ਬੌਲੀਵੁਡ ਦੇ ਬੇਮਿਸਾਲ ਅਦਾਕਾਰ ਹਨ ਰਣਵੀਰ ਸਿੰਘ ਜਿੰਨ੍ਹਾਂ ਦੀ ਊਰਜਾ ਦਾ ਲੈਵਲ ਹਰ ਸਮੇਂ ਸਿਖਰਾਂ ‘ਤੇ ਹੁੰਦਾ ਹੈ। ਰਣਵੀਰ ਸਿੰਘ ਪੰਜਾਬੀ ਗੀਤਾਂ ‘ਤੇ ਅਕਸਰ ਮਸਤੀ ਕਰਦੇ ਨਜ਼ਰ ਆਉਂਦੇ ਹਨ। ਇਸ ਵਾਰ ਉਨ੍ਹਾਂ ਇੱਕ ਵਾਰ ਫ਼ਿਰ ਇਨਸਟਾਗ੍ਰੈਮ ‘ਤੇ ਲਾਈਵ ਹੋ ਕੇ ਪੰਜਾਬੀ ਗੀਤ ‘ਤੇ ਖ਼ੂਬ ਮਸਤੀ ਕੀਤੀ। ਦੱਸ ਦਈਏ ਕਿ ਇਹ ਗੀਤ ਪੰਜਾਬੀ ਗਾਇਕ ਅਤੇ ਰੈਪਰ ਬੋਹੇਮੀਆ ਤੇ ਦੀਪ ਜੰਡੂ ਦਾ ਹੈ ਜੋ ਕਿ ਸਾਲ 2018 ‘ਚ ਆਇਆ ਸੀ। ਇਸ ਗੀਤ ਦਾ ਨਾਂ ਗੁੱਡ ਲਾਈਫ਼ ਹੈ ਜੋ ਕਾਫ਼ੀ ਹਿੱਟ ਸਾਬਿਤ ਹੋਇਆ ਸੀ।
ਦੀਪ ਜੰਡੂ ਨੇ ਰਣਵੀਰ ਸਿੰਘ ਦੇ ਲਾਈਵ ਦਾ ਛੋਟਾ ਜਿਹਾ ਕਲਿੱਪ ਆਪਣੇ ਇਨਸਟਗ੍ਰੈਮ ‘ਤੇ ਸ਼ੇਅਰ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਦਾ ਹਮੇਸ਼ਾ ਸਪੋਰਟ ਕਰਨ ਲਈ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਰਣਵੀਰ ਸਿੰਘ ਪੰਜਾਬੀ ਗੀਤਾਂ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਏ ਹਨ। ਪੰਜਾਬੀ ਸੰਗੀਤ ਦੀ ਪ੍ਰਸਿੱਧੀ ਦਾ ਇਸ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਜ਼ਿਆਦਾਤਰ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ‘ਚ ਪੰਜਾਬੀ ਗੀਤ ਸੁਣਨ ਨੂੰ ਜ਼ਰੂਰ ਮਿਲਦੇ ਹਨ। ਦੱਸਣਯੋਗ ਹੈ ਕਿ ਬੌਲੀਵੁਡ ਦੇ ਵੱਡੇ ਸਿਤਾਰਿਆਂ ਦੀ ਮਨਪਸੰਦ ਦੀ ਲਿਸਟ ‘ਚ ਵੀ ਪੰਜਾਬੀ ਗੀਤ ਸਭ ਤੋਂ ਉੱਪਰ ਰਹਿੰਦੇ ਹਨ। ਦੀਪ ਜੰਡੂ ਅਤੇ ਬੋਹੇਮੀਆ ਦੇ ਇਸ ਗੀਤ ਦੀ ਗੱਲ ਕਰੀਏ ਤਾਂ ਇਹ ਗੀਤ ਸਾਲ 2018 ‘ਚ ਰਿਲੀਜ਼ ਹੋਇਆ ਸੀ ਜਿਸ ਨੂੰ ਹੁਣ ਤੱਕ ਯੂਟਿਊਬ ‘ਤੇ 26 ਮਿਲੀਅਨ ਤੋਂ ਵੱਧ ਵਿਊਜ਼ ਹਾਸਿਲ ਹੋ ਚੁੱਕੇ ਹਨ।