ਭਾਰਤੀ ਸੰਗੀਤ ਹੋਵੇ ਜਾਂ ਸਿਨਮਾ ਦੋਹਾਂ ਨੇ ਸਮੇਂ ਦੇ ਨਾਲ ਨਾਲ ਤਬਦੀਲੀ ਨੂੰ ਵੀ ਬਿਹਤਰ ਤਰੀਕੇ ਨਾਲ ਸਵੀਕਾਰ ਕੀਤਾ ਹੈ। ਕਈ ਵਾਰ ਬਾਜ਼ਾਰ ਨੇ ਇਸ ਨੂੰ ਤੈਅ ਕੀਤਾ ਤਾਂ ਕਈ ਵਾਰ ਨੌਜਵਾਨਾਂ ਦੀ ਚਾਹਤ ਨੇ। ਰੈਪ ਨੂੰ ਵੀ ਅਸੀਂ ਨਵੀਂ ਤਬਦੀਲੀ ਦੇ ਰੂਪ ਵਿੱਚ ਸਵੀਕਾਰ ਕਰਦੇ ਹਾਂ। ਰੈਪ ਸੰਗੀਤ ਦੀ ਦੁਨੀਆਂ ਲਈ ਇੱਕ ਅਨੋਖਾ ਪ੍ਰਯੋਗ ਹੈ। ਯਾਨੀ ਪੱਛਮੀ ਸੰਗੀਤ ਦੀ ਇੱਕ ਸ਼ਾਖਾ। ਸਾਹ ਦੀ ਗਤੀ ਮੱਧਮ ਕਰ ਕੇ ਗੀਤ ਨੂੰ ਇੱਕ ਹੀ ਲੈਅ ਵਿੱਚ ਗਾਉਣਾ। ਇਹ ਵੀ ਕਹਿ ਸਕਦੇ ਹਾਂ ਕਿ ਰੈਪ ਮਿਊਜ਼ਿਕ, ਹਿੱਪ ਹੌਪ ਦੇ ਕਾਫ਼ੀ ਨਜ਼ਦੀਕ ਹੈ। ਆਲਮ ਇਹ ਹੈ ਕਿ ਦੋਹੇਂ ਸ਼ਬਦਾਂ ਦੀ ਅਕਸਰ ਪਰਸਪਰ ਵਰਤੋਂ ਕੀਤੀ ਜਾਂਦੀ ਹੈ। ਰੈਪ ਦੀ ਤਕਨੀਕੀ ਪਰਿਭਾਸ਼ਾ ਤੋਂ ਤੁਸੀਂ ਭਾਵੇਂ ਜਾਣੂ ਨਾ ਹੋਵੋ, ਪਰ ਇਸ ਨੂੰ ਐਲਬਮ ਅਤੇ ਫ਼ਿਲਮਾਂ ਵਿੱਚ ਤੁਸੀਂ 1990 ਤੋਂ ਸੁਣਦੇ ਆ ਰਹੇ ਹੋ।
ਭਾਰਤ ਵਿੱਚ ਸੰਗੀਤ ਦੀ ਇਹ ਕਲਾ ਲਿਆਉਣ ਦਾ ਸਿਹਰਾ ਬਾਬਾ ਸਹਿਗਲ ਨੂੰ ਦਈਏ ਤਾਂ ਗ਼ਲਤ ਨਹੀਂ ਹੋਵੇਗਾ। ਸਾਲ 1990 ਵਿੱਚ ਭਾਰਤੀ ਸੰਗੀਤਕ ਬਾਜ਼ਾਰ ਵਿੱਚ ਬਾਬਾ ਸਹਿਗਲ ਨੇ ਠੰਢਾ-ਠੰਢਾ ਪਾਨੀ ਨਾਲ ਰੈਪ ਨਾਲ ਪਛਾਣ ਕਰਵਾਈ ਸੀ। ਇਸ ਰੈਪ ਨੂੰ ਭਾਰਤ ਦਾ ਪਹਿਲਾ ਰੈਪ ਗੀਤ ਦਾ ਤਮਗ਼ਾ ਦਿੱਤਾ ਗਿਆ ਹੈ। 1990 ਦੇ ਦਹਾਕੇ ਵਿੱਚ ਬਾਬਾ ਸਹਿਗਲ ਦੀ ਐਲਬਮ ਦਿਲਰੁਬਾ, ਮੈਂ ਵੀ ਮੈਡੋਨਾ ਅਤੇ ਦਿਲ ਧੜਕੇ ਵਿੱਚ ਰੈਪ ਸੰਗੀਤ ਦਿੱਤਾ। ਇਹ ਤਿੰਨੋਂ ਇੰਨੇ ਹਿੱਟ ਹੋਏ ਕਿ ਭਾਰਤ ਵਿੱਚ ਸੰਗੀਤ ਦੀ ਇਸ ਹਿੱਪ ਹੌਪ ਸੰਸਕ੍ਰਿਤੀ ਨੇ ਗਹਿਰੀ ਪੈਂਠ ਬਣਾ ਲਈ।
ਦਰਅਸਲ, ਕਿਸੇ ਨੇ ਸੋਚਿਆ ਨਹੀਂ ਸੀ, ਅਤੇ ਸਾਡੇ ਲਈ ਇਹ ਬਿਲਕੁਲ ਨਵਾਂ ਸੀ, ਪਰ ਹੌਲੀਵੁਡ ਸੰਗੀਤ ਇੰਡਸਟਰੀ ਵਿੱਚ ਉੱਥੋਂ ਦੇ ਮਸ਼ਹੂਰ ਰੈਪਰ ਰਹੇ ਹਨ ਅਮਿਨੇਮ, ਸਨੂਪ ਡੌਗ, ਤੂਪਾਕ ਸ਼ਾਕੂਰ, ਬਿੱਗੀ, ਆਦਿ। ਬਾਬਾ ਸਹਿਗਲ ਦਾ ਠੰਢਾ ਠੰਢਾ ਪਾਨੀ ਹਰਮਨ ਪਿਆਰੇ ਰੈਪਰ ਵੈਨਿਲਾ ਆਈਸ ਦੇ ਰੈਪ ਗੀਤ ਆਈਸ ਆਈਸ ਬੇਬੀ ਤੋਂ ਪ੍ਰੇਰਿਤ ਸੀ। 1990 ਵਿੱਚ ਹੀ ਭਾਰਤੀ ਮੂਲ ਦੇ UK ਦੇ ਅਪਾਚੀ ਇੰਡੀਅਨ ਨੇ ਹਿੱਪ ਹੌਪ ਦੀਆਂ ਕਈ ਸੀਰੀਜ਼ ਦੇ ਕੇ ਭਾਰਤ ਦੇ ਘਰ ਘਰ ਵਿੱਚ ਸੰਗੀਤ ਦੀ ਇਸ ਸ਼ੈਲੀ ਨੂੰ ਹਰਮਨਪਿਆਰਾ ਬਣਾਇਆ। 2000 ਦੇ ਦਹਾਕੇ ਵਿੱਚ ਭਾਰਤੀ ਰੈਪਰ ਜਿਵੇਂ ਰਿਸ਼ੀ ਰਿਚ, ਜੱਗੀ ਡੀ, ਇੰਡੀਅਨ ਦਾਨਿਸ਼ ਬੈਂਡ, ਬੌਂਬੇ ਰੌਕਰਜ਼, ਆਦਿ ਨੇ ਸਿਰਫ਼ ਅੰਗਰੇਜ਼ੀ ਵਿੱਚ ਰੈਪ ਗਾਏ। ਸਾਲ 2000 ਵਿੱਚ ਰੈਪ ਵਿੱਚ ਦੇਸੀ ਰੰਗ ਚੜ੍ਹਾਇਆ ਬੋਹੀਮੀਆ ਨੇ। ਉਸ ਨੇ ਸ਼ੁਰੂਆਤ ਪੰਜਾਬੀ ਐਲਬਮ ਵਿੱਚ ਪ੍ਰਦੇਸ ਦੇ ਨਾਲ ਕੀਤੀ। ਉਨ੍ਹਾਂ ਦਿਨਾਂ ਵਿੱਚ ਬੋਹੀਮੀਆ ਦਾ ਇਹ ਰੈਪ ਦੇਸ਼ ਵਿਦੇਸ਼ ਵਿੱਚ ਸੁਪਰ ਡੁਪਰ ਹਿੱਟ ਹੋਇਆ। ਉਸ ਨੇ ਦੇਸੀ ਹਿੱਪ ਹੌਪ ਸ਼ਬਦ ਵੀ ਘੜਿਆ।
ਜੇਕਰ ਇਹ ਕਿਹਾ ਜਾਵੇ ਕਿ ਅਜੇ ਤਕ ਭਾਰਤੀ ਰੈਪ ਇੰਡਸਟਰੀ ਵਿੱਚ ਪੁਰਸ਼ ਰੈਪਰਜ਼ ਦਾ ਹੀ ਦਬਦਬਾ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਜਿਹੇ ਵਿੱਚ ਇੱਕ ਮਹਿਲਾ ਰੈਪਰ ਹਾਰਡ ਕੌਰ ਨੇ ਰੈਪ ਗੀਤ ਇੱਕ ਗਲਾਸੀ ਦੋ ਗਲਾਸੀ (2007), ਮੂਵ ਯੂਅਰ ਬੌਡੀ (2007) ਅਤੇ ਟੱਲੀ (2008) ਨਾਲ ਆਪਣੀ ਧਾਕ ਜਮਾਈ।
ਹਿੰਦੀ ਸੰਗੀਤ ਵਿੱਚ ਰੈਪ ਦਾ ਦੂਜਾ ਪ੍ਰਵੇਸ਼ 2011 ਵਿੱਚ ਯੋ ਯੋ ਹਨੀ ਸਿੰਘ ਨੇ ਕਰਵਾਇਆ। ਉਸ ਦੀ ਪਹਿਲੀ ਰੈਪ ਐਲਬਮ ਇੰਟਰਨੈਸ਼ਨਲ ਵਿਲੇਜਰ ਬਹੁਤ ਹਿੱਟ ਹੋਈ। ਹਨੀ ਸਿੰਘ ਨੇ ਰੈਪ ਮਿਊਜ਼ਿਕ ਨੂੰ ਅਲੱਗ ਪਛਾਣ ਦਿੱਤੀ। ਉਸ ਦੇ ਹਿੰਦੀ ਰੈਪ ਗੀਤ ਚਾਰ ਬੋਤਲ ਵੋਦਕਾ, ਹਾਈ ਹੀਲਜ਼ ਅਤੇ ਬ੍ਰਾਊਨ ਰੰਗ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹ ਗਏ। ਪ੍ਰਤਿਭਾਸ਼ਾਲੀ ਰੈਪਰਜ਼ ਜਿਵੇਂ ਰਫ਼ਤਾਰ, ਬਾਦਸ਼ਾਹ ਅਤੇ ਇਰਫ਼ਾਨ ਖ਼ਾਨ ਨੇ ਪੰਜਾਬੀ ਸੰਗੀਤ ਸਨਅਤ ਵਿੱਚ ਧਾਕ ਜਮਾ ਲਈ ਹੈ। ਹਾਂ! ਇੰਨਾ ਜ਼ਰੂਰ ਹੈ ਕਿ ਕਈ ਰੈਪ ਗੀਤਾਂ ਵਿੱਚ ਹਿੰਸਾ ਭੜਕਾਉਣ ਵਾਲੇ ਅਤੇ ਅਸ਼ਲੀਲ ਸ਼ਬਦ ਸਨ, ਪਰ ਇਸ ਨਾਲ ਰੈਪ ‘ਤੇ ਮਿਊਜ਼ਿਕ ‘ਤੇ ਧੱਬਾ ਨਹੀਂ ਲੱਗਾ।
ਰੈਪ ਦੀ ਵਧਦੀ ਹਰਮਨਪਿਆਰਤਾ ਨੇ ਕਈ ਨਵੇਂ ਰੈਪਰਜ਼ ਨੂੰ ਸੰਗੀਤ ਸਨਅਤ ਵਿੱਚ ਪ੍ਰਵੇਸ਼ ਦਿੱਤਾ। ਨਾਜ਼ੀ, ਬਰੋਧਾ ਵੀ, ਡਿਵਾਇਨ, ਸਨੂਪ ਡੌਗ, ਆਦਿ ਨੇ ਰੈਪ ਵਿੱਚ ਸਮਾਜ ਦੀਆਂ ਗੰਭੀਰ ਸਮੱਸਿਆਵਾਂ ਨੂੰ ਜਗ੍ਹਾ ਦਿੱਤੀ ਅਤੇ ਦੇਸ਼ ਵਿੱਚ ਹਿੱਪ ਹੌਪ/ਰੈਪ ਸੰਸਕ੍ਰਿਤੀ ਨੂੰ ਸਨਮਾਨ ਦਿਵਾਇਆ। ਹੁਣ ਲੋਕ ਇਸ ਨੂੰ ਕਰੀਅਰ ਬਣਾ ਰਹੇ ਹਨ। ਇਸ ਦਾ ਮੁੱਖ ਕਾਰਨ ਰੈਪ ਦੀ ਵਧਦੀ ਹਰਮਨਪਿਆਰਤਾ ਹੈ। ਜਦੋਂ ਹਿੱਪ ਹੌਪ ਜਾਂ ਰੈਪ ਭਾਰਤ ਵਿੱਚ ਆਇਆ ਸੀ ਤਾਂ ਲੱਗਦਾ ਨਹੀਂ ਸੀ ਕਿ ਇਹ ਲੋਕਾਂ ਦੀ ਪਸੰਦ ਬਣੇਗਾ, ਪਰ ਹੁਣ ਇਹ ਸੁਪਰਹਿੱਟ ਹੈ। ਇਸ ਨੂੰ ਬੌਲੀਵੁਡ ਨੇ ਵੀ ਬਹੁਤ ਪਸੰਦ ਕੀਤਾ ਅਤੇ ਅਪਨਾਇਆ ਹੈ। ਬੌਲੀਵੁਡ ਦੇ ਪੁਰਾਣੇ ਗੀਤ ਜਿਵੇਂ ਤੰਮਾ ਤੰਮਾ ਲੋਗੇ (ਫ਼ਿਲਮ ਬਦਰੀਨਾਥ ਕੀ ਦੁਲਹਨੀਆ) ਅਤੇ ਹੰਮਾ ਹੰਮਾ (ਓਕੇ ਜਾਨੂ) ਆਦਿ ਰੈਪ ਦਾ ਤੜਕਾ ਲਾ ਕੇ ਰਿਲੀਜ਼ ਕੀਤੇ ਗਏ ਸਨ ਜੋ ਸੁਪਰਹਿੱਟ ਰਹੇ।
ਰੈਪ ਦੀ ਹਰਮਨਪਿਆਰਤਾ ਨੇ ਬੌਲੀਵੁੱਡ ਅਦਾਕਾਰਾਂ ਨੂੰ ਵੀ ਰੈਪਰ ਬਣਾ ਦਿੱਤਾ ਹੈ। ਕੁੱਝ ਨੇ ਤਾਂ ਇੰਨਾ ਸ਼ਾਨਦਾਰ ਰੈਪ ਗਾਇਆ ਹੈ ਕਿ ਫ਼ਿਲਮ ਕਹਾਣੀ ਦੀ ਥਾਂ ਰੈਪ ਕਾਰਨ ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋ ਗਈ। ਰਣਵੀਰ ਸਿੰਘ ਦੀ ਜਿੰਨੀ ਅਦਾਕਾਰੀ ਕਮਾਲ ਦੀ ਹੈ, ਓਨੀ ਹੀ ਉਸ ਦੀ ਰੈਪ ਦੀ ਪ੍ਰਤਿਭਾ ਹੈ। ਇਸ ਦੀ ਝਲਕ 2011 ਵਿੱਚ ਫ਼ਿਲਮ ਲੇਡੀਜ਼ ਵਰਸਿਜ਼ ਰਿਕੀ ਬਹਿਲ ਵਿੱਚ ਦਿਖਾਈ ਦਿੱਤੀ ਸੀ। ਰਣਵੀਰ ਨੇ ਹਾਲ ਹੀ ਵਿੱਚ ਰਿਲੀਜ਼ ਫ਼ਿਲਮ ਗਲੀ ਬੌਏ ਵਿੱਚ ਇੱਕ ਪੇਸ਼ੇਵਰ ਰੈਪਰ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ ਜਿਸ ਵਿੱਚ ਹਰ ਰੈਪ ਰਣਵੀਰ ਨੇ ਖ਼ੁਦ ਗਾਇਆ ਹੈ। ਉਸ ਦੀ ਇਹੀ ਪ੍ਰਤਿਭਾ ਆਉਣ ਵਾਲੀ ਫ਼ਿਲਮ ਆਦਤ ਸੇ ਮਜਬੂਰ ਵਿੱਚ ਵੀ ਦਿਖਾਈ ਦੇਵੇਗੀ।
ਅਮਿਤਾਭ ਬੱਚਨ ਨਵੇਂ ਨਵੇਂ ਕੰਮ ਕਰਦਾ ਰਹਿੰਦਾ ਹੈ। ਉਸ ਦੀ ਅਦਾਕਾਰੀ ਕਮਾਲ ਦੀ ਹੈ, ਉਹ ਗਾਉਂਦਾ ਵੀ ਬਹੁਤ ਵਧੀਆ ਹੈ। ਇਸ ਦੀ ਉਦਾਹਰਨ ਹਨ ਰੰਗ ਬਰਸੇ, ਮੈਂ ਯਹਾਂ ਤੂੰ ਵਹਾਂ ਅਤੇ ਅਤਰੰਗੀ ਯਾਰੀ। ਇਸ ਵਾਰ ਉਸ ਨੇ ਰੈਪ ਵਿੱਚ ਵੀ ਹੱਥ ਅਜ਼ਮਾਇਆ ਹੈ। ਫ਼ਿਲਮ ਗ਼ੁਲਾਮ ਦਾ ਗੀਤ ਆਤੀ ਕਿਆ ਖੰਡਾਲਾ … ਉਸ ਦੌਰ ਦਾ ਸੁਪਰਹਿੱਟ ਰੈਪ ਸੀ ਜੋ ਆਮਿਰ ਖ਼ਾਨ ਨੇ ਗਾਇਆ ਸੀ। ਆਮਿਰ ਅਦਾਕਾਰੀ ਦੇ ਨਾਲ ਨਾਲ ਰੈਪ ਵੀ ਵਧੀਆ ਗਾਉਂਦਾ ਹੈ। ਫ਼ਿਲਮ ਦੰਗਲ ਵਿੱਚ ਵੀ ਉਸ ਨੇ ਸ਼ਾਨਦਾਰ ਰੈਪ ਕੀਤਾ ਹੈ। ਵਰੁਣ ਧਵਨ ਪ੍ਰਤਿਭਾਸ਼ਾਲੀ ਕਲਾਕਾਰ ਹੈ। ਫ਼ਿਲਮ ਹਮਟੀ ਸ਼ਰਮਾ ਕੀ ਦੁਲਹਨੀਆ ਦੇ ਗੀਤ ਲੱਕੀ ਤੂ ਲੱਕੀ ਮੈਂ ਵਿੱਚ ਵਰੁਣ ਨੇ ਰੈਪ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਫ਼ਿਲਮ ABCD2 ਦੇ ਗੀਤ ਹੈਪੀ ਬਰਥਡੇਅ ਲਈ ਵੀ ਰੈਪ ਗਾਇਆ ਹੈ।
ਸੋਨਾਕਸ਼ੀ ਸਿਨਹਾ ਨੂੰ ਬੌਲੀਵੁਡ ਵਿੱਚ ਅਦਾਕਾਰੀ ਕਰਦੇ ਹੋਏ ਦਸ ਸਾਲ ਹੋ ਗਏ ਹਨ। ਇਸ ਦੌਰਾਨ ਉਸ ਦੀ ਅਦਾਕਾਰੀ ਵਿੱਚ ਕਾਫ਼ੀ ਨਿਖਾਰ ਆਇਆ ਹੈ, ਪਰ ਰੈਪ ਦੀ ਸ਼ੁਰੂਆਤ ਕੁੱਝ ਸਾਲ ਪਹਿਲਾਂ ਗੀਤ ਆਜ ਮੂਡ ਇਸ਼ਕਹੋਲਿਕ ਹੈ ਤੋਂ ਕੀਤੀ। ਅਭਿਸ਼ੇਕ ਬੱਚਨ ਨੇ ਵੀ ਰੈਪ ਗਾਇਆ ਹੈ। ਉਸ ਨੇ ਸਾਲ 2005 ਵਿੱਚ ਫ਼ਿਲਮ ਬਲੱਫ਼ਮਾਸਟਰ ਵਿੱਚ ਰੈਪ ਗਾਇਆ ਸੀ। ਉਸ ਤੋਂ ਬਾਅਦ ਰੈਪ ਸੁਣਿਆ ਗਿਆ ਫ਼ਿਲਮ ਹਾਊਸਫ਼ੁੱਲ 3 ਦੇ ਗੀਤ ਮਾਂ-ਬਹਿਨ ਵਿੱਚ। ਅਦਾਕਾਰ ਅਤੇ ਗਾਇਕਾ ਸ਼ਰੂਤੀ ਹਸਨ ਨੇ ਸ਼ੰਕਰ ਅਹਿਸਾਨ ਲੌਇ ਨਾਲ ਮਿਲ ਕੇ ਇੱਕ ਚੌਕਲੇਟ ਬਰੈਂਡ ਲਈ ਰੈਪ ਤਿਆਰ ਕੀਤਾ। ਅਕਸ਼ੇ ਕੁਮਾਰ ਦਾ ਰੈਪ ਵੀ ਕਿਸੇ ਤੋਂ ਘੱਟ ਨਹੀਂ। ਇਹ ਫ਼ਿਲਮ ਚਾਂਦਨੀ ਚੌਕ ਟੂ ਚਾਇਨਾ ਦੇ ਟਾਈਟਲ ਗੀਤ ਵਿੱਚ ਹੈ।
ਨਵਾਜ਼ੂਦੀਨ ਸਦੀਕੀ ਆਪਣੀ ਆਗਾਮੀ ਫ਼ਿਲਮ ਬੋਲੇ ਚੂੜੀਆਂ ਲਈ ਰੈਪ ਗਾਵੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਨਵਾਜ਼ੂਦੀਨ ਦੇ ਭਾਈ ਸ਼ਮਾਸ ਸਦੀਕੀ ਨੇ ਕੀਤਾ ਹੈ। ਨਵਾਜ਼ੂਦੀਨ ਕਹਿੰਦਾ ਹੈ, ”ਮੈਂ ਗਾਇਕ ਨਹੀਂ ਹਾਂ, ਪਰ ਮੈਂ ਇੱਕ ਰੈਪ ਗੀਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਨਹੀਂ ਲੱਗਦਾ ਕਿ ਮੇਰੀ ਗੀਤ ਗਾਉਣ ਦੀ ਸਮਰਥਾ ਹੈ।” ਇਹ ਵੀ ਚਰਚਾ ਹੈ ਕਿ ਹਾਊਸਫ਼ੁੱਲ 4 ਵਿੱਚ ਇੱਕ ਰੈਪ ਗੀਤ ਹੋਵੇਗਾ ਜਿਸ ਨੂੰ ਫ਼ਿਲਮ ਦਾ ਹੀਰੋ ਅਕਸ਼ੇ ਕੁਮਾਰ ਗਾਵੇਗਾ। ਫ਼ਿਲਮ ਪਲ ਪਲ ਦਿਲ ਕੇ ਪਾਸ ਦੇ ਹੀਰੋ ਕਰਨ ਦਿਓਲ ਨੇ ਇਸ ਫ਼ਿਲਮ ਵਿੱਚ ਰੈਪ ਗਾਇਆ ਹੈ। ਜਿਸ ਤਰ੍ਹਾਂ ਨਾਲ ਅੱਜ ਫ਼ਿਲਮਾਂ ਵਿੱਚ ਹਿੱਪ ਹੌਪ ਅਤੇ ਰੈਪ ਸੰਸਕ੍ਰਿਤੀ ਵੱਧ ਰਹੀ ਹੈ, ਉਮੀਦ ਕਰਦੇ ਹਾਂ ਕਿ ਇਹ ਰੈਪ ਦੇਸ਼ ਵਿੱਚ ਸਾਕਾਰਾਤਮਕ ਪ੍ਰਭਾਵ ਪਾਏਗਾ ਜਿਵੇਂ ਫ਼ਿਲਮ ਗਲੀ ਬੌਏ ਨੇ ਕੀਤਾ।