ਤੇਜ਼ ਦਿਮਾਗ਼ ਅਤੇ ਯਾਦਦਾਸ਼ਤ ਨੂੰ ਵਧਾਉਣ ਦੇ ਨਾਲ-ਨਾਲ ਅਖਰੋਟ ਸਿਹਤ ਨੂੰ ਕਈ ਫ਼ਾਇਦੇ ਦਿੰਦੇ ਹਨ। ਰੋਜ਼ਾਨਾ ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਬ੍ਰੈੱਸਟ ਕੈਂਸਰ, ਪ੍ਰੋਸਟੇਟ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹੋਗੇ। ਅਖਰੋਟ ‘ਚ ਪ੍ਰੋਟੀਨ, ਕੈਲਸ਼ੀਅਮ, ਓਮੈਗਾ-3 ਫ਼ੈਟੀ ਐਸਿਡ, ਮੈਗਨੀਜ਼ੀਅਮ, ਆਇਰਨ, ਫ਼ਾਸਫ਼ੋਰਸ, ਕੌਪਰ ਸੈਲੇਨੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਸਿਹਤ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਅਖਰੋਟ ਖਾਣ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਕੈਂਸਰਾਂ ਦਾ ਖ਼ਤਰਾ ਘੱਟ – ਸੋਧ ਮੁਤਾਬਿਕ, ਰੋਜ਼ਾਨਾ ਚਾਰ ਅਖਰੋਟ ਖਾਣ ਨਾਲ ਬ੍ਰੈੱਸਟ ਕੈਂਸਰ ਦਾ ਖ਼ਤਰਾ ਕਾਫ਼ੀ ਘੱਟ ਹੁੰਦਾ ਹੈ। ਦਰਅਸਲ ਇਸ ‘ਚ ਮੌਜੂਦ ਪੌਸ਼ਟਿਕ ਤੱਤ ਅਤੇ ਓਮੈਗਾ-3 ਫ਼ੈਟੀ ਐਸਿਡ ਸ਼ਰੀਰ ‘ਚ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦੇ ਹਨ ਜਿਸ ਨਾਲ ਤੁਸੀਂ ਕਈ ਤਰ੍ਹਾਂ ਦੇ ਕੈਂਸਰਾਂ ਦੇ ਖ਼ਤਰੇ ਤੋਂ ਬਚੇ ਰਹਿੰਦੇ ਹੋ।
ਦਿਮਾਗ਼ ਲਈ ਫ਼ਾਇਦੇਮੰਦ – ਅਖਰੋਟ ਨੂੰ ਬਰੇਨ ਫ਼ੂਡ ਵੀ ਕਿਹਾ ਜਾਂਦਾ ਹੈ। ਇਸ ‘ਚ ਕਈ ਤਰ੍ਹਾਂ ਦੇ ਯੌਗਿਕ ਗੁਣ ਹੁੰਦੇ ਹਨ ਜੋ ਬੁਢਾਪੇ ‘ਚ ਦਿਮਾਗ਼ ਨਾਲ ਸਬੰਧਤ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।
ਦਿਲ ਦੇ ਰੋਗਾਂ ਤੋਂ ਕਰੇ ਬਚਾਅ – ਅਖਰੋਟ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਇਸ ਤੋਂ ਇਲਾਵਾ ਅਖਰੋਟ ਖਾਣ ਨਾਲ ਮੋਟਾਪਾ ਘੱਟ ਹੋਣ ਦੇ ਨਾਲ-ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।
ਤਨਾਅ ਤੋਂ ਦੇਵੇ ਰਾਹਤ – ਅੱਜਕਲ੍ਹ ਭੱਜਦੌੜ ਭਰੀ ਜ਼ਿੰਦਗੀ ‘ਚ ਲੋਕ ਤਨਾਅ ਦਾ ਸ਼ਿਕਾਰ ਹੋ ਰਹੇ ਹਨ। ਰੋਜ਼ਾਨਾ ਅਖਰੋਟ ਖਾਣ ਨਾਲ ਤਨਾਅ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਦਿਨਭਰ ਕੰਮ ਕਰਨ ਲਈ ਊਰਜਾ ਵੀ ਮਿਲਦੀ ਹੈ।
ਪਾਚਨ ਕਿਰਿਆ ਕਰੇ ਮਜ਼ਬੂਤ – ਰੋਜ਼ਾਨਾ ਚਾਰ ਅਖਰੋਟ ਖਾਣ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਕਬਜ਼, ਐਸੀਡਿਟੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਭਾਰ ਘੱਟ ਕਰਨ ‘ਚ ਸਹਾਇਕ – ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਅਖਰੋਟ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਭੁੱਖ ਕੰਟਰੋਲ ‘ਚ ਰਹਿੰਦੀ ਹੈ ਅਤੇ ਮਟੈਬਲਿਜ਼ਮ ਵੀ ਬੂਸਟ ਹੁੰਦਾ ਹੈ ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।
ਸੂਰਜਵੰਸ਼ੀ