ਮੁੰਬਈ – ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਦਾਅਵਾ ਕੀਤਾ ਕਿ ਦੇਸ਼ ਦੇ ਕਈ ਕ੍ਰਿਕਟਰ ਆਪਣਾ ਸਥਾਨ ਗੁਆਉਣ ਦੇ ਡਰੋਂ ਥੱਕੇ ਹੋਣ ਦੇ ਬਾਵਜੂਦ ਆਰਾਮ ਨਹੀਂ ਕਰਦੇ ਅਤੇ ਉਮੀਦ ਜਤਾਈ ਕਿ ਸੌਰਭ ਗਾਂਗੁਲੀ ਦੇ BCCI ਮੁਖੀ ਬਣਨ ਤੋਂ ਬਾਅਦ ਇਸ ਵਿੱਚ ਬਦਲਾਅ ਆਵੇਗਾ।
ਨਿੱਜੀ ਲੀਗ ‘ਚ ਖੇਡਣ ਲਈ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਯੁਵਰਾਜ ਨੇ ਖਿਡਾਰੀਆਂ ਦੇ ਸੰਘ ਦਾ ਵੀ ਸਮਰਥਨ ਕੀਤਾ।
ਸੁਪਰੀਮ ਕੋਰਟ ਵਲੋਂ ਨਿਯੁਕਤ ਲੋਢਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਖਿਡਾਰੀਆਂ ਦੇ ਸੰਘ ਇੰਡੀਅਨ ਕ੍ਰਿਕਟਰਜ਼ ਐਸੋਸੀਏਸ਼ਨ ਦਾ ਪਹਿਲਾਂ ਹੀ ਗਠਿਤ ਕਰ ਦਿੱਤਾ ਗਿਆ ਹੈ। ਯੁਵਰਾਜ ਨੇ ਇੱਥੇ ਕਿਹਾ ਕਿ ਅਸੀਂ ਇਸ ਦੇ ਹੱਕਦਾਰ ਹਾਂ ਕਿਉਂਕਿ ਕਈ ਵਾਰ ਸਾਨੂੰ ਕ੍ਰਿਕਟ ਖੇਡਣ ਲਈ ਕਿਹਾ ਜਾਂਦਾ ਹੈ ਜਦਕਿ ਅਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ। ਸਾਨੂੰ ਇਸ ਦਬਾਅ ਵਿੱਚ ਖੇਡਣਾ ਪੈਂਦਾ ਹੈ ਕਿ ਜੇਕਰ ਅਸੀਂ ਨਹੀਂ ਖੇਡਦੇ ਤਾਂ ਸਾਨੂੰ ਬਾਹਰ ਕਰ ਦਿੱਤਾ ਜਾਵੇਗਾ।”
ਉਸ ਨੇ ਕਿਹਾ ਕਿ ਖਿਡਾਰੀਆਂ ‘ਤੇ ਦਬਾਅ ਖ਼ਤਮ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਥੱਕੇ ਹੋਏ ਹਨ ਜਾਂ ਜ਼ਖ਼ਮੀ ਹਨ ਤਾਂ ਉਨ੍ਹਾਂ ਨੂੰ ਆਰਾਮ ਮਿਲਣਾ ਚਾਹੀਦਾ ਹੈ।