਮੇਸ਼ਾ ਹੀ ਇੱਕ ਦੂਜੇ ਨੂੰ ਇੱਜਤ ਮਾਣ ਦਿੰਦੇ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਦੇ ਚਲਦਿਆਂ ਦੋਹਾਂ ਪੰਜਾਬ ਦੇ ਲੋਕਾਂ ‘ਚ ਹੋਰ ਵੀ ਪਿਆਰ ਵਧਣ ਦੀ ਉਮੀਦ ਹੈ। ਫ਼ਿਲਹਾਲ ਐਮੀ ਵਿਰਕ ਦੀ ਪਾਕਿਸਤਾਨ ‘ਚ ਲੱਗੀ ਇਹ ਤਸਵੀਰ ਹਰ ਕਿਸੇ ਵਲੋਂ ਪਸੰਦ ਕੀਤੀ ਜਾ ਰਹੀ ਹੈ।