ਨਵੀਂ ਦਿੱਲੀ – ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ T-20 ਵਰਲਡ ਕੱਪ ਤੋਂ ਪਹਿਲਾਂ ਆਪਣੇ ਗੇਂਦਬਾਜ਼ਾਂ ਨੂੰ ਸਾਵਧਾਨ ਕੀਤਾ ਹੈ ਕਿ ਜੇਕਰ ਟੀਮ ਨੂੰ ਅਗਲੇ ਸਾਲ ਆਸਟਰੇਲੀਆ ‘ਚ ਹੋਣ ਵਾਲੇ ਟੂਰਨਾਮੈਂਟ ‘ਚ ਚੰਗਾ ਪ੍ਰਦਰਸ਼ਨ ਕਰਨਾ ਹੈ ਤਾਂ ਉਨ੍ਹਾਂ ਨੂੰ ਛੋਟੇ ਸਕੋਰ ਦਾ ਬਚਾਅ ਕਰਨਾ ਸਿੱਖਣਾ ਹੋਵੇਗਾ। ਭਾਰਤ ਨੇ ਪਹਿਲੇ T-20 ਅੰਤਰਰਾਸ਼ਟਰੀ ‘ਚ ਬੰਗਲਾਦੇਸ਼ ਨੂੰ 149 ਦੌੜਾਂ ਦਾ ਟੀਚਾ ਦਿੱਤਾ ਸੀ ਅਤੇ ਰੋਹਿਤ ਮੁਤਾਬਿਕ ਇਨ੍ਹਾਂ ਹਾਲਾਤ ਨੂੰ ਵੇਖਦੇ ਹੋਏ ਇਸ ਦਾ ਬਚਾਅ ਕੀਤਾ ਜਾ ਸਕਦਾ ਸੀ, ਪਰ ਮੈਦਾਨ ‘ਤੇ ਕੀਤੀ ਗਈ ਕੁੱਝ ਗ਼ਲਤੀਆਂ ਕਾਰਨ ਟੀਮ ਨੂੰ ਆਪਣੇ ਇਸ ਵਿਰੋਧੀ ਖ਼ਿਲਾਫ਼ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਛੋਟੇ ਸਕੋਰ ਦਾ ਕੀਤਾ ਜਾ ਸਕਦਾ ਸੀ ਬਚਾਅ
ਰੋਹਿਤ ਨੇ ਮੈਚ ਤੋਂ ਬਾਅਦ ਇੱਕ ਪ੍ਰੈੱਸ ਕਾਨਫ਼ਰੰਸ ‘ਚ ਕਿਹਾ, ”ਇਸ ਸਕੋਰ ਦਾ ਬਚਾਅ ਕੀਤਾ ਜਾ ਸਕਦਾ ਸੀ, ਪਰ ਅਸੀਂ ਫ਼ੀਲਡਿੰਗ ਦੌਰਾਨ ਕਈ ਗ਼ਲਤੀਆਂ ਕੀਤੀਆਂ। ਸਾਡੇ ਖਿਡਾਰੀ ਥੋੜ੍ਹਾ ਘੱਟ ਅਨੂਭਵੀ ਹਨ, ਪਰ ਉਹ ਇਸ ਤੋਂ ਸਬਕ ਲੈਣਗੇ। ਸ਼ਾਇਦ ਅਗਲੀ ਵਾਰ ਉਹ ਇਹ ਗ਼ਲਤੀਆਂ ਨਾ ਕਰਨ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੱਡਾ ਸਕੋਰ ਨਾ ਬਣਾਉਣਾ ਅਤੇ ਫ਼ਿਰ ਆਪਣੇ ਮੁਕਾਬਲਤਨ ਅਤੇ ਛੋਟੇ ਸਕੋਰ ਦਾ ਬਚਾਅ ਨਾ ਕਰ ਪਾਉਣਾ ਭਾਰਤੀ ਟੀਮ ਦੀ ਕਮਜ਼ੋਰੀ ਬਣਦੀ ਜਾ ਰਹੀ ਹੈ। ਭਾਰਤ ਜਿਨ੍ਹਾਂ ਪਿਛਲੇ ਸੱਤ T-20 ਮੈਚਾਂ ‘ਚ ਸਕੋਰ ਦਾ ਬਚਾਅ ਕਰਨ ਉਤਰਿਆ ਉਨ੍ਹਾਂ ‘ਚੋਂ ਪੰਜ ‘ਚ ਉਸ ਨੂੰ ਅਸਫ਼ਲਤਾ ਹੱਥ ਲੱਗੀ। ਭਾਰਤ ਇਸ ਮੈਚ ‘ਚ ਦੋ ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਖ਼ਲੀਲ ਅਹਿਮਦ ਅਤੇ ਤਿੰਨ ਸਪਿਨਰਾਂ ਯੂਜ਼ਵੇਂਦਰ ਚਹਿਲ, ਕੁਰਣਾਲ ਪੰਡਯਾ ਅਤੇ ਵਾਸ਼ਿੰਗਟਨ ਸੁੰਦਰ ਦੇ ਨਾਲ ਉਤਰਿਆ ਸੀ। ਚਹਿਲ ਨੂੰ ਛੱਡ ਕੇ ਕੋਈ ਵੀ ਹੋਰ ਗੇਂਦਬਾਜ਼ ਬੱਲੇਬਾਜ਼ਾਂ ‘ਤੇ ਦਬਾਅ ਨਹੀਂ ਬਣਾ ਸਕਿਆ।
ਰਣਨੀਤੀ ਮੁਤਾਬਿਕ ਕਰਨੀ ਹੋਵੇਗੀ ਗੇਂਦਬਾਜ਼ੀ
ਰੋਹਿਤ ਨੇ ਕਿਹਾ, ਇਹ ਖਿਡਾਰੀ ਪਿਛਲੇ ਕੁੱਝ ਸਮੇਂ ਤੋਂ ਸਾਡੇ ਲਈ ਇਸ ਫ਼ੌਰਮੈਟ ‘ਚ ਖੇਡ ਰਹੇ ਹਨ। ਖ਼ਲੀਲ ਅਤੇ ਦੀਪਕ ਵੀ ਹਨ। ਸ਼ਰਦੁਲ (ਠਾਕੁਰ) ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ। ਸਾਡੇ ਗੇਂਦਬਾਜ਼ ਚੰਗੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਸਿੱਖਣਾ ਹੋਵੇਗਾ ਕਿ ਸਕੋਰ ਦਾ ਬਚਾਅ ਕਿਵੇਂ ਕਰਨਾ ਹੈ। ਉਨ੍ਹਾਂ ਨੂੰ ਰਣਨੀਤੀ ਮੁਤਾਬਿਕ ਗੇਂਦਬਾਜ਼ੀ ਕਰਨੀ ਹੋਵੇਗੀ। ਇਸ ਤਰ੍ਹਾਂ ਦੇ ਮੈਚ ‘ਚ ਖੇਡਣ ਨਾਲ ਉਨ੍ਹਾਂ ਨੂੰ ਸਿੱਖ ਮਿਲੇਗੀ। ਉਹ ਪ੍ਰਤੀਭਾਸ਼ਾਲੀ ਹਨ। ਉਨ੍ਹਾਂ ‘ਚ ਵਾਪਸੀ ਕਰਨ ਦੀ ਸਮਰੱਥਾ ਹੈ। ਇਹ ਸਮਾਂ ਦੱਸੇਗਾ ਕਿ ਉਹ ਅਜਿਹਾ ਕਰ ਪਾਉਂਦੇ ਹਨ ਜਾਂ ਨਹੀਂ।
ਚਹਿਲ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹੈ ਰੋਹਿਤ
ਰੋਹਿਤ ਹਾਲਾਂਕਿ ਟੀਮ ‘ਚ ਵਾਪਸੀ ਕਰਨ ਵਾਲੇ ਲੈੱਗ ਸਪਿਨਰ ਚਹਿਲ ਦੇ ਪ੍ਰਦਰਸ਼ਨ ਨਾਲ ਖੁਸ਼ ਵਿਖਾਈ ਦਿੱਤਾ ਜਿਸ ਨੂੰ ਉਸ ਨੇ ਮੱਧ ਦੇ ਓਵਰਾਂ ਲਈ ਮਹੱਤਵਪੂਰਨ ਦੱਸਿਆ। ਉਸ ਨੇ ਕਿਹਾ, ”ਚਹਿਲ ਇਸ ਟੀਮ ਲਈ ਅਹਿਮ ਖਿਡਾਰੀ ਹੈ, ਅਤੇ ਉਸ ਨੇ ਵਿਖਾਇਆ ਕਿ ਮੱਧ ਦੇ ਓਵਰਾਂ ‘ਚ ਜਦ ਬੱਲੇਬਾਜ਼ ਡੱਟੇ ਹੋਏ ਸਨ ਤੱਦ ਉਹ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ। ਉਹ ਚੰਗੀ ਤਰ੍ਹਾਂ ਨਾਲ ਸਮਝਦਾ ਹੈ ਕਿ ਉਸ ਨੂੰ ਕੀ ਕਰਨਾ ਹੈ ਅਤੇ ਇਸ ਨਾਲ ਕਪਤਾਨ ਲਈ ਵੀ ਕੰਮ ਥੋੜ੍ਹਾ ਸੌਖਾ ਹੋ ਜਾਂਦਾ ਹੈ।”